ਅਸ਼ੋਕ ਵਰਮਾ
ਨਵੀਂ ਦਿੱਲੀ, 27 ਮਾਰਚ 2021 - ਕਾਲੇ ਕਨੂੰਨਾਂ ਖਿਲਾਫ ਚੱਲ ਰਹੇ ਤਿੱਖੇ ਸ਼ੰਘਰਸ਼ ਦੌਰਾਨ ਸਰਕਾਰ ਕਰੋਨਾ ਦੀ ਨਵੀਂ ਪ੍ਰਜਾਤੀ ਨਾਲ ਲੋਕਾਂ ਵਿੱਚ ਦਹਿਸ਼ਤ ਫੈਲਾਅ ਰਹੀ ਹੈ । ਇਹ ਸ਼ਬਦ ਦਰਬਾਰਾ ਸਿੰਘ ਛਾਜਲਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਤੇ ਚਲਦੀ ਬੀਬੀ ਗਲਾਬ ਕੌਰ ਸਟੇਜ ਤੋਂ ਕਹੇਂ। ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ਹੇਠ ਸਰਕਾਰ ਲੋਕਾਂ ਨੂੰ ਹਾੜ੍ਹੀ ਦੀ ਵਾਢੀ ਦੇ ਕਾਰਨ ਮੁੜ ਘਰਾਂ ਵਿੱਚ ਬੰਦ ਕਰਨਾ ਚਾਹੁੰਦੀ ਹੈ ਤੇ ਨਿਰਾਸ਼ ਕਰਕੇ ਅੱਗੇ ਤੋਂ ਇਕੱਠੇ ਹੋ ਕੇ ਹਾਕਮਾਂ ਵਿਰੁੱਧ ਕੋਈ ਲੜਾਈ ਨਾ ਵਿੱਢ ਸਕਣ ਦਾ ਸੁਪਨਾ ਵੀ ਪਾਲ ਰਹੀ ਹੈ।
ਯੁਵਰਾਜ ਸਿੰਘ ਘੁਡਾਣੀ ਨੇ ਨੌਜਵਾਨਾਂ ਨੂੰ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨੌਜਵਾਨ ਲਾਮਬੰਦ ਹੋਏ ਹਨ। ਸਰਕਾਰ ਨੂੰ ਚਿੰਤਾ ਹੈ ਕਿ ਨੌਜਵਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਸੰਘਰਸ਼ ਦੀ ਨਵੀਂ ਪਿਰਤ ਉਸਾਰੀ ਕਰਨਗੇ,ਕਰਜੇ ਤੇ ਖੁਦਕਸ਼ੀਆ ਤੋਂ ਵੀ ਰਾਹਤ ਦਿਵਾਉਣਗੇ ਅਤੇ ਸੰਘਰਸ਼ ਦੀ ਪੰਜਾਲ਼ੀ ਨੌਜਵਾਨ ਬਾਪੂਆਂ ਦੇ ਮੋਢਿਆਂ ਤੋਂ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਣਗੇ।
ਗੁਰਬਾਜ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਰਤਾਨਵੀ ਸਾਮਰਾਜ ਨੂੰ ਦੁਹਰਾਇਆ ਜਾ ਰਿਹਾ ਹੈ।ਨੌਜ਼ਵਾਨ ਦੇਸ਼ ਦਾ ਸਰਮਾਇਆ ਹਨ।ਆਉਣ ਵਾਲੇ ਸਮੇਂ ਵਿੱਚ ਨੌਜਵਾਨ ਵੱਧ ਤੋਂ ਵੱਧ ਲਾਮਬੰਦ ਹੋ ਕੇ ਸੰਘਰਸ਼ ਕਰਨ ਦਾ ਅਹਿਦ ਲੈਣ। ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਵੋਟ ਵਟੋਰੂ ਟੋਲੇ ਅਜੇ ਵੀ 2022 ਵਾਲੀਆਂ ਚੋਣਾਂ ਵਾਸਤੇ ਪੰਜਾਬ ਵਿੱਚ ਰੈਲੀਆਂ ਕਰਕੇ ਕਿਸਾਨ ਅੰਦੋਲਨ ਨੂੰ ਢਾਹ ਲਾ ਰਹੀਆਂ ਹਨ।ਉਪਰੋ ਕਿਸਾਨੀ ਮੱਦਦ ਦੀ ਰਾਜਨੀਤੀ ਖੇਡ ਰਹੀਆ ਹਨ ।ਅੱਜ ਦੀ ਸਟੇਜ ਤੋਂ ਸੱਤਪਾਲ ਸਿੰਘ ਫਾਜਲਿਕਾ, ਜਸਵੰਤ ਸਿੰਘ ਤੋਲਾਵਾਲ, ਗੁਰਭਗਤ ਸਿੰਘ ਭਲਾਈਆਣਾ, ਗੁਰਵਿੰਦਰ ਕੌਰ ਕਾਲੇਕੇ (ਬਰਨਾਲਾ) ਅਤੇ ਉੱਤਰਪ੍ਰਦੇਸ਼ ਤੋਂ ਗਿਆਨ ਪ੍ਰਕਾਸ਼ ਯਾਦਵ ਨੇ ਵੀ ਸੰਬੋਧਨ ਕੀਤਾ।