ਆਰ ਐਮ ਪੀ ਆਈ ਵੱਲੋਂ ਮੋਦੀ ਸਰਕਾਰ ਖਿਲਾਫ ਸੰਘਰਸ਼ ਲਾਮਬੰਦ ਕਰਨ ਦਾ ਫੈਸਲਾ
ਅਸ਼ੋਕ ਵਰਮਾ
ਜਲੰਧਰ,2 ਮਈ2021: ਵਰਤਮਾਨ ਕੌਮਾਂਤਰੀ ਅਤੇ ਕੌਮੀ ਰਾਜਸੀ ਅਵਸਥਾ ਸੰਬੰਧੀ ਪਾਰਟੀ ਦੇ ਦਿ੍ਰਸ਼ਟੀਕੋਣ ਦੀ ਵਿਆਖਿਆ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ’ਚ ਮੀਟਿੰਗ ਹੋਈ ਜਿਸ ’ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਮੂਲੀਅਤ ਕੀਤੀ। ਸਕੱਤਰੇਤ ਨੇ ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਦੇ ਤਬਾਹਕੁੰਨ ਫਿਰਕੂ-ਫਾਸ਼ੀ ਵੱਖਵਾਦੀ ਏਜੰਡੇ, ਲੋਕਾਂ ਦਾ ਜੀਓਣਾ ਦੁੱਭਰ ਕਰਨ ਵਾਲੀਆਂ ਸਾਮਰਾਜ ਤੇ ਕਾਰਪੋਰੇਟ ਪੱਖੀ ਨੀਤੀਆਂ, ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ, ਕੋਰੋਨਾ ਮਹਾਮਾਰੀ ਦੌਰਾਨ ਮੋਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਹੰਕਾਰੀ ਬੋਲ ਬਾਣੀ ਤੇ ਤਾਨਾਸ਼ਾਹੀ ਰਵੱਈਏ ਖਿਲਾਫ਼ ਲੋਕ ਫਤਵਾ ਕਰਾਰ ਦਿੱਤਾ ।
ਸਕੱਤਰੇਤ ਨੇ ਚੋਣ ਕਮਿਸ਼ਨ ਵੱਲੋਂ ਮੋਦੀ ਸਰਕਾਰ ਸਾਹਵੇਂ ਕਥਿਤ ਸ਼ਰਮਨਾਕ ਸਮਰਪਣ ਦੀ ਵੀ ਡਟਵੀਂ ਨਿੰਦਿਆ ਕੀਤੀ ਹੈ। ਪਾਰਟੀ ਨੇ ਮਹਿਸੂਸ ਕੀਤਾ ਹੈ ਕਿ ਚੋਣ ਨਤੀਜੇ ਇਹ ਸਾਬਤ ਕਰਦੇ ਹਨ ਕਿ ਦੇਸ਼ ਦੇ ਬਹੁਗਿਣਤੀ ਵੋਟਰ ਸੰਘ-ਭਾਜਪਾ ਦੀ ਫਿਰਕੂ ਧਰੁਵੀਕਰਨ ਦੀ ਆੜ ਹੇਠ ਕਾਰਪੋਰੇਟ ਤੇ ਸਾਮਰਾਜੀ ਲੁੱਟ ਨੂੰ ਸੁਖਾਲਾ ਬਨਾਉਣ ਦੀ ਕੋਝੀ ਚਾਲ ਨੂੰ ਸਖਤ ਨਾਪਸੰਦ ਕਰਦੇ ਹਨ। ਮੀਟਿੰਗ ਦੌਰਾਨ ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ਦਾ ਪਰਚਮ ਬੁਲੰਦ ਰੱਖਣ ਵਾਲੇ ਪੱਛਮੀ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਦੇ ਲੋਕਾਂ ਨੂੰ ਸੰਗਰਾਮੀ ਮੁਬਾਰਕਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਚੋਣਾਂ ਜਿੱਤਣ ਲਈ ਮੋਦੀ ਸਰਕਾਰ ਅਤੇ ਸੰਘ-ਭਾਜਪਾ ਆਗੂਆਂ ਵੱਲੋਂ ਕੀਤੇ ਗਏ ਯਤਨਾਂ ਦੇ ਬਾਵਜੂਦ ਮਿਲੀ ਨਮੋਸ਼ੀ ਜਨਕ ਹਾਰ ਵਿੱਚ ਜਨ ਅੰਦੋਲਨ ਬਣ ਚੁੱਕੇ ਕਿਸਾਨ ਘੋਲ ਅਤੇ ਇਸ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਆਖਿਆ ਕਿ ਆਪਣੀ ਇਸ ਸ਼ਰਮਨਾਕ ਹਾਰ ਤੋਂ ਕੋਈ ਢੱੁਕਵਾਂ ਸਬਕ ਹਾਸਲ ਕਰ ਕੇ ਲੋਕ ਪੱਖੀ ਮੋੜਾ ਕੱਟਣ ਦੀ ਬਜਾਏ ਘੋਰ ਫਾਸ਼ੀਵਾਦੀ-ਤਾਨਾਸ਼ਾਹੀ ਖਾਸੇ ਵਾਲੀ ਮੋਦੀ ਸਰਕਾਰ ਵੱਲੋਂ ਲੋਕ ਹਿਤੈਸ਼ੀ ਸ਼ਕਤੀਆਂ ਖਿਲਾਫ਼ ਹੋਰ ਵਧੇਰੇ ਹਮਲਾਵਰ ਰੁਖ ਅਖ਼ਤਿਆਰ ਕਰਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ ਨਿੱਜੀਕਰਨ ਦੀ ਰਾਸ਼ਟਰ ਵਿਰੋਧੀ ਨੀਤੀ ਤਹਿਤ ਤਹਿਸ-ਨਹਿਸ ਹੋ ਚੁੱਕੇ ਜਨਤਕ ਸਿਹਤ ਸੇਵਾਵਾਂ ਦੇ ਢਾਂਚੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੋਈ ਯਤਨ ਕਰਨ ਦੀ ਥਾਂ ਮੋਦੀ ਸਰਕਾਰ ਮਹਾਮਾਰੀ ਨੂੰ ਫ਼ਿਰਕੂ ਧਰੁਵੀਕਰਣ ਦੇ ਹਥਿਆਰ ਵਜੋਂ ਵਰਤਣ ਦੇ ਲੋਕ ਮਾਰੂ ਰਾਹ ’ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ਭਰ ਵਿਚ ਹੋ ਰਹੀਆਂ ਅਜਾਈਂ ਮੌਤਾਂ ਤੇ ਲੋਕਾਂ ਨੂੰ ਦਰਪੇਸ਼ ਬੇਸ਼ੁਮਾਰ ਦੁਸ਼ਵਾਰੀਆਂ ਲਈ ਜ਼ਿੰਮੇਵਾਰ ਹੈ।
ਇਸ ਮੌਕੇ ਚਿਤਾਵਨੀ ਦਿੱਤੀ ਗਈ ਕਿ ਮੋਦੀ ਸਰਕਾਰ ਦੀ ਲੋਕਾਂ ਨੂੰ ਤਿਲ ਤਿਲ ਕੇ ਮਰਨ ਲਈ ਮਜ਼ਬੂਰ ਕਰਕੇ ਲੋਕ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਦੀ ਨਿਰਦਈ ਪਹੁੰਚ ਦੇ ਬਹੁਤ ਭਿਅੰਕਰ ਨਤੀਜੇ ਸਾਹਮਣੇ ਆਉਣਗੇ। ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ, ਫਿਰਕੂ ਧਰੁਵੀਕਰਨ ਦੀ ਦੇਸ਼ ਵਿਰੋਧੀ ਸਾਜਿਸ਼ ਅਤੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੀ ਹੁਕੂਮਤੀ ਕਾਰਕਰਦਗੀ ਖਿਲਾਫ਼ ਅਸਰਦਾਰ ਸੰਘਰਸ਼ ਲਾਮਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਸਾਥੀ ਮੁਹੰਮਦ ਗਾਊਸ, ਡਾਕਟਰ ਜੋਗਿੰਦਰ ਦਿਆਲ, ਪਿ੍ਰੰਸੀਪਲ ਤਰਸੇਮ ਬਾਹੀਆ, ਸਾਥੀ ਗੁਰਮੀਤ ਕੌਰ ਬੈਨੀਪਾਲ ,ਹੋਰਨਾਂ ਕਮਿਊਨਿਸਟ ਆਗੂਆਂ ਅਤੇ ਕੋਰੋਨਾ ਮਹਾਮਾਰੀ ਕਾਰਣ ਪ੍ਰਾਣ ਤਿਆਗਣ ਵਾਲੇ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।