ਲੱਖਾ ਸਿਧਾਨਾ ਅਤੇ ਉਸ ਨਾਲ ਜੁੜੀ ਹੋਈ ਨੌਜਵਾਨ ਫੋਰਸ ਨੂੰ ਨਾਲ ਲੈਕੇ ਅੱਗੇ ਚੱਲਾਂਗੇ - ਕਿਸਾਨ ਮੋਰਚੇ ਦਾ ਅਹਿਮ ਐਲਾਨ
ਭਲਕੇ 3 ਅਪ੍ਰੈਲ ਨੂੰ ਪੰਜਾਬ 'ਚ ਦਾਖ਼ਲ ਹੋਵੇਗੀ 'ਮਿੱਟੀ ਸੱਤਿਆਗ੍ਰਹਿ ਯਾਤਰਾ'
- ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਕਰ ਰਹੇ ਹਨ ਅਗਵਾਈ
ਨਵੀਂ ਦਿੱਲੀ, 1 ਅਪ੍ਰੈਲ 2021: ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ " ਕਿਸਾਨ ਅੰਦੋਲਨ ਨੂੰ ਤੇਜ ਕਰਨ ਲਈ ਲੱਖਾ ਸਿਧਾਨਾ ਅਤੇ ਉਸ ਨਾਲ ਜੁੜੀ ਹੁਇ ਨੌਜਵਾਨ ਫੋਰਸ ਨੂੰ ਨਾਲ ਲੈਕੇ ਅਗੇ ਵਧਿਆ ਜਾਵੇਗਾ।
ਮੋਰਚੇ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਇਸ ਨੂੰ ਬਾਕਾਇਦਾ ਇਕਕ ਅਹਿਮ ਨਿਰਣੇ ਵਜੋਂ ਦਰਜ ਕੀਤਾ ਗਿਆ ਹੈ ।
ਮੋਰਚੇ ਦੇ ਪ੍ਰੈਸ ਨੋਟ ਦਾ ਮੂਲ ਇਸ ਪ੍ਰਕਾਰ ਹੈ :
ਕਿਸਾਨਾਂ ਵੱਲੋਂ ਭਾਜਪਾ ਅਤੇ ਇਸਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਲਗਤਾਰ ਸ਼ਾਂਤਮਈ ਤਰੀਕੇ ਨਾਲ ਸਮਾਜਿਕ ਬਾਈਕਾਟ ਜਾਰੀ ਹੈ। ਅੱਜ ਜਦੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹਿਸਾਰ ਪਹੁੰਚੇ ਤਾਂ ਕਿਸਾਨਾਂ ਵੱਲੋਂ ਭਾਰੀ ਵਿਰੋਧ ਹੋਇਆ। ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਨੂੰ ਏਅਰਪੋਰਟ ਦੇ ਨਿਰਧਾਰਤ ਰਸਤੇ ਤੋਂ ਬਾਹਰ ਨਹੀਂ ਆਉਣ ਦਿੱਤਾ।
ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਡਬਲੀ ਟੋਲ ਪਲਾਜ਼ਾ ਵਿਖੇ ਕਿਸਾਨਾਂ ਨੇ ਪੀਲੀਬੰਗਾ ਦੇ ਵਿਧਾਇਕ ਧਰਮਿੰਦਰ ਸਿੰਘ ਦਾ ਘਿਰਾਓ ਕੀਤਾ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸਯੁੰਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਕਿਸਾਨ ਅੰਦੋਲਨ ਨੂੰ ਤੇਜ ਕਰਨ ਲਈ ਲੱਖਾ ਸਿਧਾਨਾ ਅਤੇ ਉਸ ਨਾਲ ਜੁੜੀ ਹੁਇ ਨੌਜਵਾਨ ਫੋਰਸ ਨੂੰ ਨਾਲ ਲੈਕੇ ਅਗੇ ਵਧਿਆ ਜਾਵੇਗਾ। ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ, ਆਗੂਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨੀ ਘੋਲ ਨੂੰ ਮਜਬੂਤ ਕਰਨ ਲਈ ਇਸ ਮਸਲੇ ਨੂੰ ਹੱਲ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਐਫਸੀਆਈ ਬਚਾਓ ਦਿਵਸ 5 ਅਪ੍ਰੈਲ ਨੂੰ ਮਨਾਇਆ ਜਾਵੇਗਾ। ਦੇਸ਼ ਭਰ ਦੇ ਐਫਸੀਆਈ ਦਫਤਰਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਘੇਰਿਆ ਜਾਵੇਗਾ। ਆਗੂਆਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਅੰਨ ਪੈਦਾ ਕਰਨ ਵਾਲੇ ਅਤੇ ਅੰਨ ਖਾਵਣ ਵਾਲੇ ਦੋਵਾਂ ਲਈ ਭਵਿੱਖ ਦੀ ਗੱਲ ਹੈ, ਇਸ ਲਈ ਇਸ ਦਿਨ ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ 'ਚ ਹਿੱਸਾ ਲਓ। ਕਿਸਾਨਾਂ ਦੀ ਮੰਗ ਹੈ ਕਿ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦਿੱਤੀ ਜਾਵੇ ਅਤੇ ਰਾਸ਼ਨ ਸਿਸਟਮ ਸੁਚਾਰੂ ਢੰਗ ਨਾਲ ਚਲਾਇਆ ਜਾਵੇ।
ਅਸੀਂ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਸੰਸਦ ਮੇਂਬਰਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਦੀ ਬੇਨਤੀ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚਾ ਨੇ ਇਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਤੀਫੇ ਤੋਂ ਲੈਕੇ ਕਿਸੇ ਵੀ ਤਰਾਂ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਸਕਦੇ ਹਨ।
ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼-ਭਰ ਦੇ ਲੋਕਾਂ ਨੂੰ ਜੋੜਨ ਦੇ ਉਦੇਸ਼ ਨਾਲ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਦੀ ਅਗਵਾਈ 'ਚ ਕੱਢੀ ਜਾ ਰਹੀ 'ਮਿੱਟੀ-ਸੱਤਿਆਗ੍ਰਹਿ ਯਾਤਰਾ' ਭਲਕੇ 3 ਅਪ੍ਰੈਲ ਨੂੰ ਪੰਜਾਬ 'ਚ ਦਾਖ਼ਲ ਹੋਵੇਗੀ, ਪੰਜਾਬ 'ਚ ਦਾਖ਼ਲੇ ਉਪਰੰਤ ਯਾਤਰਾ ਦਾ ਪੜਾਅ ਮਾਨਸਾ ਵਿਖੇ ਹੋਵੇਗਾ। 4 ਅਪ੍ਰੈਲ ਨੂੰ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਵਿਖੇ ਇਹ ਯਾਤਰਾ ਪਹੁੰਚੇਗੀ, ਸ਼ਹੀਦਾਂ ਦੀ ਧਰਤੀ ਤੋਂ ਮਿੱਟੀ ਇਕੱਠੀ ਕਰਨ ਉਪਰੰਤ 5 ਅਪ੍ਰੈਲ ਨੂੰ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਇਹ ਯਾਤਰਾ 6 ਅਪ੍ਰੈਲ ਨੂੰ ਟਿਕਰੀ ਅਤੇ ਸਿੰਘੂ ਕਿਸਾਨ-ਮੋਰਚਿਆਂ 'ਤੇ ਸਮਾਪਤ ਹੋਵੇਗੀ।
12 ਮਾਰਚ ਤੋਂ ਸ਼ੁਰੂ ਹੋਈ ਇਹ ਯਾਤਰਾ ਪਿੰਡ ਤੱਕ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ 6 ਅਪ੍ਰੈਲ ਤੱਕ ਕੀਤੀ ਜਾ ਰਹੀ ਹੈ। ਯਾਤਰਾ ਦੌਰਾਨ ਹੁਣ ਤੱਕ 16 ਰਾਜਾਂ ਦੇ ਇਤਿਹਾਸਕ ਸਥਾਨਾਂ ਤੋਂ ਮਿੱਟੀ ਇਕੱਠੀ ਕੀਤੀ ਜਾ ਚੁੱਕੀ ਹੈ। ਇਕੱਠੀ ਕੀਤੀ ਮਿੱਟੀ ਤੋਂ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ।