ਕਿਸਾਨ ਮੋਰਚੇ ਦੇ ਸੱਦੇ 'ਤੇ ਦੇਸ਼-ਭਰ 'ਚ ਖੇਤੀ-ਕਾਨੂੰਨਾਂ ਖ਼ਿਲਾਫ਼ ਮਨਾਇਆ ਗਿਆ ਕਾਲਾ-ਦਿਵਸ, ਮਿਲਿਆ ਭਰਵਾਂ ਹੁੰਗਾਰਾ
- ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ
- ਕਿਸਾਨ-ਮੋਰਚਿਆਂ 'ਚ ਬੁੱਧ-ਪੁਰਣਿਮਾ ਵੀ ਮਨਾਈ
- ਔਰਤਾਂ ਅਤੇ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਨੇ ਮਜ਼ਬੂਤ ਕੀਤਾ ਅੰਦੋਲਨ
- ਸੁਤੰਤਰਤਾ ਸੈਨਾਨੀ ਦੋਰਾਸਾਮੀ ਅਤੇ ਪਤਰਕਾਰ ਪੁਰਸ਼ੋਤਮ ਸ਼ਰਮਾ ਦੇ ਦੇਹਾਂਤ ਦੇ ਸ਼ੋਕ
ਨਵੀਂ ਦਿੱਲੀ, 26 ਮਈ 2021 - 181 ਵਾਂ ਦਿਨ
ਦਿੱਲੀ ਦੀਆਂ ਹੱਦਾਂ ਸਮੇਤ ਦੇਸ਼-ਭਰ 'ਚ ਜਾਰੀ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼-ਭਰ 3 ਖੇਤੀ-ਕਾਨੂੰਨਾਂ, ਬਿਜਲੀ ਸੋਧ ਬਿਲ-2020, ਪਰਾਲੀ ਆਰਡੀਨੈਂਸ ਅਤੇ ਨਵੇਂ ਕਿਰਤ ਕਾਨੂੰਨਾਂ ਖ਼ਿਲਾਫ਼ 'ਕਾਲਾ-ਦਿਵਸ' ਮਨਾਇਆ ਗਿਆ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੇਂਦਰ-ਸਰਕਾਰ ਖ਼ਿਲਾਫ਼ ਅਰਥੀ-ਫੂਕ ਮੁਜ਼ਾਹਰੇ ਹੋਏ, ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਰੋਸ-ਮਾਰਚ ਕੱਢੇ ਗਏ ਅਤੇ ਘਰਾਂ 'ਤੇ ਕਾਲੇ-ਝੰਡੇ ਲਹਿਰਾਏ ਗਏ।
ਮਹਾਰਾਸ਼ਟਰ ਦੇ ਨੰਦੂਰਬਾਰ, ਨੰਦੇੜ, ਅਮਰਾਵਤੀ, ਮੁੰਬਈ, ਨਾਗਪੁਰ, ਮੰਗਲੀ, ਪਰਭਨੀ, ਥਾਣੇ, ਬੀੜ, ਸੋਲਾਪੁਰ, ਬੁਲ੍ਹਾਨਾ, ਦਾ ਦੋਸੋੜ, ਨੰਗਰ, ਅਤੇੰਗਾਬਾਦ, ਸਤਾਰਾ, ਪਾਲਗਾਰ, ਜਲਗਾਂਵ 'ਚ ਖੇਤੀ-ਕਾਨੂੰਨਾਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਬਿਹਾਰ ਦੇ ਬੇਗੁਸਰਾਏ, ਅਰਵਾਲ, ਦਰਭੰਗਾ, ਸਿਵਾਨ, ਜਹਾਨਾਬਾਦ, ਆਰਾ, ਭੋਜਪੁਰ ਹੋਰ ਥਾਵਾਂ 'ਤੇ ਘਰਾਂ 'ਤੇ ਕਾਲੇ-ਝੰਡੇ ਲਹਿਰਾਏ ਗਏ।
ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ, ਬਨਾਰਸ, ਬਲਿਯਾ, ਮਥੁਰਾ ਸਮੇਤ ਕਾਫੀ ਥਾਵਾਂ 'ਤੇ ਕਿਸਾਨਾਂ ਨੇ ਕੇਂਦਰ-ਸਰਕਾਰ ਖ਼ਿਲਾਫ਼ ਖੇਤੀ-ਕਾਨੂੰਨਾਂ ਦਾ ਵਿਰੋਧ ਪ੍ਰਗਟਾਇਆ।
ਤਮਿਲਨਾਡ ਵਿਚ ਸ਼ਿਵਗੱਗਈ, ਕਲਕੁਰੁਚੀ, ਕਤੂਲੁਰ, ਧਰਮਪੁਰੀ, ਤੰਜੌਰ, ਤ੍ਰਿਨੇਲਵੇਲੀ ਕੋਇਮਬਟੂਰ ਕਈ ਥਾਵਾਂ 'ਤੇ ਮੋਰਚੇ ਦਾ ਸਮਰਥਨ ਕੀਤਾ ਗਿਆ।
ਰਾਜਸਥਾਨ ਦੇ ਭਰਤਪੁਰ, ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਇਆ। ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਅਤੇ ਤੇਲੰਗਾਨਾ ਵਿੱਚ ਹੈਦਰਾਬਾਦ 'ਚ ਵੀ ਰੋਸ-ਮਾਰਚ ਕੱਢੇ ਗਏ। ਉੱਤਰਖੰਡ ਦੇ ਤਰਾਈ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਹੁੰਗਾਰਾ ਮਿਲਿਆ।
ਪੰਜਾਬ ਦੇ 80 ਫੀਸਦੀ ਤੋਂ ਵੱਧ ਪਿੰਡਾਂ-ਸ਼ਹਿਰਾਂ 'ਚ ਵਿਰੋਧ-ਪ੍ਰਦਰਸ਼ਨ ਹੋਏ। ਹਰਿਆਣਾ ਦੇ ਅੰਦਰ ਝੱਜਰ ਸੋਨੀਪਤ, ਭੀਵਾਨੀ, ਰੇਵਾੜੀ, ਬਹਾਦੁਰਗੜ੍ਹ, ਰੋਹਤਕ, ਹਿਸਾਰ 'ਚ ਪੁਤਲੇ ਸਾੜੇ ਗਏ।
ਉੜੀਸਾ ਦੇ ਰਾਏਗੜ੍ਹ, ਪੱਛਮੀ ਬੰਗਾਲ 'ਚ ਕੋਲਕਾਤਾ, ਜੰਮੂ ਕਸ਼ਮੀਰ ਦਾ ਅਨੰਤਨਾਗ, ਤ੍ਰਿਪੁਰਾ ਅਤੇ ਅਸਾਮ 'ਚ ਵੀ ਵਿਰੋਧ-ਪ੍ਰਦਰਸ਼ਨ ਹੋਏ।
ਦਿੱਲੀ ਦੇ ਮੋਰਚਿਆਂ 'ਚ ਬੁੱਧ ਪੂਰਨਿਮਾ ਮਨਾਈ ਗਈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
ਸਾਹਜਹਾਂਪੁਰ ਅਤੇ ਗਾਜ਼ੀਪੁਰ ਬਾਰਡਰ 'ਤੇ ਵੀ ਕਿਸਾਨਾਂ ਨੇ ਵੱਡੀਆਂ ਗਿਣਤੀਆਂ 'ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਤੇ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਸੁਤੰਤਰਤਾ ਸੈਨਾਨੀ ਅਤੇ ਕਰਨਾਟਕ ਦੇ ਸਮਾਜ ਸੇਵੀ ਐਚਆਰ ਦੋਰਾਸਾਮੀ ਦਾ ਅੱਜ 104 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੋਰਾਸਾਮੀ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਹ ਸਮਾਜਿਕ ਅਤੇ ਆਰਥਿਕ ਮੁੱਦਿਆਂ 'ਤੇ ਸਰਕਾਰਾਂ ਵਿਰੁੱਧ ਸੰਘਰਸ਼ ਕਰਦੇ ਰਹੇ। ਉਹਨਾਂ ਹਮੇਸ਼ਾ ਲੋਕਾਂ ਦੇ ਮੁੱਦੇ ਉਠਾਏ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।
ਦੈਨਿਕ ਟ੍ਰਿਬਿਊਨ, ਸੋਨੀਪਤ ਦੇ ਸੀਨੀਅਰ ਪੱਤਰਕਾਰ ਸ੍ਰੀ ਪੁਰਸ਼ੋਤਮ ਜੀ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਿਆ। ਪੁਰਸ਼ੋਤਮ ਜੀ ਨਿਰੰਤਰ ਕਿਸਾਨੀ ਲਹਿਰ ਨੂੰ ਕਵਰ ਰਹੇ ਸੀ। ਉਹ ਮੀਡੀਆ ਰਾਹੀਂ ਸਿੰਘੁ ਮੋਰਚੇ ‘ਤੇ ਕਿਸਾਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਸੀ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਾ ਹੈ।