ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਵੱਖ ਵੱਖ ਥਾਈਂ ਮਨਾਇਆ ਕਾਲਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 26 ਮਈ 2021: ਸਯੁੰਕਤ ਕਿਸਾਨ ਮੋਰਚੇ ਵੱਲੋ 26ਮਈ ਨੂੰ ਕਾਲੇ ਦਿਨ ਵਜੋ ਮਨਾਉਣ ਸਬੰਧੀ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਝੇ ਫੋਰਮ ਵੱਲੋ ਕਿਸਾਨ ਮੋਰਚੇ ਦੇ ਸੱਦੇ ਤੇ ਕਾਲਾ ਦਿਨ ਮਨਾਇਆਂ ਗਿਆਂ ਇਸ ਮੌਕੇ ਕਾਲੇ ਝੰਡੇ ਲਹਿਰਾਏ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋ ਕਰੋਨਾ ਦੀ ਆੜ ਹੇਠ ਲਏ ਗਏ ਲੋਕ ਵਿਰੋਧੀ ਫੈਸਲਿਆਂ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਹੈ ਅਤੇ ਮਜਦੂਰਾਂ ਨੂੰ ਆਪਣੇ ਘਰ ਚਲਾਉਣੇ ਔਖੇ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋ ਲਿਆਂਦੇ ਲੋਕ ਵਿਰੋਧੀ ਕਾਨੂੰਨਾ ਨੇ ਲੋਕਾਂ ਨੂੰ ਹੋਰ ਸੰਕਟ ਵਿਚ ਪਾ ਦੇਣਾ ਹੈ । ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰ ਤਬਾਹ ਅਤੇ ਡਾਕਟਰਾ ਦੀ ਘਾਟ ਕਾਰਨ ਲੋਕ ਮਰ ਰਹੇ ਹਨ ਜਦੋਂਕਿ ਸਰਕਾਰਾਂ ਲੋਕਾਂ ਕੋਲੋ ਟੈਕਸਾਂ ਰਾਹੀਂ ਇੱਕਠਾ ਕੀਤਾ ਪੈਸਾ ਮੰਦਰਾਂ ਤੇ ਲਾ ਰਹੀ ਹੈ । ਇਸ ਮੌਕੇ ਮਜਦੂਰ ਆਗੂ ਮੇਜਰ ਸਿੰਘ,ਕਰਮ ਸਿੰਘ, ਟੇਕ ਸਿੰਘ,ਇੰਦਰਜੀਤ ਕੌਰ ,ਸਿਮਰਜੀਤ ਕੌਰ,ਹਰਬੰਸ ਕੌਰ ਪੰਚ, ਰਣਜੀਤ ਸਿੰਘ ਖਿਆਲੀ ਵਾਲਾ ,ਗੁਰਦੀਪ ਸਿੰਘ ਭੋਖੜਾ,ਅੰਗਰੇਜ ਸਿੰਘ ਭੋਖੜਾ, ਅਤੇ ਵਿਧੀ ਚੰਦ ਨੇਹੀਆਂ ਵਾਲਾ ਨੇ ਵੀ ਆਪਣੇ ਵਿਚਾਰ ਰੱਖੇ।
ਇਸੇ ਤਰਾਂ ਹੀ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ) ਵੱਲੋ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ । ਇੱਕਠੇ ਹੋਏ ਕਿਸਾਨਾਂ ਨੂੰ ਬਠਿੰਡਾ ਬਲਾਕ ਦੇ ਪ੍ਰਧਾਨ ਭਗਵਾਨ ਸਿੰਘ ਹਰਰਾਏਪੁਰ, ਇਕਾਈ ਪ੍ਰਧਾਨ ਹਰਮਨਜੋਤ ਸਿੰਘ ,ਕੁਲਵਿੰਦਰ ਸਿੰਘ ,ਕਮਲ ਸਿੰਘ ਅਤੇ ਸੁਖਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਸਰਮਾਏਦਾਰਾਂ ਦੀ ਪੱਖੀ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੋਦੀ ਸਰਕਾਰ ਤੋਂ ਕਿਸਾਨ ਮੰਗਾਂ ਮੰਨਣ ਦੀ ਮੰਗ ਕੀਤੀ।