ਕਾਰਪੋਰੇਟਾਂ ਦੀ ਅੰਨ੍ਹੀ ਲੁੱਟ ਨੂੰ ਤੇਜ਼ ਕਰਨ ਲਈ ਲਿਆਂਦੇ ਹਨ ਖੇਤੀ ਕਾਨੂੰਨ -ਉਗਰਾਹਾਂ
ਅਸ਼ੋਕ ਵਰਮਾ
- ਹਰਿਆਣਾ ਦੇ ਪਿੰਡਾਂ ਚ ਕਾਲ਼ੇ ਝੰਡਿਆਂ ਨਾਲ ਕੀਤਾ ਮੋਟਰਸਾਈਕਲ ਮਾਰਚ
ਨਵੀਂ ਦਿੱਲੀ,26 ਮਈ 2021:ਟਿਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਕੌੜਾ ਚੌਕ ਵਿਖੇ ਵਿਸ਼ਾਲ ਗਿਣਤੀ 'ਚ ਜੁੜੇ ਮਰਦ ਔਰਤਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜਕੇ ਕਾਲ਼ਾ ਦਿਵਸ਼ ਮਨਾਇਆ ਗਿਆ ।ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਤੇ ਆਰ ਐਸ ਐਸ ਸਰਕਾਰ ਵੱਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਹੱਲੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹੀ ਕਾਲ਼ੇ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਨ੍ਹਾਂ ਦਾ ਮਕਸਦ ਕਿਸਾਨਾਂ ਤੋਂ ਜ਼ਮੀਨ ਖੋਹਕੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣਾ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਇਨ੍ਹਾਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਬਦੌਲਤ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ,ਬੇਰੁਜ਼ਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਜਬਰੀ ਨਿਚੋੜਕੇ ਭਰੇ ਖ਼ਜ਼ਾਨੇ ਨਾਲ਼ ਉਸਾਰੇ ਰੇਲਵੇ,ਹਵਾਈ ਅੱਡੇ, ਪੈਟਰੋਲੀਅਮ, ਖਾਣਾ ਤੇ ਥਰਮਲ ਵਰਗੇ ਪਬਲਿਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟਾ ਦੀ ਝੋਲੀ ਪਾਏ ਗਏ । ਉਹਨਾਂ ਆਖਿਆ ਕਿ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਵੱਲੋਂ ਦੇਸ਼ ਚ ਜਾਤਪਾਤੀ ਤੇ ਫਿਰਕੂ ਜਨੂੰਨ ਭੜਕਾਉਣ ਰਾਹੀਂ ਦਲਿਤਾਂ ਤੇ ਮੁਸਲਿਮ ਭਾਈਚਾਰੇ ਨੂੰ ਚੋਣਵੇਂ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ । ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਵਿਕਾਸ ਮਾਡਲ ਤੋਂ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ ਪੂਰੀ ਤਰ੍ਹਾਂ ਬੇਜ਼ਾਰ ਹੋਈ ਪਈ ਹੈ।
ਇਸੇ ਦੌਰਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਔਰਤ ਵਿੰਗ ਦੀ ਆਗੂ ਹਰਿੰਦਰ ਬਿੰਦੂ ਅਤੇ ਜ਼ਿਲ੍ਹਾ ਬਠਿੰਡਾ ਦੇ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿੱਚ ਨੌਜਵਾਨ ਦੇ ਕਾਫਲੇ ਵੱਲੋਂ ਕਾਲ਼ੇ ਝੰਡਿਆਂ ਨਾਲ ਹਰਿਆਣੇ ਦੇ ਪਿੰਡਾਂ ਮਾਜਰਾ,ਦਾਬੋਦਾ,ਦੁਲੇੜਾ,ਕਬਲਾਣਾ,ਝੱਜਰ ਸਹਿਰ,ਬਾਦਲੀ,ਮਾਜਰੀ,ਗੋਭਾਨਾ,ਸੋਲਦਾ ਅਤੇ ਨਿਆ ਗਾਓਂ ਆਦਿ ਦਰਜਨ ਭਰ ਪਿੰਡਾਂ ਚ ਮੋਟਰ ਸਾਈਕਲ ਮਾਰਚ ਕੱਢਿਆ ਗਿਆ ਜਿਸਨੂੰ ਸਥਾਨਕ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।ਅੱਜ ਦੇ ਇਕੱਠ ਨੂੰ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਸੰਬੋਧਨ ਅੱਜ ਦੇ ਕਾਲੇ ਦਿਵਸ ਦਾ ਮਹੱਤਵ ਉਭਾਰਦਿਆਂ ਆਖਿਆ ਕਿ ਲੋਕਾਂ ਦੇ ਸਮੂਹ ਵਰਗਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਦਿੱਤੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਕੁੱਲ ਲੋਕਾਈ ਮੋਦੀ ਹਕੂਮਤ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਸਤਾਈ ਹੋਈ ਹੈ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨ ਘੋਲ 'ਚ ਔਰਤਾਂ ਦੇ ਅਹਿਮ ਰੋਲ ਦੀ ਚਰਚਾ ਕਰਦਿਆਂ ਕਿਹਾ ਕਿ ਇਹ ਕਿਸਾਨ ਘੋਲ ਦਾ ਅਹਿਮ ਹਾਸਲ ਕਿ ਲੋਕ ਵਿਰੋਧੀ ਸਿਆਸੀ ਪਾਰਟੀਆਂ ਤੇ ਲੀਡਰ ਵੀ ਇਸ ਦੇ ਮਗਰ ਘੜੀਸੇ ਹੋਏ ਆਪਣੇ ਘਰਾਂ ਉਤੇ ਕਾਲੇ ਝੰਡੇ ਲਾਉਣ ਵਾਸਤੇ ਮਜਬੂਰ ਹੋ ਗਏ। ਉਹਨਾਂ ਕਿਹਾ ਕਿ ਇਸ ਘੋਲ ਅੰਦਰ ਖੇਤ ਮਜ਼ਦੂਰਾਂ,ਸਨਅਤੀ ਮਜ਼ਦੂਰਾਂ, ਲੇਖਕਾਂ, ਬੁੱਧੀਜੀਵੀਆਂ, ਸਮਾਜ ਕਾਰਕੁਨਾਂ, ਨਾਟਕਕਾਰਾਂ, ਕਵੀਆਂ ਅਤੇ ਗੀਤਕਾਰਾਂ ਤੇ ਕਲਾਕਾਰਾਂ ਅਤੇ ਵਿਦੇਸ਼ਾਂ ਚ ਵਸਦੇ ਭਾਰਤੀਆਂ ਵੱਲੋਂ ਵੀ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ ਜ਼ੋ ਛੇ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਅਹਿਮ ਤਾਕਤ ਪ੍ਰਦਾਨ ਕਰ ਰਿਹਾ ਹੈ। ਅੱਜ ਦੀ ਸਟੇਜ ਦੀ ਕਾਰਵਾਈ ਬਸੰਤ ਸਿੰਘ ਕੋਠਾਗੁਰੂ ਨੇ ਨਿਭਾਈ ।ਅੱਜ ਦੀ ਸਟੇਜ ਤੋਂ ਮਹਿੰਗਾ ਸਿੰਘ ਸਿੱਧੂ ਰਾਜਸਥਾਨ ਅਤੇ ਪੰਜਾਬੀ ਕਲਾਕਾਰ ਪੰਮੀ ਬਾਈ ਨੇ ਵੀ ਸੰਬੋਧਨ ਕੀਤਾ।