ਜੀ ਐਸ ਪੰਨੂ
ਪਟਿਆਲਾ, 21 ਅਪ੍ਰੈਲ,2021 - ਪਟਿਆਲਾ ਪੁਲਿਸ ਵੱਲੋਂ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਕਣਕ ਦੇ ਟਰਾਲਿਆਂ ਨੂੰ ਰੋਕਣ ਦੇ ਯਤਨਾਂ ਨਾਲ ਜਿੱਥੇ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਚ ਸਫ਼ਲਤਾ ਹਾਸਲ ਕੀਤੀ ਹੈ, ਉੱਥੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਜ਼ਿਲ੍ਹਾ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਧਿਆਨ ਸਿੰਘ (ਧੰਨਾ) ਪ੍ਰਧਾਨ ਪਟਿਆਲਾ—2 ਨੇ ਪਟਿਆਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਕਿਸਾਨਾਂ ਦੀ ਇਸ ਔਖੀ ਘੜੀ ਚ ਵੱਡੀ ਮੱਦਦ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਹਰੋਂ ਆ ਰਹੀ ਇਸ ਕਣਕ ਨੂੰ ਜੇਕਰ ਪਟਿਆਲਾ ਪੁਲਿਸ ਵੱਲੋਂ ਨਾ ਰੋਕਿਆ ਜਾਂਦਾ ਤਾਂ ਕਿਸਾਨ ਦੀ ਆਰਥਿਕਤਾ ਨੂੰ ਹੋਰ ਢਾਹ ਲੱਗਣ ਦਾ ਇਹ ਸਭ ਤੋਂ ਵੱਡਾ ਜ਼ਰੀਆ ਸਾਬਤ ਹੋਣਾ ਸੀ।
ਕਿਸਾਨ ਆਗੂ ਅਨੁਸਾਰ ਵੱਡੇ ਵਪਾਰੀ ਬਾਹਰਲੇ ਸੂਬਿਆਂ ਤੋਂ ਸਸਤੀ ਕਣਕ ਖਰੀਦ ਕੇ, ਵੱਡੇ-ਵੱਡੇ ਟਰਾਲਿਆਂ ਰਾਹੀਂ ਪੰਜਾਬ ਦੀਆਂ ਮੰਡੀਆਂ ਵਿੱਚ ਭੇਜ ਰਹੇ ਹਨ, ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਬੈਰੀਅਰ ਤੇ ਪੁਲਿਸ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਜਿਸ ਦੀ ਉਦਾਹਰਣ ਡੀ.ਐਸ.ਪੀ.ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸ਼ੰਭੂ ਬੈਰੀਅਰ ਤੇ 10 ਤਰੀਕ ਤੋਂ 21 ਤਰੀਕ ਤੱਕ ਬਾਹਰਲੇ ਸੂਬਿਆਂ ਤੋਂ ਕਣਕ ਦੇ ਭਰੇ 31 ਟਰਾਲਿਆਂ ਨੂੰ ਬੌਂਡ ਕਰਕੇ ਕਿਸਾਨਾਂ ਦਾ ਸਾਥ ਦੇਣ ਤੋਂ ਮਿਲਦੀ ਹੈ।
ਐਸ ਐਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਆਪਣੇ ਪੁਲਿਸ ਅਧਿਕਾਰੀਆਂ ਦੀ ਕਿਸਾਨਾਂ ਵੱਲੋਂ ਕੀਤੀ ਇਸ ਸ਼ਲਾਘਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ, ਪੰਜਾਬ ਪੁਲਿਸ ਲਈ ਸਭ ਤੋਂ ਪਹਿਲਾਂ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਪੰਜਾਬ ਸਰਕਾਰ ਕਿਸਾਨਾਂ ਦੇ ਹਰ ਦੁੱਖ - ਸੁੱਖ ਚ ਉਨ੍ਹਾਂ ਦਾ ਸਾਥ ਦੇ ਰਹੀ ਹੈ, ਪਟਿਆਲਾ ਪੁਲਿਸ ਵੀ ਆਪਣੇ ਫ਼ਰਜ਼ਾਂ ਤੇ ਪਹਿਰਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਡੀ ਜੀ ਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸਾਨ ਹਿਤਾਂ ਨੂੰ ਪਹਿਲ ਦੇ ਰਹੀ ਹੈ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਕਣਕ ਨੂੰ ਸਬੰਧਤ ਅਧਿਕਾਰੀਆਂ ਦੇ ਧਿਆਨ ਚ ਲਿਆ ਕੇ, ਬਣਦੀ ਕਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਾਹਰੋਂ ਆ ਰਹੀ ਕਣਕ ਦੇ ਟਰਾਲੇ ਰੋਕ ਕੇ ਕਿਸਾਨਾਂ ਨੂੰ ਵੱਡੀ ਆਰਥਿਕ ਮੁਸ਼ਕਿਲ ਤੋਂ ਤਾਂ ਬਚਾਇਆ ਹੀ ਜਾ ਰਿਹਾ ਹੈ, ਨਾਲੋ ਨਾਲ ਰਾਜ ਦੇ ਮਾਲੀਏ ਨੂੰ ਪੁੱਜਣ ਵਾਲੇ ਨੁਕਸਾਨ ਨੂੰ ਵੀ ਰੋਕਿਆ ਜਾ ਰਿਹਾ ਹੈ।