ਅਸ਼ੋਕ ਵਰਮਾ
ਬਠਿੰਡਾ,17ਅਪਰੈਲ2021:ਬਠਿੰਡਾ ਜਿਲ੍ਹੇ ਦੇ ਗੋਨਿਆਣਾ ਇਲਾਕੇ ’ਚ ਪੈਂਦੇ ਖਰੀਦ ਕੇਂਦਰਾਂ ਭੋਖੜਾ ਅਤੇ ਗੋਨਿਆਣਾ ਕਲਾਂ ’ਚ ਕਣਕ ਦੀ ਖਰੀਦ ਨਾਂ ਹੋਣ ਤੋਂ ਅੱਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਬਲਾਕ ਪ੍ਰਧਾਨ ਰੇਸ਼ਮ ਸਿੰਘ ਜੀਦਾ ਦੀ ਅਗਵਾਈ ਹੇਠ ਕੌਮੀ ਸੜਕ ਮਾਰਗ ਜਾਮ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਆਵਾਜਾਈ ’ਚ ਭਾਰੀ ਵਿਘਨ ਪੈ ਗਿਆ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਖੱਜਲਖੁਆਰ ਨਹੀਂ ਕਰਨਾ ਚਾਹੁੰਦੇ ਪਰ ਕਣਕ ਦੀ ਫਸਲ ਰੁਲਣ ਨੂੰ ਦੇਖਦਿਆਂ ਉਨ੍ਹਾਂ ਨੂੰ ਅੱਕ ਕੇ ਅਣਮਿਥੇ ਸਮੇਂ ਦਾ ਜਾਮ ਲਾਉਣ ਵਰਗਾ ਇਹ ਕਦਮ ਚੁੱਕਣਾ ਪਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕੀਤੀ ਹੈ ਪ੍ਰੰਤੂ ਭੋਖੜਾ ਅਤੇ ਗੋਨਿਆਣਾ ਕਲਾਂ ਦੇ ਖਰੀਦ ਕੇਂਦਰ ’ਚ ਹਾਲੇ ਤੱਕ ਇੱਕ ਦਾਣਾ ਵੀ ਨਹੀਂ ਖਰੀਦਿਆ ਹੈ ।
ਉਨ੍ਹਾਂ ਦੱਸਿਆ ਕਿ ਗੋਨਿਆਣਾ ਕਲਾਂ ਦੀ ਖਰੀਦ ਨੂੰ ਲੈ ਕੇ 14 ਅਪ੍ਰੈਲ ਨੂੰ ਵੀ ਯੂਨੀਅਨ ਨੇ ਗੋਨਿਆਣਾ ਕਲਾਂ ’ਚ ਰੋਸ ਧਰਨਾ ਦਿੱਤਾ ਸੀ ਜਿੱਥੇ ਅਧਿਕਾਰੀਆਂ ਵੱਲੋਂ ਬੋਲੀ ਲਗਾਉਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਖਰੀਦ ਸ਼ੁਰੂ ਨਹੀਂ ਕੀਤੀ ਗਈ । ਉਨ੍ਹਾਂ ਆਖਿਆ ਕਿ ਕਿਸੇ ਵੱਡੀ ਸਾਜਿਸ਼ ਤਹਿਤ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਲਈ ਮਜਬੂਰ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਏਗਾ। ਅੱਜ ਦੇ ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਸੁਖਵਿੰਦਰ ਸਿੰਘ, ਸ਼ਵਿੰਦਰਪਾਲ ਸਿੰਘ, ਹਰਜਿੰਦਰ ਮਾਨ, ਬਿਲਕਰਨ ਸਿੰਘ ਖੇਮੂਆਣਾ, ਸੁਖਦਰਸ਼ਨ ਸਿੰਘ ਖੇਮੂਆਣਾ, ਫਲੈਲ ਸਿੰਘ, ਰੇਸ਼ਮ ਸਿੰਘ ਜੀਦਾ, ਗਗਨਦੀਪ ਸਿੰਘ, ਭੋਲਾ ਸਿੰਘ ਅਤੇ ਬੱਗਾ ਸਿੰਘ ਨੇ ਸੰਬੋਧਨ ਕੀਤਾ ।
ਮਾਮਲੇ ਸਬੰਧੀ ਪੱਖ ਜਾਨਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਅਤੇ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੇ ਫੋਨ ਨਹੀਂ ਚੁੱਕਿਆ। ਬੀਕੇਯੂ ਮਾਨਸਾ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਦੱਸਿਆ ਕਿ ਅਧਿਕਾਰੀਆਂ ਵੱੱਲੋਂ ਖਰੀਦ ਬਦਲਣ ਅਤੇ ਢੁੱਕਵੇਂ ਢੰਗ ਨਾਲ ਕਣਕ ਖਰੀਦਣ ਦੇ ਭਰੋਸੇ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹੁਣ ਵੀ ਕਿਸਾਨਾਂ ਨੂੰ ਕੋਈ ਦਿੱਕਤ ਆਈ ਤਾਂ ਮੁੜ ਤੋਂ ਸੜਕਾਂ ਤੇ ਉਤਰਿਆ ਜਾਏਗਾ।