ਅਮਰੀਕਾ: ਭਾਰਤ ਵਿੱਚ ਕਿਸਾਨੀ ਸੰਘਰਸ਼ ਦੀ ਮੱਦਦ ਲਈ ਫਰਿਜ਼ਨੋ ਵਿਖੇ ਫੰਡ ਰੇਜ਼ਰ
ਗੁਰਿੰਦਰਜੀਤ ਨੀਟਾ ਮਾਛੀਕੇ
- ਇੱਕ ਲੱਖ ਡਾਲਰ ਤੋਂ ਵੱਧ ਦੀ ਡੋਨੇਸ਼ਨ ਹੋਈ ਇਕੱਠੀ
ਫਰਿਜ਼ਨੋ (ਕੈਲੀਫੋਰਨੀਆ) 6 ਜੂਨ 2021 - ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਰਕਾਰ ਨਾਲ ਦਰਜਨਾਂ ਦੌਰ ਦੀ ਗੱਲਬਾਤ ਮਗਰੋਂ ਵੀ ਇਸ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਹੈ। 180 ਦਿਨਾਂ ਤੋਂ ਜਾਰੀ ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਭਾਈਚਾਰੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਪਿਛਲੇ ਮਹੀਨਿਆਂ ਦੌਰਾਨ ਇਸ ਸਿਲਸਿਲੇ ਵਿਚ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰੀਆ, ਪਰ ਪਿਛਲੇ ਕੁਝ ਸਮੇਂ ਤੋਂ ਸਭ ਕੁਝ ਖਮੋਂਸ਼ ਚੱਲ ਰਿਹਾ ਸੀ।
ਲੰਮੀ ਚੁੱਪ ਮਗਰੋਂ ਫਰਿਜਨੋ ਕੈਲੀਫੋਰਨੀਆਂ ਤੋਂ ਪੰਜਾਬੀ ਭਾਈਚਾਰੇ ਨੇ ਇੱਕ ਵਾਰ ਫੇਰ ਪੰਜਾਬੀ ਭਰਾਵਾਂ ਨੂੰ ਹੋਕਰਾ ਮਾਰਕੇ ਭਾਰੀ ਇਕੱਠ ਕੀਤਾ ਅਤੇ ਸੰਘਰਸ਼ਸੀਲ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਨ ਲਈ ਫੰਡ ਰੇਜ਼ ਕੀਤਾ ਗਿਆ। ਇਸ ਮੌਕੇ ਹੰਭਲਾ ਮਾਰਦੇ ਹੋਏ ਪੰਜਾਬੀਆਂ ਨੇ ਲੱਖ ਡਾਲਰ ਤੋਂ ਉੱਪਰ ਦੀ ਰਾਸ਼ੀ ਇਕੱਤਰ ਕੀਤੀ। ਇਸ ਮੌਕੇ ਪ੍ਰੋਗ੍ਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ ਅਤੇ ਜੂਨ ਚੁਰਾਸੀ ਦੇ ਸਮੂੰਹ ਸ਼ਹੀਦਾਂ ਨੂੰ ਯਾਦ ਕਰਦਿਆ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਣ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ, ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾ ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜ਼ਲੀ ਦਿੱਤੀ ਗਈ।
ਇਸ ਮੌਕੇ ਬੋਲਣ ਵਾਲੇ ਬੁਲਾਰਿਆ ਨੇ ਕਿਹਾ ਕਿ ਫਰਿਜ਼ਨੋ ਏਰੀਆ ਦੁਨੀਆ ਭਰ ਵਿੱਚ ਖੇਤੀ ਦੀ ਹੱਬ ਕਰਕੇ ਜਾਣਿਆ ਜਾਂਦਾ ਹੈ, ਅਸੀਂ ਕਿਸਾਨੀ ਮੰਗਾ ਨੂੰ ਸਮਝਦੇ ਹਾਂ। ਇਸ ਸਮੇਂ ਇੰਡੀਆ ਭਰ ਵਿੱਚ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ‘ਤੇ ਹੈ, ਅਤੇ ਅਸੀਂ ਤਨੋਂ, ਮਨੋਂ ਅਤੇ ਧਨੋਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਹਾਂ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਭਾਵੇਂ ਇਸ ਤਰਾਂ ਮਹਿਸੂਸ ਕਰਵਾ ਰਹੀ ਹੈ ਕਿ ਕਿਸਾਨੀ ਅੰਦੋਲਨ ਨਾਲ ਸਾਨੂੰ ਕੋਈ ਫਰਕ ਨਹੀਂ ਪਿਆ, ਪਰ ਸਰਕਾਰ ਦੀ ਅੰਦਰੋ ਅੰਦਰੀ ਨੀਂਦ ਹਰਾਮ ਹੋਈ ਪਈ ਹੈ।
ਸਰਕਾਰ ਘਟੀਆ ਤੋ ਘਟੀਆ ਹਰਕਤਾਂ ਕਰਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਪਰ ਕਿਸਾਨ ਲੀਡਰ ਜਿਸ ਸੂਝ-ਬੂਝ ਨਾਲ ਅੰਦੋਲਨ ਨੂੰ ਚਲਾ ਰਹੇ ਹਨ ਉਹਨਾਂ ਦੀ ਸੋਚ ਦੀ ਦਾਦ ਦੇਣੀ ਬਣਦੀ ਹੈ। ਬੁਲਾਰਿਆਂ ਨੇ ਕਿਹਾ ਕਿ ਜੇ ਭਾਜਪਾ ਦੇ ਰਥ ਦਾ ਕੰਡਿਆਲ਼ਾ ਫੜਕੇ ਰੋਕਿਆ ਤਾਂ ਇਹ ਪੰਜਾਬੀਆਂ ਨੇ ਰੋਕਿਆ ਅਤੇ ਇਹ ਅੰਦੋਲਨ ਮੋਦੀ ਸਰਕਾਰ ਦੇ ਕੰਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬੀ ਅਤੇ ਹਰਿਆਣਵੀ ਭਰਾਵਾਂ ਦੀਆਂ ਆਪਸੀ ਜੱਫੀਆਂ ਇਹ ਸਿੱਧ ਕਰਦੀਆਂ ਨੇ ਕਿ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਕਿਸਾਨ ਇੱਕ ਪਲੇਟਫ਼ਾਰਮ ਤੇ ਇਕੱਠੇ ਹਨ ਅਤੇ ਇਸ ਅੰਦੋਲਨ ਦਾ ਅਸਰ ਪੂਰੇ ਮੁਲਕ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰਬੰਧਕ ਅਮੋਲਕ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਇਹ ਪੈਸਾ ਸਿੱਧਾ ਕਿਸੇ ਵੀ ਸੰਸਥਾ ਜਾ ਵਿਅੱਕਤੀ ਵਿਸ਼ੇਸ਼ ਨੂੰ ਨਹੀਂ ਦਿੱਤਾ ਜਾਵੇਗਾ, ਸਗੋਂ ਇੱਕ ਕਮੇਟੀ ਬਣਾਕੇ ਉਹਨਾਂ ਜ਼ੁੰਮੇਵਾਰੀ ਦੇਵਾਂਗੇ ਕਿ ਕਿਹੜੇ ਬਾਰਡਰ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਅਤੇ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਇੱਕ ਇੱਕ ਪੈਂਨੀ ਸਹੀ ਥਾਂ ਤੇ ਲੱਗੇਗੀ। ਅਖੀਰ ਵਿੱਚ ਉਹਨਾਂ ਸਭਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਤਰਲੋਚਨ ਸਿੰਘ ਦੁਪਾਲਪੁਰ,ਗੁਰਬਖਸ਼ੀਸ਼ ਸਿੰਘ ਗਰੇਵਾਲ, ਗੁਲਿੰਦਰ ਗਿੱਲ, ਅਵਤਾਰ ਗਰੇਵਾਲ, ਸੁਰਿੰਦਰ ਮੰਡਾਲੀ, ਦਲਜੀਤ ਰਿਆੜ, ਸਾਧੂ ਸਿੰਘ ਸੰਘਾ, ਪ੍ਰਗਟ ਸਿੰਘ ਧਾਲੀਵਾਲ, ਮਨਦੀਪ ਸਿੰਘ ਬਿਲਗਾ, ਜੱਗੀ ਟੁੱਟ, ਵਰਿੰਦਰ ਸਿੰਘ ਗੋਲਡੀ, ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਪਰਮਜੀਤ ਹੇੜੀਆਂ, ਸੁਖਬੀਰ ਭੰਡਾਲ, ਮਿੱਕੀ ਸਰਾਂ, ਗੁਰਨੇਕ ਸਿੰਘ ਬਾਗੜੀ ,ਡਾ. ਮਲਕੀਤ ਸਿੰਘ ਕਿੰਗਰਾ, ਧਰਮਵੀਰ ਥਾਂਦੀ ਅਤੇ ਸਮਰਵੀਰ ਸਿੰਘ ਵਿਰਕ ਆਦਿ ਨੇ ਆਪਣੇ ਵਿਚਾਰ ਰੱਖੇ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।