ਕਿਸਾਨ ਮੋਰਚਿਆਂ ’ਚ ਅਭੇ ਸਿੰਘ ਸੰਧੂ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ
ਅਸ਼ੋਕ ਵਰਮਾ
- ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਉਣ ਦਾ ਐਲਾਨ
ਚੰਡੀਗੜ੍ਹ,23 ਮਈ2021: ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਸੋਮਵਾਰ ਨੂੰ ਪੱਕੇ ਮੋਰਚਿਆਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਉਣਗੀਆਂ। ਧਰਨਿਆਂ ਦੇ 235ਵੇਂ ਦਿਨ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਹੀ ਸੰਘਰਸ਼ਾਂ ਭਰਿਆ ਰਿਹਾ ਹੈ ਜਿਸ ਦੀ ਮਿਸਾਲ ਸ਼ਹੀਦ ਸਰਾਭਾ ਵੱਲੋਂ ਦਿੱਤ ਸ਼ਹੀਦੀ ਹੈ। ਉਨ੍ਹਾਂ ਆਖਿਆ ਕਿ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਕਿਸਾਨਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪੱਕੇ ਧਰਨੇ ਲਾਏ ਹੋਏ ਹਨ ਜਿਨ੍ਹਾਂ ’ਚ ਨੌਜਵਾਨ ਪੀੜ੍ਹੀ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਦੀ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਸੰਘਰਸ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਨੌਜਵਾਨ ਏਕਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿਰਫ ਗੀਤਾਂ ਵਿੱਚ ਹੀ ਲਲਕਾਰੇ ਮਾਰਦੇ ਸੁਣਿਆ ਜਾਂਦਾ ਸੀ ਪਰ ਨੌਜਵਾਨਾਂ ਨੇ ਇਸ ਨੂੰ ਗਲ੍ਹਤ ਸਾਬਤ ਕਰਦਿਆਂ ਆਪਣੇ ਹੱਕਾਂ ਲਈ ਹਰ ਵੱਡੀ ਤੋਂ ਵੱਡੀ ਤਾਕਤ ਨਾਲ ਲੜਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਨੌਜਵਾਨ ਲੇਖਕਾਂ ਦਾ ਅਹਿਮ ਯੋਗਦਾਨ ਹੈ ਜਦੋਂਕਿ ਨਾਟਕ ਟੀਮਾਂ, ਕਲਾਕਾਰਾਂ ਤੇ ਗੀਤਕਾਰਾਂ ਨੇ ਕਿਸਾਨਾਂ ਦੀ ਹੌਸਲਾ ਅਫਜਾਈ ਕਰਦਿਆਂ ਸੰਘਰਸ ਵਿੱਚ ਡਟੇ ਰਹਿਣ ਦੀ ਪ੍ਰੇਰਨਾ ਦੇਣ ਦਾ ਕੰਮ ਕੀਤਹ ਹੈ। ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੌਰਾਨ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਦਿਆਂ ਕਿਸਾਨ-ਆਗੂਆਂ ਨੇ ਅਭੈ ਸਿੰਘ ਸੰਧੂ ਦੇ ਬੇਵਕਤ ਵਿਛੋੜੇ ਨੂੰ ਕਿਸਾਨ-ਅੰਦੋਲਨ ਲਈ ਵੱਡਾ ਘਾਟਾ ਕਰਾਰ ਦਿੱਤਾ।
ਓਧਰ ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ 108 ਥਾਵਾਂ ਤੇ ਚੱਲ ਰਹੇ ਧਰਨਿਆਂ ’ਚ ਕਿਸਾਨਾਂ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ। ਕਿਸਾਨ-ਆਗੂਆਂ ਨੇ ਦੁਹਰਾਇਆ ਕਿ ਸੰਘਰਸ਼ ਦੇ 6 ਮਹੀਨੇ ਬੀਤ ਜਾਣ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੇਰੁਖੀ ਧਾਰੀ ਹੋਈ ਹੈ ਪਰ ਉਹ ਇਹ ਭੁੱਲ ਜਾਣ ਕਿ ਕਿਸਾਨ ਨਿਰਾਸ਼ ਹੋ ਕੇ ਘਰਾਂ ਨੂੰ ਵਾਪਿਸ ਚਲੇ ਜਾਣਗੇ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾਏਗਾ ਅਤੇ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾਣਗੇ।ਇਸੇ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ ‘ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ ‘ਤੇ ਜਾਣਾ ਜਾਰੀ ਹੈ। ਅੱਜ ਵੀ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜਿਲਿ੍ਹਆਂ ਸਮੇਤ ਵੱਡੀ ਗਿਣਤੀ ਥਾਵਾਂ ਤੋਂ ਕਿਸਾਨਾਂ ਦੇ ਦਰਜ਼ਨਾਂ ਜੱਥੇ ਰਵਾਨਾ ਹੋਏ।