ਕਿਸਾਨ ਮੋਰਚੇ ਵੱਲੋਂ ਕਾਲਾ ਦਿਵਸ ਮਨਾਉਣ ਲਈ ਲਾਮਬੰਦੀ ਸ਼ੁਰੂ
ਅਸ਼ੋਕ ਵਰਮਾ
ਚੰਡੀਗੜ੍ਹ,18 ਮਈ2021: ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਮਿਲ ਕੇ ਬਣਾਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਮਈ ਨੂੰ ਪੰਜਾਬ ’ਚ ਕਾਲਾ ਦਿਵਸ ਮਨਾਉਣ ਲਈ ਲਾਮਬੰਦੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਇਸ ਸਬੰਧ ’ਚ ਸੱਦਾ ਦੇ ਰਹੇ ਹਨ ਕਿ 26 ਮਈ ਨੂੰ ਰੋਸ ਵਜੋਂ ਕਾਲੇ ਝੰਡੇ ਲਹਿਰਾਏ ਜਾਣ। ਜਾਰੀ ਕਿਸਾਨੀ-ਧਰਨਿਆਂ ਦੇ 230ਵੇਂ ਦਿਨ ਵੱਖ-ਵੱਖ ਥਾਵਾਂ ‘ਤੇ ਸ਼ਹੀਦ ਕਿਸਾਨ ਮੇਜਰ ਖ਼ਾਨ ਅਤੇ ਮੋਰਚੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਹੋਰਨਾਂ ਕਿਸਾਨਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਨੇ ਕਾਲੇ ਦਿਵਸ ਸਬੰਧੀ ਲਾਮਬੰਦੀ ਤੇਜ ਕਰਨ ਦਾ ਸੱਦਾ ਵੀ ਦਿੱਤਾ। ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੇਜਰ ਖ਼ਾਨ ਦਿੱਲੀ ਦੇ ਮੋਰਚਿਆਂ ’ਚ ਪਹਿਲੇ ਦਿਨ 26 ਨਵੰਬਰ ਤੋਂ ਹੀ ਡਟਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਆਪਣੇ ਕੋਲ ਕੋਈ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਸੰਘਰਸ਼ ਦੇ ਵਡੇਰੇ ਅਰਥ ਸਮਝਦਾ ਸੀ। ਆਗੂਆਂ ਨੇ ਕਿਹਾ ਕਿ ਮੋਰਚੇ ਦੌਰਾਨ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ-ਸਰਕਾਰ ਵੱਲੋਂ ਅੰਦੋਲਨ ਪ੍ਰਤੀ ਧਾਰੀ ਬੇਰੁਖੀ ਸਾਬਤ ਕਰਦੀ ਹੈ ਕਿ ਮੁਲਕ ਅੰਦਰ ਲੋਕਤੰਤਰੀ ਆਵਾਜ਼ਾਂ ਦੀ ਕੋਈ ਸੁਣਵਾਈ ਨਹੀਂ ਹੈ। ਕਿਸਾਨੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਦੇ ਵਿਕਾਸ ਦਾ ਦਮ ਭਰਨ ਵਾਲੀਆਂ ਹਕੂਮਤਾਂ ਲੋਕਾਂ ਨਾਲ ਵਿਸ਼ਵਾਸਘਾਤ ਕਰਦੀਆਂ ਹਨ ਤਾਂ ਲੋਕਾਂ ਵਿਚ ਪੈਦਾ ਹੋਈ ਬੇਚੈਨੀ ਲੋਕ ਰੋਹ ਦਾ ਰੂਪ ਧਾਰਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਿਤ ਤਿੰਨ ਕਾਨੂੰਨ ਬਣਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੀ ਫ਼ਿਕਰਮੰਦੀ ਕਾਰਪੋਰੇਟ ਕੰਪਨੀਆਂ ਵਾਸਤੇ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਪਿਛਲੇ 7 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਆਦਿ ਸੂਬਿਆਂ ਦੇ ਲੱਖਾਂ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੁਖਾਈ ਪਹਿਲੂ ਹੈ ਕਿ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਕਿਸਾਨ ਖ਼ੁਦਕੁਸ਼ੀ ਕਰ ਜਾਂਦਾ ਹੈ ਪਰ ਮੁਲਕ ਦੀਆਂ ਰਾਜਸੀ ਪਾਰਟੀਆਂ ਇਸ ਨੂੰ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਖੁਦ ਇਹ ਪਾਰਟੀਆਂ ਆਖਦੀਆਂ ਹਨ ਕਿ ਕਿਸਾਨੀ ਦੇ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨਾਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਆਜ਼ਾਦ ਭਾਰਤ ਦੇ ਮੱਥੇ ‘ਤੇ ਕਲੰਕ ਵਾਂਗ ਹਨ ਜਿੰਨ੍ਹਾਂ ਅਸਲ ’ਚ ਸਿਸਟਮ ਰਾਹੀਂ ਕੀਤੇ ਕਤਲ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਵਿਵਸਥਾ ਬੜੀ ਤੇਜ਼ੀ ਨਾਲ ਧਨਾਢ ਨੂੰ ਹੋਰ ਧਨਾਢ ਅਤੇ ਗ਼ਰੀਬ ਨੂੰ ਹੋਰ ਗ਼ਰੀਬ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਗ਼ਲ੍ਹਤ ਸਰਕਾਰੀ ਨੀਤੀਆਂ ਕਾਰਨ ਪਿਛਲੇ ਕੁੱਝ ਸਾਲਾਂ ਦੌਰਾਨ ਲੱਖਾਂ ਦੀ ਗਿਣਤੀ ਵਿਚ ਛੋਟੇ ਕਿਸਾਨ ਆਪਣੀ ਜ਼ਮੀਨ ਤੋਂ ਹੱਥ ਧੋ ਬੈਠੇ ਹਨ ਇਹ ਚਿੰਤਜਨਕ ਅਮਲ ਹਾਲੇ ਵੀ ਬੜੀ ਤੇਜ਼ੀ ਨਾਲ ਜਾਰੀ ਹੈ। ਇਸ ਮੌਕੇ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੂੰ 26 ਮਈ ਵਾਲੇ ਦਿਨ ਮੋਦੀ ਸਰਕਾਰ ਦੀ ਬੇਰੁਖੀ ਖਿਲਾਫ ਜੋਸ਼ੋ ਖਰੋਸ਼ ਨਾਲ ਕਾਲਾ ਦਿਵਸ ਮਨਾਉਣ ਅਤੇ ਉਸ ਤੋਂ ਪਹਿਲਾਂ ਤਿਆਰੀਆਂ ’ਚ ਜੁਟਣ ਦੀ ਅਪੀਲ ਵੀ ਕੀਤੀ ਗਈ।
ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਮੇਤ ਕੁੱਲ 108 ਥਾਵਾਂ ਤੇ ਚੱਲ ਰਹੇ ਧਰਨਿਆਂ ਦੌਰਾਨ ਵੱਡੀ ਗਿਣਤੀ ਸੰਘਰਸ਼ੀ ਲੋਕਾਂ ਦੀ ਸ਼ਮੂਲੀਅਤ ’ਚ ਜੋਰਦਾਰ ਨਾਅਰੇਬਾਜੀ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਤੋਂ ਤਿੰਨੇ ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਇੰਨ੍ਹਾਂ ਨੂੰ ਮਨਸੂਖ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ।