ਅਸ਼ੋਕ ਵਰਮਾ
ਬਠਿੰਡਾ, 26 ਮਾਰਚ2021:ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਭਾਰਤ ਬੰਦ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵਿਸ਼ਾਲ ਗਿਣਤੀ 'ਚ ਜੁੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਔਰਤਾਂ ਵੱਲੋਂ ਲੰਬੀ ਦੇ ਬੱਸ ਸਟੈਂਡ 'ਤੇ ਨੈਸ਼ਨਲ ਹਾਈਵੇ ਉੱਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ,ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ, ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਚੰਨੂੰ ਮਨੋਹਰ ਸਿੰਘ ਸਿੱਖਾਂਵਾਲਾ ਤੇ ਅਜਮੇਰ ਸਿੰਘ ਰੋੜਾਂਵਾਲੀ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਖੂਨਣ ਖੁਰਦ, ਬਿਜਲੀ ਮੁਲਾਜ਼ਮਾਂ ਦੇ ਆਗੂ ਸੱਤਪਾਲ ਬਾਦਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ ਤੇ ਨੌਜਵਾਨ ਕਿਸਾਨ ਆਗੂ ਜਗਦੀਪ ਸਿੰਘ ਖੁੱਡੀਆਂ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਕਾਂਗਰਸੀ ਲੀਡਰਾਂ ਵੱਲੋਂ ਕਿਸਾਨ ਆਗੂਆਂ ਖਿਲਾਫ ਦਰਜ ਕਰਵਾਏ ਕੇਸਾਂ ਦਾ ਨੋਟਿਸ ਲੈਂਦਿਆਂ ਬਾਜ ਆਉਣ ਦੀ ਚਿਤਾਵਨੀ ਦਿੱਤੀ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਲਈ ਮੌਜੂਦਾ ਖੇਤੀ ਕਾਨੂੰਨਾਂ ਨੂੰ ਜ਼ਬਰਦਸਤੀ ਕਿਸਾਨਾਂ 'ਤੇ ਲੱਦ ਰਹੀ ਹੈ। ਉਹਨਾਂ ਆਖਿਆ ਕਿ ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ, ਮਜ਼ਦੂਰਾਂ ਦਾ ਰੁਜ਼ਗਾਰ ਉਜਾੜਨ, ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ,ਐਫ਼ ਸੀ ਆਈ ਦਾ ਭੋਗ ਪਾਉਣ, ਜਨਤਕ ਵੰਡ ਪ੍ਰਣਾਲੀ ਦੀ ਸਫ ਵਲੇਟਣ, ਮਹਿੰਗਾਈ ਤੇ ਕਾਲਾਬਜ਼ਾਰੀ ਵਧਾਉਣ ਅਤੇ ਦੇਸ਼ 'ਚ ਭੁੱਖਮਰੀ ਵਰਗੀਆਂ ਆਫ਼ਤਾਂ ਨੂੰ ਲਿਆਉਣ ਦਾ ਸਾਧਨ ਬਣਨਗੇ। ਉਹਨਾਂ ਐਲਾਨ ਕੀਤਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ, ਪੂਰੇ ਮੁਲਕ 'ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਕਰਨ ,ਸਰਵ ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਅਤੇ ਹਾੜੀ ਦੇ ਸੀਜਨ ਦੇ ਬਾਵਜੂਦ ਵੀ ਚੱਲ ਰਹੇ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।
ਬੁਲਾਰਿਆਂ ਨੇ ਮੋਦੀ ਹਕੂਮਤ ਦੇ ਨਾਲ-ਨਾਲ ਪੰਜਾਬ ਦੀ ਕੈਪਟਨ ਸਰਕਾਰ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਇਸ ਇਲਾਕੇ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੇ ਕੋਝੇ ਹਥਕੰਡੇ ਵਰਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵੱਡੀ ਜਗੀਰਦਾਰੀ ਵਾਲੇ ਇਸ ਹਲਕੇ 'ਚ ਵਧ ਫੁੱਲ ਰਹੀ ਕਿਸਾਨ ਜਥੇਬੰਦੀ ਅਤੇ ਇਸਦੀ ਖੇਤ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਕਿਰਤੀ ਲੋਕਾਂ ਨਾਲ਼ ਪੈ ਰਹੀ ਜੋਟੀ ਪ੍ਰਮੁੱਖ ਕਾਂਗਰਸੀ ਆਗੂਆਂ ਤੇ ਲੋਕ ਦੋਖੀ ਤਾਕਤਾਂ ਦੀ ਅੱਖ 'ਚ ਰੋੜ ਵਾਂਗ ਰੜਕ ਰਹੀ ਹੈ ਅਤੇ ਉਨ੍ਹਾਂ ਵੱਲੋਂ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਤੇ ਦਲਜੀਤ ਸਿੰਘ ਮਿਠੜੀ ਬੁੱਧਗਿਰ ਨੂੰ ਸੰਗੀਨ ਅਤੇ ਝੂਠੇ ਕੇਸ 'ਚ ਫਸਾਉਣ ਲਈ ਤਾਣ ਲਾਇਆ ਜਾ ਰਿਹਾ ਹੈ ਜਦੋਂਕਿ ਕਿਸਾਨ ਆਗੂ ਦਲਜੀਤ ਸਿੰਘ ਉਤੇ ਹਮਲਾ ਕਰਨ ਵਾਲੇ ਇੱਕ ਕਾਂਗਰਸੀ ਸਰਪੰਚ ਨੂੰ ਬਚਾਇਆ ਜਾ ਰਿਹਾ ਹੈ। ਸਮੂਹ ਇਕੱਠ ਵੱਲੋਂ ਕਾਂਗਰਸੀ ਆਗੂਆਂ ਤੇ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਜਲਦੀ ਹੀ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਐਲਾਨ ਕਰਦਿਆਂ ਆਗੂਆਂ ਦੀ ਸੁਰੱਖਿਆ ਦਾ ਅਹਿਦ ਲਿਆ ਗਿਆ।