ਅਸ਼ੋਕ ਵਰਮਾ
ਨਵੀਂ ਦਿੱਲੀ, 7 ਅਪਰੈਲ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨਾਂ ਨੂੰ ਸਾਢੇ ਚਾਰ ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਰਤੀ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ । ਉਨ੍ਹਾਂ ਕਿਹਾ ਕਿ ਤਾਜੇ ਫੈਸਲੇ ਅਨੁਸਾਰ ਨਰਮਾ ਪੱਟੀ ਦੇ ਕਿਸਾਨਾਂ ਉਪਰ ਬੀ ਟੀ ਨਰਮੇ ਦੇ ਬੀਜਾਂ ਦੇ ਰੇਟਾਂ ਤੇ ਚੁਪ ਚੁਪੀਤੇ ਵਾਧਾ ਕਰਕੇ ਕਿਸਾਨਾਂ ਤੇ ਕਰੋੜਾਂ ਦਾ ਬੋਝ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਸਿੱਧੀ ਅਦਾਇਗੀ ਦਾ ਹੱਥਕੰਡਾ ਅਪਣਾ ਕੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਵਿੱਚ ਉਲਝਾਉਣਾ ਚਾਹੁੰਦੀ ਹੈ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਭੁਲੇਖੇ ਵਿੱਚ ਹੈ ਕਿ ਮੋਰਚਿਆਂ ਵਿੱਚ ਗਿਣਤੀ ਘਟ ਜਾਵੇਗੀ ਪਰ ਸਰਕਾਰ ਨੂੰ ਇਸ ਦੇ ਬਦਲਵੇਂ ਰੂਪ ਵਿੱਚ ਕਣਕ ਦੀ ਵਢਾਈ ਕਾਰਨ ਵਾਪਸ ਕਿਸਾਨ ਵਾਪਸ ਚਲੇ ਜਾਣਗੇ ਤਾਂ ਸਾਡੀਆਂ ਮਾਵਾਂ ਭੈਣਾਂ ਮੋਰਚੇ ਵਿੱਚ ਪਹੁੰਚ ਕੇ ਮੋਰਚੇ ਨੂੰ ਤਕੜਾਈ ਬਖਸ਼ਣਗੀਆਂ।
ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਅੱਜ ਸਾਡੀ ਲੜਾਈ ਤਿੰਨ ਕਾਨੂੰਨਾਂ ਤੋਂ ਵਧ ਕੇ ਫ਼ਸਲਾਂ ਤੇ ਨਸਲਾਂ ਦੀ ਬਣ ਗਈ ਹੈ ਤੇ ਸਾਡੀ ਹੋਂਦ ਦਾ ਮਸਲਾ ਬਣ ਗਿਆ ਹੈ ਇਹ ਲੜਾਈ ਨੂੰ ਜੁਆਨੀ ਜੋ ਬਲ ਬਖ਼ਸ਼ ਰਹੀ ਹੈ ਇਸ ਲਈ ਸਾਨੂੰ ਪੂਰੀ ੳਮੀਦ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤ ਕੇ ਨਿਕਲਾਂਗੇ ਅਤੇ ਹਾਕਮਾਂ ਦੀ ਹਾਰ ਹੋਵੇਗੀ ਜੋ ਹਾਕਮਾਂ ਨੂੰ ਭੁਲੇਖਾ ਸੀ ਕਿ ਜੁਆਨੀ ਨੂੰ ਅਸੀਂ ਨਸ਼ਿਆਂ ਤੇ ਬੇਰੁਜ਼ਗਾਰੀ ਵਿਚ ਧੱਕ ਦਿੱਤਾ ਹੈ ਉਹ ਕਦੇ ਵੀ ਆਪਣੇ ਹੱਕਾਂ ਪ੍ਰਤੀ ਚੇਤੰਨ ਨਹੀਂ ਹੋ ਸਕਦੇ ਤਾਂ ਨੌਜਵਾਨ ਨੇ ਦੱਸ ਦਿੱਤਾ ਹੈ ਕੀ ਜੇ ਕੋਈ ਸਾਡੀਆਂ ਫਸਲਾਂ ਤੇ ਨਸਲਾਂ ਤੇ ਡਾਕਾ ਮਾਰੂ ਤਾਂ ਅਸੀਂ ਉਸ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ ।
ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਜੋ ਸਰਕਾਰ ਸਾਡੇ ਤੇ ਜਬਰ ਕਰਕੇ ਸਾਡਾ ਸਬਰ ਪਰਖ ਰਹੀ ਹੈ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਸਾਡੇ ਉਹ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਦਿਨ ਹਨ ਜਿਨ੍ਹਾਂ ਨੇ ਕਿਰਤ ਦੀ ਪੁੱਗਤ ਦਾ ਰਾਜ ਸਿਰਜਣ ਲਈ ਅੰਤ ਦੀਆਂ ਕੁਰਬਾਨੀਆਂ ਦੇ ਦਿੱਤੀਆਂ । ਅੱਜ ਦੀ ਸਟੇਜ ਤੋਂ ਸਤਪਾਲ ਸਿੰਘ ਫਾਜ਼ਿਲਕਾ ,ਮੋਠੂ ਸਿੰਘ ਕੋਟੜਾ, ਹਰਬੰਸ ਸਿੰਘ ਕੋਟਲੀ, ਜਗਸੀਰ ਦੋਦੜਾ, ਗੁਰਵਿੰਦਰ ਸਿੰਘ ਸਦਰਪੁਰ ,ਰਣਜੀਤ ਸਿੰਘ ਰਾਜੂ ,ਸੂਬਾ ਪ੍ਰਧਾਨ ਗਰਾਮ ਸੰਮਤੀ ਰਾਜਸਥਾਨ , ਡਾ ਗਗਨਦੀਪ ਸਿੰਘ ਸਿੱਧੂ ਨੇ ਸੰਬੋਧਨ ਕੀਤਾ ।