ਅਸ਼ੋਕ ਵਰਮਾ
ਨਵੀਂ ਦਿੱਲੀ, 14 ਅਪਰੈਲ 2021 - ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਸਮਾਜ ਸੁਧਾਰ ਕਾਰਜਾਂ ਦੀ ਵਿਆਖਿਆ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਚਲਦੀ ਬੀਬੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਅੰਬੇਦਕਰ ਜੀ ਦੇ ਆਪਣੇ ਕਥਨ ਸਨ ਕਿ ਜੇ ਇਸ ਦੀ ਦੁਰਵਰਤੋਂ ਹੁੰਦੀ ਹੈ ਤਾਂ ਇਸ ਨੂੰ ਸਾੜਨ ਵਾਲਾ ਪਹਿਲਾ ਵਿਅਕਤੀ ਮੈਂ ਹੋਵਾਂਗਾ । ਉਨ੍ਹਾਂ ਨੂੰ ਪਹਿਲਾਂ ਹੀ ਸੰਕਾ ਸੀ ਕਿ ਦੇਸ਼ ਦੇ ਸ਼ਾਤਰ ਦਿਮਾਗ ਸਰਮਾਏਦਾਰ ਹਾਕਮ ਉਨ੍ਹਾਂ ਦੇ ਹੀ ਸੰਵਿਧਾਨ ਨੂੰ ਦੇਸ਼ ਦੀ ਕਿਰਤ ਜਮਾਤ ਦੀ ਰੱਤ ਨਿਚੋੜਨ ਦਾ ਸਾਧਨ ਬਣਾ ਲੈਣਗੇ।
ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਰਤੀ ਜਮਾਤ ਦੇ ਹੱਕ 'ਚ ਲਿਖੇ ਕਨੂੰਨ ਹਾਕਮ ਲਾਗੂ ਕਰਨਗੇ ਇਹ ਭੁਲੇਖੇ ਨੇ ਸਾਰੇ ਰੰਗਾਂ ਦੀਆਂ ਪਾਰਟੀਆਂ ਨੂੰ ਸੱਤਾ 'ਤੇ ਬਿਠਾ ਕੇ ਦੇਖ ਲਿਆ ਪਰ ਸਾਰੇ ਦੇ ਸਾਰੇ ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟ ਘਰਾਣਿਆਂ,ਪੂੰਜੀਪਤੀਆਂ ਅਤੇ ਜੰਗੀਰਦਾਰਾ ਦੇ ਹੱਕ ਵਿੱਚ ਹੀ ਭੁਗਤੇ।ਦੇਸ਼ ਦਾ ਕਿਸਾਨ,ਮਜ਼ਦੂਰ ਅਤੇ ਦੁਕਾਨਦਾਰ ਸਿੱਖਿਆ,ਸਿਹਤ ਸੁਰੱਖਿਆ ਅਤੇ ਸਨਮਾਨ ਤੋਂ ਵਿਰਵਾ ਕਰ ਦਿੱਤਾ ਹੈ।ਅੱਜ ਸਮਾਂ ਮੰਗ ਕਰਦਾ ਹੈ ਕਿ ਸਾਰੇ ਦੇਸ਼ ਦੇ ਕਿਸਾਨ,ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਦੇ ਵਾਰੇ- ਨਿਆਰੇ ਕਰਨ ਵਾਲੇ ਤਿੰਨੇ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹਨ।ਆਪਣੀ ਆਰਥਿਕ-ਮੁਕਤੀ ਅਤੇ ਰੁਜ਼ਗਾਰ ਬਚਾਉਣ ਲਈ ਦੇਸ਼ ਦੀ ਜਨਤਾ ਨੂੰ ਅੰਦੋਲਨ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕਣਕ ਦੀ ਕਟਾਈ ਸਾਂਭ- ਸੰਭਾਲ ਦਾ ਕੰਮ ਖ਼ਤਮ ਹੁੰਦਿਆਂ ਹੀ ਵੱਡੇ ਕਾਫ਼ਲਿਆਂ 'ਚ ਕਿਸਾਨ,ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਗੇ ਅਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰੱਖਣਗੇ ।ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬੂਟਾ ਪੱਖੋਕੇ, ਮਨਪ੍ਰੀਤ ਸਿੰਘੇਵਾਲਾ, ਬਿੱਟੂ ਮੱਲਣ, ਸੁਰਜੀਤ ਕੌਰ ਰੋਸ਼ਨ ਵਾਲਾ,ਬਹਾਦਰ ਸਿੰਘ, ਹਰਦਿਆਲ ਸਿੰਘ,ਪਰਮਜੀਤ ਕੌਰ ਕੋਟੜਾ,ਕੁਲਦੀਪ ਕੌਰ ਕੁੱਸਾ,ਮਜ਼ਦੂਰ ਆਗੂ ਅਮਰ ਸਿੰਘ ਕਾਲੇਕੇ, ਹਰਸ਼ਿੰਦਰ ਹਰਸ਼ ਅਤੇ ਜਗਸੀਰ ਜਵਾਰਕੇ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।