ਅਸ਼ੋਕ ਵਰਮਾ
ਨਵੀਂ ਦਿੱਲੀ, 10ਅਪਰੈਲ2021:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਥੇਬੰਦੀ ਵੱਲੋ ਕੇ ਐਮ ਪੀ ( ਕੁੰਡਲੀ-ਮਾਨੇਸਰ-ਪਲਵਲ ) ਰੋਡ 'ਤੇ ਅੱਜ ਸਵੇਰੇ ਸਹੀ ਅੱਠ ਵਜੇ ਪੂਰੇ ਜ਼ੋਰ ਸ਼ੋਰ ਨਾਲ ਨਾਅਰੇਬਾਜ਼ੀ ਕਰਕੇ ਜਾਮ ਸ਼ੁਰੂ ਕਰ ਦਿੱਤਾ ਗਿਆ ਜੋ ਕੱਲ ਸਵੇਰੇ 8 ਵਜੇ ਤੱਕ ਜਾਰੀ ਰਹੇਗਾ।ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਮੋਦੀ ਸਰਕਾਰ ਇੱਕ ਭਰਮ ਪਾਲੀ ਬੈਠੀ ਸੀ ਜਿਸ ਨੂੰ ਕਿਰਤੀ ਲੋਕਾਂ ਨੇ ਗ਼ਲਤ ਸਾਬਤ ਕਰ ਦਿੱਤਾ ਹੈ।ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ ਅਤੇ ਸਾਂਭ - ਸੰਭਾਲ ਜ਼ੋਰਾਂ 'ਤੇ ਹੈ ਪਰ ਕਿਸਾਨ ਉਸੇ ਜੋਸ਼ ਨਾਲ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ।
ਉਨ੍ਹਾਂ ਕਿਹਾ ਕਿ ਕੇ ਐਮ ਪੀ ਰੋਡ 'ਤੇ ਲੱਗੇ ਜਾਮ ਦੌਰਾਨ ਕਿਰਤੀ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਤ ਕਰਦਾ ਹੈ ਕਿ ਕਿਸਾਨਾਂ ਨੇ ਇਸ ਹਾੜ੍ਹੀ ਦੀ ਫਸਲ ਦਾ ਬਹੁਤਾ ਫ਼ਿਕਰ ਨਾ ਕਰਦੇ ਹੋਏ ਸੰਘਰਸ਼ੀ ਅਖਾੜੇ ਨੂੰ ਪਹਿਲ ਦਿੱਤੀ ਹੈ ਤਾਂ ਜੋ ਆਉਣ ਵਾਲੀਆਂ ਫ਼ਸਲਾਂ ਅਤੇ ਨਸਲਾਂ ਦੇ ਵਜੂਦ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਾਹਿਬ ਜਿਨ੍ਹਾਂ ਅੰਦੋਲਨ ਲੰਬਾ ਹੋਵੇਗਾ ਉਨ੍ਹਾਂ ਹੀ ਕਿਰਤੀ ਲੋਕ ਵੱਧ ਤੋਂ ਵੱਧ ਲਾਮਬੰਦ ਹੋਣਗੇ ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਜਿਉਂ ਜਿਉਂ ਕੰਬਲੀ ਭਿੱਜਦੀ ਹੈ ਤਾਂ ਉਹ ਭਾਰੀ ਹੁੰਦੀ ਹੈ। ਬਿਲਕੁੱਲ ਇਸੇ ਤਰ੍ਹਾਂ ਇਸ ਅੰਦੋਲਨ ਨੇ ਵੀ ਕੇਂਦਰ ਦੀ ਭਾਜਪਾ ਸਰਕਾਰ ਦਾ ਭਾਰਤ ਦੇ ਨਕਸ਼ੇ ਤੋਂ ਨਾਮ ਨਿਸ਼ਾਨ ਖਤਮ ਕਰ ਦੇਣਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਹੀ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਭਰਮ ਸੀ ਕਿ ਨਵੇਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕੋਈ ਨਹੀਂ ਬੋਲੇਗਾ । ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਏ ਅੰਦੋਲਨ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਦੇ ਕਿਸਾਨਾਂ ਦੇ ਬਣੇ ਅੰਦੋਲਨ ਨੇ " ਮੋਦੀ ਹੈ ਤੋ ਮੁਮਕਿਨ ਹੈ" ਦਾ ਭਲੇਖਾ ਤੋੜ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੇ ਜ਼ੋਰ ਮੋਦੀ ਹਕੂਮਤ ਨੂੰ ਗੱਲਬਾਤ ਦਾ ਦੌਰ ਸ਼ੁਰੂ ਕਰਨਾ ਪਿਆ । ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਨੂੰਨ ਬਣਨ ਦੇ ਸਾਰ ਹੀ ਲਾਗੂ ਹੋਣ ਤੋਂ ਪਹਿਲਾਂ ਇਸਦਾ ਵਿਰੁੱਧ ਵਿਰੋਧ ਸ਼ੁਰੂ ਹੋ ਗਿਆ ਹੋਵੇ ਖੋਤੇ ਪੂਰੇ ਦੇਸ਼ ਦੇ ਵਿੱਚ ਅਤੇ ਦੂਜੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਵੇ ।
ਉਨ੍ਹਾਂ ਕਿਹਾ ਕਿ ਜੋ ਹਕੂਮਤਾਂ ਨੇ ਇਕ ਦੂਜੇ ਰਾਜਾਂ ਨਾਲ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਲੜਾ ਕੇ ਰਾਜ ਕੀਤਾ ਹੈ ਪਰ ਅੱਜ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਏਕਤਾ ਬਹੁਤ ਗੂੜ੍ਹੀ ਹੋ ਗਈ ਹੈ , ਪਿੰਡਾਂ ਵਿਚ ਹੋ ਰਹੇ ਇੱਕ ਦੂਜੇ ਨਾਲ ਲੜਾਈ ਝਗੜੇ ਅਤੇ ਧਰਮਾਂ ਦੇ ਵਿਤਕਰੇ ਟੁੱਟ ਕੇ ਆਪਸ ਵਿੱਚ ਵੱਡਾ ਭਾਈਚਾਰਕ ਏਕਾ ਉਸਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪੁਲੀਸ ਅਤੇ ਗੁੰਡਿਆਂ ਦੇ ਜ਼ੋਰ ਤੇ ਰਾਜ ਕਰਨ ਵਾਲਿਆਂਦੇ ਥਾਂ ਥਾਂ ਘਿਰਾਓ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਉਸ ਤੇ ਉਸ ਦੇ ਸੰਗਠਨ ਵਿਚ ਸ਼ਾਮਲ ਰਾਜਨੀਤਕ ਆਗੂਆਂ ਵੱਲੋਂ ਗੁੱਸੇ ਨਾਲ ਭਰੇ ਪੀਤੇ ਲੋਕਾਂ ਵਿੱਚ ਜਾਣ ਬੁੱਝ ਕੇ ਵਿਚਰਿਆ ਜਾ ਰਿਹਾ ਹੈ ਤਾਂ ਕਿ ਲੋਕ ਹਿੰਸਕ ਹੋ ਜਾਣ ਅਤੇ ਅੰਦੋਲਨ ਨੂੰ ਫੇਲ੍ਹ ਕੀਤਾ ਜਾ ਸਕੇ ।
ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਅਤੇ ਇਸ ਦੇ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਬਿਲਕੁਲ ਸ਼ਾਂਤਮਈ ਕਾਰਨ ਕਿਸੇ ਵੀ ਤਰ੍ਹਾਂ ਹਿੰਸਕ ਨਾ ਹੋਇਆ ਜਾਵੇ ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ ਦਰਸ਼ਨਪਾਲ ਸਿੰਘ ਨੇ ਸੰਯੁਕਤ ਮੋਰਚੇ ਵੱਲੋਂ ਉਲੀਕੇ ਗਏ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਦੱਸਦੇ ਹੋਏ ਕਿਹਾ ਕਿ ਤੇਰਾਂ ਅਪ੍ਰੈਲ ਨੂੰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ,ਚੌਦਾਂ ਅਪ੍ਰੈਲ ਨੂੰ ਸੰਵਿਧਾਨ ਬਚਾਓ ਦਾ ਦਿਨ ਮਨਾਇਆ ਜਾਵੇਗਾ ਇਸ ਤੋਂ ਬਿਨਾਂ ਉਨ੍ਹਾਂ ਨੇ ਮਈ ਦੇ ਪਹਿਲੇ ਪੰਦਰਵਾੜੇ ਤੱਕ ਦੇ ਦਿੱਤੇ ਸੱਦਿਆਂ ਦੀ ਜਾਣਕਾਰੀ ਦਿੱਤੀ ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸੜਕ ਜਾਮ ਦੌਰਾਨ ਇਕ ਮੋਰਚੇ ਤੋਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਾਉਣ ਲਈ ਅਗਲੇ ਐਕਸ਼ਨ ਦੇ ਦਿੱਤੇ ਅਲਟੀਮੇਟਮ ਦੇ ਦਬਾਅ ਤਹਿਤ ਪੁਲੀਸ ਨੂੰ ਉਨ੍ਹਾਂ ਨੂੰ ਛੱਡਣਾ ਪਿਆ । ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਦੇ ਸੱਦੇ ਤਹਿਤ ਤੇਰਾਂ ਅਪ੍ਰੈਲ ਨੂੰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ । ਇਸ ਘੋਲ ਨੂੰ ਹੋਰ ਮਜ਼ਬੂਤ ਕਰ ਲਈ ਸੰਯੁਕਤ ਮੋਰਚੇ ਵੱਲੋਂ ਵੱਖ ਵੱਖ ਥਾਵਾਂ ਤੇ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਤੇਰਾਂ ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਤਲਵੰਡੀ ਸਾਬੋ ਵਿਸਾਖੀ ਦੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਮਦਮਾ ਸਾਹਿਬ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਜ਼ਿਲ੍ਹਾ ਬਠਿੰਡਾ ਦਾ ਹੀ ਇਕੱਠ ਕੀਤਾ ਜਾਵੇਗਾ ।ਉਨ੍ਹਾਂ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੂੰ ਵਿਸਾਖੀ ਮੌਕੇ ਕੀਤੀ ਜਾ ਰਹੀ ਕਾਨਫਰੰਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ।ਅੱਜ ਦੀ ਸਟੇਜ ਤੋਂ ਸੱਤਪਾਲ ਸਿੰਘ,ਜਰਨੈਲ ਸਿੰਘ ਜਵੰਧਾ, ਪਰਮਜੀਤ ਕੌਰ ਕੋਟੜਾ ,ਅਮਰਜੀਤ ਸਿੰਘ ਸੈਦੋਕੇ, ਵਿਨੋਦ ਦਰਬੀ,ਸੁਮਿੱਤ ਸਿੰਘ,ਜਗਵੀਰ ਸਿੰਘ ਝੱਜਰ,ਅਨਿਲ ਨਾਦਲ,ਹਰਬੰਸ ਸਿੰਘ,ਅਮਰੀਕ ਸਿੰਘ ਗੰਢੂਆ,ਜੁਗਰਾਜ ਸਿੰਘ ਢੋਲਣ ਆਦਿ ਨੇ ਸੰਬੋਧਨ ਕੀਤਾ।