ਅਸ਼ੋਕ ਵਰਮਾ
ਨਵੀਂ ਦਿੱਲੀ, 18 ਮਾਰਚ 2021 - ਖੇਤੀ ਕਾਨੂੰਨਾਂ ਖ਼ਿਲਾਫ਼ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਲੱਗੀ ਬੀ ਕੇ ਯੂ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਸੰਬੋਧਨ ਕਰਦਿਆਂ ਗਿਆਨ ਪ੍ਰਕਾਸ਼ ਯਾਦਵ ਬਨਾਰਸ ( ਯੂ ਪੀ) ਨੇ ਕਿਹਾ ਕਿ ਕਿਸਾਨਾਂ ਦੁਆਰਾ ਆਪਣੇ ਪਾਲਤੂ ਦੁਧਾਰੂ ਪਸ਼ੂਆਂ ਰਾਹੀਂ ਪੈਦਾ ਕੀਤਾ ਕੁਦਰਤੀ ਸ਼ੁੱਧ ਦੁੱਧ ਛੱਬੀ ਸਤਾਈ ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦੋਂ ਕਿ ਕੰਪਨੀਆਂ ਦੁਆਰਾ ਪੈਕਟਾਂ 'ਚ ਤਿਆਰ ਕੀਤਾ ਦੁੱਧ ਛਪੰਜਾ ਰੁਪਏ ਪ੍ਰਤੀ ਲਿਟਰ ਵਿਕਦਾ ਹੈ।ਇਸੇ ਤਰ੍ਹਾਂ ਪੀਣ ਲਈ ਮੁਫ਼ਤ ਮਿਲਣ ਵਾਲਾ ਪਾਣੀ ਬੋਤਲਾਂ 'ਚ ਬੰਦ ਹੋ ਕੇ ਵੀਹ ਰੁਪਏ ਤੋਂ ਵੀ ਵੱਧ ਪ੍ਰਤੀ ਲਿਟਰ ਵਿਕ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਦੇਸ਼ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਜਾਂ ਕੋਈ ਹੋਰ ਆਪਣੀ ਕਿਰਤ ਨਾਲ ਉਤਪਾਦ ਪੈਦਾ ਕਰਦਾ ਹੈ ਤਾਂ ਉਸ ਨੂੰ ਆਪਣੀ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ ਪਰ ਜਦੋਂ ਇਹ ਕੰਪਨੀਆਂ ਦੇ ਕਬਜ਼ੇ ਵਿੱਚ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਮਨਮਰਜ਼ੀ ਦੇ ਰੇਟਾਂ 'ਤੇ ਵੇਚ ਰਹੀਆਂ ਹਨ। ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿਵੇਂ ਪੀਣ ਵਾਲਾ ਪਾਣੀ ਅਤੇ ਦੁੱਧ ਕੰਪਨੀਆਂ ਦੇ ਕਬਜ਼ੇ ਵਿੱਚ ਜਾ ਕੇ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਹੁਣ ਮੋਦੀ ਹਕੂਮਤ ਖੇਤੀ ਦੀ ਸਾਰੀ ਉਪਜ 'ਤੇ ਤਿੰਨ ਨਵੇਂ ਕਾਲੇ ਕਾਨੂੰਨਾ ਨੂੰ ਲਾਗੂ ਕਰ ਕੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਲਾਗੂ ਹੋਣ ਦੇ ਨਾਲ ਮਨੁੱਖ ਆਪਣੇ ਰਹਿਣ ਅਤੇ ਜ਼ਿੰਦਗੀ ਜਿਉਣ ਲਈ ਹਰ ਇੱਕ ਚੀਜ਼ ਦਾ ਕੰਪਨੀਆਂ ਦੇ ਮੁਥਾਜ ਹੋ ਜਾਵੇਗਾ।ਇਸ ਲਈ ਕਿਸਾਨਾਂ, ਮਜ਼ਦੂਰਾਂ ਅਤੇ ਦੇਸ਼ ਦੇ ਹਰ ਗ਼ਰੀਬ ਨਾਗਰਿਕ ਦੀ ਮੌਤ ਦੇ ਵਾਰੰਟ ਵਾਲੇ ਇੰਨ੍ਹਾਂ ਕਾਨੂੰਨਾਂ ਨੂੰ ਦਮ ਰੱਖ ਕੇ ਸੰਘਰਸ਼ ਰਾਹੀਂ ਹਰ ਹਾਲਤ ਵਾਪਸ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਮੁਜ਼ਾਹਰਾ ਲਹਿਰ ਦਿਵਸ ਮੌਕੇ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਟੇਜ ਤੋਂ ਸਨਮਾਨਿਤ ਕੀਤਾ ਜਾਵੇਗਾ।
ਅੱਜ ਦੀ ਸਟੇਜ ਤੋਂ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵਲੋਂ ਤੀਰਥ ਸਿੰਘ ਦੀ ਨਿਰਦੇਸ਼ਨਾ ਵਿੱਚ "ਮੈਂ ਦਿੱਲੀ ਤੋਂ ਦੁੱਲਾ ਬੋਲਦਾਂ ਹਾਂ " ਨਾਟਕ ਪੇਸ਼ ਕੀਤਾ ਗਿਆ।ਅੱਜ ਦੀ ਸਟੇਜ ਤੋਂ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜੀਤ ਸਿੰਘ ਰੰਗੂਵਾਲ, ਸੁਖਪਾਲ ਸਿੰਘ ਮਾਣਕ ਕਣਕਵਾਲ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਸੁਖਦੀਪ ਸਿੰਘ ਜੈ ਸਿੰਘ ਵਾਲਾ, ਸੁਖਵੰਤ ਸਿੰਘ ਵਲਟੋਹਾ,ਹਰਦੇਵ ਸਿੰਘ ਘੱਗਾ,ਹਰਿਆਣਾ ਤੋਂ ਬਾਲ ਕ੍ਰਿਸ਼ਨ ਜੀਂਦ ਅਤੇ ਬਹਾਦਰ ਕਿਸਾਨ ਸੰਗਰਾਮ ਸੰਮਤੀ ਅਜਾਦਗੜ੍ਹ ਉੱਤਰਪ੍ਰਦੇਸ਼ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਜੁਵਰਾਜ ਸਿੰਘ ਘੁੜਾਣੀ ਕਲਾਂ ਨੇ ਕੀਤਾ।