ਅਸ਼ੋਕ ਵਰਮਾ
ਬਠਿੰਡਾ,18 ਅਪਰੈਲ 2021: ਬਠਿੰਡਾ ਜਿਲ੍ਹੇ ਦੇ ਪਿੰਡ ਰਾਏਕੇ ਕਲਾਂ ’ਚ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰ ਨੂੰ ਬੰਦੀ ਬਨਾਉਣ ਪਿੱਛੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਖਰੀਦ ਕੇਂਦਰ ’ਚ ਪਿਛਲੇ ਕਈ ਦਿਨਾਂ ਤੋਂ ਕਣਕ ਵਿਕਣ ਨੂੰ ਲੈਕੇ ਰੇੜਕਾ ਚੱਲਿਆ ਆ ਰਿਹਾ ਸੀ। ਇਸ ਅਨਾਜ ਮੰਡੀ ’ਚ ਪਹਿਲਾਂ ਖਰੀਦ ਦਾ ਜਿੰਮਾਂ ਭਾਰਤੀ ਖੁਰਾਕ ਨਿਗਮ ਨੂੰ ਦਿੱਤਾ ਗਿਆ ਸੀ ਜਿਸ ਵੱਲੋਂ ਕਣਕ ਖਰੀਦਣ ਤੋਂ ਟਾਲਾ ਵੱਟਣ ਨੂੰ ਲੈਕੇ ਕਿਸਾਨ ਅੰਦੋਲਨ ਕਰਦੇ ਆ ਰਹੇ ਸਨ। ਜਾਣਕਾਰੀ ਅਨੁਸਾਰ ਅੰਤ ਨੂੰ ਖੁਰਾਕ ਤੇ ਸਪਲਾਈ ਵਿਭਾਗ ਨੇ ਰਾਏਕੇ ਕਲਾਂ ’ਚ ਕਣਕ ਖਰੀਦਣ ਦੀ ਜਿੰਮੇਵਾਰੀ ਪਨਸਪ ਨੂੰ ਦੇ ਦਿੱਤੀ ਗਈ ਜਿਸ ਦਾ ਕੁਆਲਟੀ ਇੰਸਪੈਕਟਰ ਬੋਲੀ ਲਾਉਣ ਤੋਂ ਆਨਾਕਾਨੀ ਕਰਨ ਲੱਗਾ ਤਾਂ ਕਿਸਾਨ ਭੜਕ ਗਏ।
ਇਸ ਮੌਕੇ ਰੋਹ ’ਚ ਭਰੇ ਪੀਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਧਰਮਪਾਲ ਸਿੰਘ ਜੰਡੀਆਂ ਅਤੇ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਦੀ ਅਗਵਾਈ ਹੇਠ ਖਰੀਦ ਅਧਿਕਾਰੀ ਨੂੰ ਬੰਦੀ ਬਣਾ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਜੱਥੇਬੰਦਕ ਸੰਘਰਸ਼ ਦੇ ਜੋਰ ਤੇ 10ਹਜਾਰ ਗੱਟੇ ਕਣਕ ਦੀ ਬੋਲੀ ਲੁਆਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਵੋਟ ਬਟੋਰੂ ਪਾਰਟੀਆਂ ਦੀ ਥਾਂ ਕਣਕ ਦੀ ਖਰੀਦ ਦਾ ਕੰਮ ਕਿਸਾਨ ਆਗੂ ਅੰਗਰੇਜ ਸਿੰਘ ਤੋਂ ਸ਼ੁਰੂ ਕਰਵਾਇਆ ਹੈ। ਉਨ੍ਹਾਂ ਦੱਪਿਸਆ ਕਿ ਕੈਪਟਨ ਸਰਕਾਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਤੋਂ ਪਹਿਲਾ ਵੱਡੇ-ਵੱਡੇ ਦਮਗਜੇ ਮਾਰੇ ਸਨ ਕਿ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦਣ ਉਪਰੰਤ 48 ਘੰਟਿਆਂ ’ਚ ਭੁਗਤਾਨ ਕਰ ਦਿੱਤਾ ਜਾਏਗਾ ਪ੍ਰੰਤੂ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ।
ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਗਿੱਦੜਬਾਹਾ ਅਧੀਨ ਪੈਂਦੇ ਖਰੀਦ ਕੇਂਦਰ ਰਾਏ ਕੇ ਕਲਾਂ ’ਚ ਭੁਗਤਾਨ ਦੀ ਤਾਂ ਗੱਲ ਬੜੀ ਦੂਰ ਕਿਸਾਨਾਂ ਦੀਆਂ ਪਿਛਲੇ ਇਕ ਹਫ਼ਤੇ ਤੋਂ ਕਣਕ ਦੀ ਬੋਲੀ ਦੇ ਇੰਤਜ਼ਾਰ ’ਚ ਹੀ ਅੱਖਾਂ ਪੱਕ ਗਈਆਂ ਹਨ। ਖੁੱਲ੍ਹੇ ਅਸਮਾਨ ਹੇਠ ਕਣਕ ਦੇ ਅੰਬਾਰ ਲੱਗੇ ਪਏ ਹਨ ਇਕ ਵਾਰ ਤਾਂ ਕਣਕ ਤੇ ਮੀਂਹ ਵੀ ਪੈ ਗਿਆ ਹੈ। ਵੇਰਵਿਆਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਰਾਏ ਕੇ ਕਲਾਂ ਤੋਂ ਮਾਨਾ ਨੂੰ ਜਾਂਦੀ ਸੜਕ ਜਾਮ ਕੀਤੀ ਸੀ ਤਾਂ ਬਠਿੰਡਾ ਦੇ ਤਹਿਸੀਲਦਾਰ ਨੇ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਐਫ.ਸੀ.ਆਈ. ਦੇ ਨਾਲ-ਨਾਲ ਦੋ ਹੋਰ ਏਜੰਸੀਆਂ ਪਨਸਪ ਤੇ ਵੇਅਰ ਹਾਊਸ ਨੂੰ ਮੰਡੀ ਅਲਾਟ ਕਰ ਦਿੱਤੀ ਜਾਏਗੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸਭਰੋਸੇ ਤੋਂ ਬਾਅਦ ਪਹਿਲੇ ਦਿਨ ਪਨਸਪ ਦੇ ਇੰਸਪੈਕਟਰ ਖਰੀਦ ਕੇਂਦਰ ’ਚ ਪਹੁੰਚੇ ਸਨ ਪਰ ਜਦ ਉਹ ਕਣਕ ਦੀ ਬੋਲੀ ਲਾਉਣ ਬਗੈਰ ਵਾਪਸ ਜਾਣ ਲੱਗੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਕਿਸਾਨਾਂ ਮੰਗ ਕੀਤੀ ਕਿ ਜਿੰਨ੍ਹਾਂ ਸਮਾਂ ਕਣਕ ਨੂੰ ਬੋਲੀ ਨਹੀਂ ਲਾਈ ਜਾਂਦੀ ਉਨ੍ਹਾਂ ਸਮਾਂ ਉਹ ਇੰਸਪੈਕਟਰ ਨੂੰ ਕਿਸੇ ਵੀ ਕੀਮਤ ਤੇ ਜਾਣ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਇੰਸਪੈਕਟਰ ਨੇ ਪਹਿਲਾ ਦਿਨ ਹੋਣ ਕਰਕੇ ਕਣਕ ਦੀ ਗੱਲ ਆਖੀ ਸੀ ਪਰ ਘਿਰਾਓ ਤੋਂ ਬਾਅਦ ਬੋਲੀ ਲਾਉਣ ਲਈ ਸਹਿਮਤ ਹੋ ਗਏ ਜਿਸ ਦੇ ਚੱਲਦਿਆਂ ਦਸ ਹਜ਼ਾਰ ਗੱਟੇ ਖਰੀਦਣ ਤੋਂ ਬਾਅਦ ਹੀ ਕਿਸਾਨਾਂ ਨੇ ਘਿਰਾਓ ਖਤਮ ਕਰ ਦਿੱਤਾ।
ਡਰਾਮੇ ਕਰ ਰਹੀ ਸਰਕਾਰ:ਕਿਸਾਨ ਆਗੂ
ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਜਿਸ ਦਾ ਕਿਸਾਨਾਂ ਨੂੰ ਡਰ ਸੀ ਹੁਣ ਉਹ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਕਰਨ ਦੇ ਸਿਰਫ ਡਰਾਮੇ ਕਰ ਰਹੀ ਹੈ ਜਦੋਂਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਮੰਡੀਆਂ ’ਚ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਫਿਰ ਕਿਸਾਨਾਂ ਦੇ ਏਕੇ ਦੀ ਜਿੱਤ ਹੋਈ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਕਣਕ ਖਰੀਦਣ ਤੋਂ ਆਨਾ-ਕਾਨੀ ਕੀਤੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਸੰਘਰਸ਼ ਤੇ ਟੇਕ ਰੱਖਣ ਦਾ ਸੱਦਾ
ਕਿਸਾਨ ਆਗੂ ਧਰਮਪਾਲ ਸਿੰਘ ਜੰਡੀਆਂ ਦਾ ਕਹਿਣਾ ਸੀ ਕਿ ਹਾਲੇ ਤਾਂ ਖੇਤੀ ਕਾਨੂੰਨ ਲਾਗੂ ਨਹੀ ਹੋਏ ਹਨ ਤਾਂ ਇਹ ਹਾਲ ਹੈ ਅਤੇ ਜੇ ਕਿਧਰੇ ਹੋਂਦ ’ਚ ਆ ਗਏ ਤਾਂ ਕਿਸਾਨੀਂ ਰੁਲ ਜਾਏਗੀ। ਉਨ੍ਹਾਂ ਕਿਹਾ ਕਿ ਭਾਵੇਂ ਸਿਆਸਤਦਾਨ ਕਿਸਾਨਾਂ ਦੀ ਭਲਾਈ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਣ ਅਸਲ ’ਚ ਖੇਤੀ ਖੇਤਰ ਦੇ ਮਾਮਲੇ ’ਚ ਸਾਰੀਆਂ ਹੀ ਪਾਰਟੀਆਂ ਇੱਕ ਮੱਤ ਹਨ। ਉਨ੍ਹਾਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਨਿੱਤਰਨ ਅਤੇ ਸਿਆਸੀ ਲੋਕਾਂ ਤੋਂ ਝਾਕ ਛੱਡ ਕੇ ਸੰਘਰਸ਼ ਰਾਹੀਂ ਹੱਕ ਹਾਸਲ ਕਰਨ ਦਾ ਸੱਦਾ ਵੀ ਦਿੱਤਾ।