ਅਸ਼ੋਕ ਵਰਮਾ
ਚੰਡੀਗੜ੍ਹ, 26 ਮਾਰਚ 2021 - ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਬਾਰਡਰਾਂ ‘ਤੇ ਦਿਨੇ-ਰਾਤ ਮੋਰਚਿਆਂ ਦੇ 4 ਮਹੀਨੇ ਮੁਕੰਮਲ ਹੋਣ ‘ਤੇ ਸੰਘਰਸ਼ ਤੇਜ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 16 ਜਿਲ੍ਹਿਆਂ ਵਿੱਚ ਸਵੇਰੇ 6 ਵਜੇ ਤੋਂ ਸ਼ਾਮੀਂ 6 ਵਜੇ ਤੱਕ 46 ਥਾਈਂ ‘ਤੇ ਸੜਕਾਂ ਅਤੇ 4 ਜਗ੍ਹਾ ਰੇਲਾਂ ਜਾਮ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਥਾਂਵਾਂ ‘ਤੇ ਕੁੱਲ ਮਿਲਾ ਕੇ ਲੱਖ ਤੋਂ ਉੱਪਰ ਕਿਸਾਨ ਮਜ਼ਦੂਰ ਮਰਦ ਔਰਤਾਂ ਅਤੇ ਨੌਜਵਾਨ ਮੁੰਡੇ ਕੁੜੀਆਂ ਸ਼ਾਮਲ ਹੋਏ। ਧਰਨਿਆਂ ‘ਚ ਪੁੱਜਣ ਤੋਂ ਪਹਿਲਾਂ ਕਸਬਿਆਂ ਸ਼ਹਿਰਾਂ ਵਿੱਚ ਮਾਰਚ ਕਰਕੇ ਲਏ ਗਏ ਜਾਇਜ਼ੇ ਮੁਤਾਬਕ ਸਾਰੇ ਕਾਰੋਬਾਰ ਬੰਦ ਕਰਨ ਪ੍ਰਤੀ ਲੋਕਾਂ ਦਾ ਹੁੰਗਾਰਾ ਲਾ-ਮਿਸਾਲ ਸੀ। ਤਿਆਰੀ ਲਾਮਬੰਦੀਆਂ ਵਿੱਚ ਸਹਿਯੋਗੀਆਂ ਵਜੋਂ ਖੇਤ ਮਜ਼ਦੂਰ, ਮੁਲਾਜ਼ਮ, ਵਕੀਲ, ਟ੍ਰਾਂਸਪੋਰਟਰ, ਸਾਹਿਤ ਸਭਿਆਚਾਰਕ ਕਾਮੇ, ਪੈਨਸ਼ਨਰ, ਛੋਟੇ ਕਾਰੋਬਾਰੀਏ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਧਰਨਿਆਂ ਵਿੱਚ ਵੀ ਸ਼ਮੂਲੀਅਤ ਕੀਤੀ।
ਵੱਖ ਵੱਖ ਥਾਂਵਾਂ ‘ਤੇ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਆਗੂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਸ਼ਿੰਗਾਰਾ ਸਿੰਘ ਮਾਨ, ਪਰਮਜੀਤ ਕੌਰ ਪਿੱਥੋ, ਸਰੋਜ ਕੁਮਾਰੀ ਦਿਆਲਪੁਰਾ,ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ ਸ਼ਾਮਲ ਸਨ। ਬੁਲਾਰਿਆਂ ਨੇ ਭਾਜਪਾ ਦੀ ਮੋਦੀ ਹਕੂਮਤ ਉੱਤੇ ਅਡਾਨੀ ਅੰਬਾਨੀ ਤੇ ਹੋਰ ਦਿਓਕੱਦ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਹੋਣ ਦਾ ਦੋਸ਼ ਲਾਇਆ। ਕਿਉਂਕਿ ਇਨ੍ਹਾਂ ਸਾਮਰਾਜੀਆਂ ਦੀ ਨੁਮਾਇੰਦਾ ਸੰਸਾਰ ਵਪਾਰ ਸੰਸਥਾ ਦੇ ਹੁਕਮਾਂ ਅਧੀਨ ਹੀ ਕਾਲੇ ਖੇਤੀ ਕਾਨੂੰਨ ਅਤੇ ਮਜ਼ਦੂਰ- ਮੁਲਾਜ਼ਮ-ਲੋਕ ਵਿਰੋਧੀ ਕਾਨੂੰਨ ਮੜ੍ਹੇ ਜਾ ਰਹੇ ਹਨ। ਖੇਤੀ ਜ਼ਮੀਨਾਂ ਸਮੇਤ ਦੇਸ਼ ਦੇ ਸਾਰੇ ਪੈਦਾਵਾਰੀ ਸੋਮੇ ਅਤੇ ਜਨਤਕ ਅਦਾਰੇ ਇਨ੍ਹਾਂ ਸਾਮਰਾਜੀ ਕੰਪਨੀਆਂ ਹਵਾਲੇ ਕਰਕੇ ਲੋਕਾਂ ਦੀ ਅੰਨ੍ਹੀ ਲੁੱਟ ਦੇ ਸਾਧਨ ਬਣਾਏ ਜਾ ਰਹੇ ਹਨ। ਇਨ੍ਹਾਂ ਵਿਰੁੱਧ ਸਾਰੇ ਪੀੜਤ ਲੋਕਾਂ ਦੀ ਦੇਸ਼ ਭਰ ਵਿੱਚ ਉੱਸਰ ਰਹੀ ਏਕਤਾ ਅਤੇ ਸੰਘਰਸ਼-ਸਾਂਝ ਕੇਂਦਰ ਸਰਕਾਰ ਦੇ ਇਨ੍ਹਾਂ ਦੇਸ਼-ਵਿਰੋਧੀ ਫੈਸਲਿਆਂ ਨੂੰ ਰੱਦ ਕਰਾਉਣ ਦਾ ਤਾਕਤਵਰ ਜੁਗਾੜ ਬਣ ਰਹੀ ਹੈ।
ਜਥੇਬੰਦੀ ਵੱਲੋਂ ‘ਦਿੱਲੀ ਕਟੜਾ ਐਕਸਪ੍ਰੈਸ ਵੇਅ' ਦੀ ਉਸਾਰੀ ਲਈ ਨਿੱਜੀ ਕੰਪਨੀ ਖਾਤਰ ਕੈਪਟਨ ਸਰਕਾਰ ਦੁਆਰਾ ਪੰਜਾਬ ਦੇ 25000 ਕਿਸਾਨਾਂ ਦੀ 26000 ਏਕੜ ਜ਼ਮੀਨ ਕੌਡੀਆਂ ਦੇ ਭਾਅ ਅਕਵਾਇਰ ਕਰਨ ਵਿਰੁੱਧ ਪੀੜਤ ਕਿਸਾਨਾਂ ਦੀ ਜਥੇਬੰਦੀ ਵੱਲੋਂ ਪਟਿਆਲਾ ਵਿਖੇ ਲਾਏ ਗਏ ਪੱਕੇ ਧਰਨੇ ਦੀ ਹਮਾਇਤ ਕੀਤੀ ਗਈ। ਜਥੇਬੰਦੀ ਦੇ ਅਗਲੇ ਪਰੋਗ੍ਰਾਮ ਮੁਤਾਬਕ 42 ਥਾਂਵਾਂ ‘ਤੇ ਮੋਦੀ ਭਾਜਪਾ ਸਾਮਰਾਜੀ ਗੱਠਜੋੜ ਵਿਰੁੱਧ ਧਰਨੇ ਬਾਦਸਤੂਰ ਜਾਰੀ ਰੱਖਦਿਆਂ 27 ਤੋਂ 31 ਮਾਰਚ ਤੱਕ ਕਿਲਾ ਰਾਏਪੁਰ ਵਿਖੇ ਅਡਾਨੀ ਦੀ ਖੁਸ਼ਕ ਬੰਦਰਗਾਹ ਦੇ ਦਿਨੇ-ਰਾਤ ਘਿਰਾਓ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 28 ਮਾਰਚ ਨੂੰ ਸਾਰੇ ਧਰਨਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ‘ਹੋਲੀ ਦਹਿਨ' ਤਿਉਹਾਰ ਮਨਾਇਆ ਜਾਵੇਗਾ। ਭਾਰਤ ਬੰਦ ਦੀ ਲਾ-ਮਿਸਾਲ ਸਫਲਤਾ ‘ਚ ਹਿੱਸਾ ਪਾਉਣ ਵਾਲੇ ਕਿਸਾਨਾਂ ਮਜਦੂਰਾਂ ਸਮੇਤ ਸਭਨਾਂ ਮਿਹਨਤਕਸ਼ ਲੋਕਾਂ ਦਾ ਧੰਨਵਾਦ ਕੀਤਾ ਗਿਆ।