ਅਸ਼ੋਕ ਵਰਮਾ
ਚੰਡੀਗੜ੍ਹ,18 ਅਪਰੈਲ2021:ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 200 ਦਿਨ ਪੂਰੇ ਹੋਣ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਰਤਾ ਵੀ ਮੱਠਾ ਨਹੀਂ ਪਿਆ ਬਲਕਿ ਵਕਤ ਗੁਜ਼ਰਨ ਨਾਲ ਰੋਹ ਵਧਿਆ ਹੈ। ਇਸ ਵੇਲੇ ਜਦੋਂ ਹਾੜੀ ਦਾ ਸੀਜ਼ਨ ਜੋਰਾਂ ਤੇ ਹੈ ਤਾਂ ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਸਮੇਤ 68 ਥਾਵਾਂ ਤੇ ਧਰਨਾਕਾਰੀਆਂ ਦਾ ਜਜਬਾ ਦੇਖਣ ਵਾਲਾ ਹੈ ਜਦੋਂਕਿ ਪੰਜਾਬ ਤੋਂ ਦਿਲੀ ਲਈ ਵੀ ਲਗਾਤਾਰ ਰਵਾਨਾ ਹੋ ਰਹੇ ਕਾਫਲੇ ਇਸ ਤੋਂ ਵੱਖਰੇ ਹਨ। ਕਿਸਾਨਾਂ ਅਤੇ ਕਿਸਾਨ ਔਰਤਾਂ ਸਮੇਤ ਸੰਘਰਸ਼ ਨਾਲ ਜੁੜੀਆਂ ਸਮੂਹ ਇਨਸਾਫਪਸੰਦ ਧਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਕਿਸਾਨ-ਅੰਦੋਲਨ ਦੀ ਆਵਾਜ਼ ਵਿਸ਼ਵ ਪੱਧਰ ‘ਤੇ ਗੂੰਜੀ ਹੈ, ਪਰ ਤਾਨਾਸ਼ਾਹੀ ਰਵੱਈਏ ‘ਤੇ ਉੱਤਰੀ ਕੇਂਦਰ-ਸਰਕਾਰ ਕਾਨੂੰਨ ‘ਚ ਗਲ੍ਹਤੀਆਂ ਮੰਨਣ ਦੇ ਬਾਵਜੂਦ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਹੱਡ-ਚੀਰਵੀਂ ਠੰਢ, ਧੁੰਦਾਂ,ਮੀਂਹ ਹਨੇਰੀਆਂ ਅਤੇ ਹੁਣ ਗਰਮੀ ਸਮੇਤ ਕੁਦਰਤ ਦੀ ਕੋਈ ਵੀ ਕਰੋਪੀ ਧਰਨਾਕਾਰੀਆਂ ਦੇ ਹੌਂਸਲੇ ਪਸਤ ਨਹੀਂ ਕਰ ਸਕੀ ਅਤੇ ਨਾਂ ਹੀ ਸਰਕਾਰ ਦੀਆਂ ਚਾਲਾਂ ਤੇ ਸਾਜਸ਼ਾਂ ਵੀ ਕੋਈ ਵਿਘਨ ਨਾ ਪਾ ਸਕੀਆਂ ਹਨ। ਉਨ੍ਹਾਂ ਆਖਿਆ ਕਿ ਅੱਜ 200ਵੇਂ ਦਿਨ ਵੀ ਸੰਘਰਸ਼ੀ ਲੋਕਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਅੰਦੋਲਨ ਨੂੰ ਜਿੱਤ ਕੇ ਹੀ ਵਾਪਸ ਘਰ ਜਾਣ ਦਾ ਤਹੱਈਆ ਕਰੀ ਬੈਠੇ ਹਨ ਜਿਸ ਨੂੰ ਦੇਖਦਿਆਂ ਮੁਲਕ ਦੇ ਹਾਕਮਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਫੌਰੀ ਤੌਰ ਤੇ ਸਮੂਹ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ ਬਲਕਿ ਸਾਡਾ ਇੱਕੋ ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ ਜਿਸ ਲਈ ਚਾਹੇ ਸਾਨੂੰ ਆਪਣਾ ਅੰਦੋਲਨ ਕਿੰਨੇ ਵੀ ਲੰਬੇ ਸਮੇਂ ਲਈ ਕਿਉਂ ਨਾ ਚਲਾਉਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੋਚ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣਗੇ ਅਤੇ ਲੀਡਰ ਸਾਡਾ ਸਿਦਕ ਤੇ ਸਿਰੜ ਪਰਖਣਾ ਚਾਹੁੰਦੇ ਹਨ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਕੋਈ ਵੀ ਇਮਤਿਹਾਨ ਦੇਣ ਲਈ ਤਿਆਰ ਹਾਂ ਅਤੇ ਇਸ ਪਰਖ ਵਿੱਚ ਵੀ ਜਰੂਰ ਕਾਮਯਾਬ ਹੋਵਾਂਗੇ। ਕਿਸਾਨ ਆਗੂ ਨੇ ਕਿਹਾ ਕਿ ਵਾਢੀ ਖਤਮ ਹੋਣ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚਾ ਕੁੱਝ ਵੱਡੇ ਪ੍ਰੋਗਰਾਮ ਉਲੀਕਣ ਜਾ ਰਿਹਾ ਹੈ ਜਿਨ੍ਹਾਂ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਵੇਗੀ। ਕਿਸਾਨ ਆਗੂ ਨੇ ਇੰਨ੍ਹਾਂ ਪ੍ਰੋਗਰਾਮਾਂ ਲਈ ਹੁਣੇ ਤੋਂ ਹੀ ਲਾਮਬੰਦੀ ਦਾ ਸੱਦਾ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੀ ਲੜਾਈ ਵਾਂਗ ਹੁਣ ਵੀ ਅਗਵਾਈ ਪੰਜਾਬ ਦੇ ਹਿੱਸੇ ਆਈ ਹੈ, ਜੋ ਸਾਬਤ ਕਰਦਾ ਹੈ ਕਿ ਕੁਰਬਾਨੀਆਂ ਭਰਿਆ ਇਤਿਹਾਸ ਸਿਰਫ਼ ਪੜ੍ਹਿਆ ਹੀ ਨਹੀਂ ਗਿਆ ਸਗੋਂ ਵਿਰਾਸਤ ਤੋਂ ਸੇਧ ਵੀ ਲਈ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੇ ਸੱਚ, ਸੰਤੋਖ, ਸੇਵਾ, ਹਲੀਮੀ ,ਚੜ੍ਹਦੀਕਲਾ ਅਤੇ ਸੇਵਾ ਭਾਵਨਾ ਵਾਲਾ ਇਤਿਹਾਸ ਦੁਹਰਾਇਆ ਹੈ। ਉਨ੍ਹਾਂ ਆਖਿਆ ਕਿ ਖਾਣ ਪੀਣ ਲਈ ਹੀ ਨਹੀਂ ਦਿਮਾਗੀ ਚੇਤਨਾ ਪੈਦਾ ਕਰਨ ਲਈ ਕਿਤਾਬਾਂ ਦੇ ਲੰਗਰ ਲਾਏ ਤੇ ਉਸਾਰੂ-ਵਿਚਾਰਾਂ ਦਾ ਪ੍ਰਸਾਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਇਸ ਧਾਰਨਾ ਨੂੰ ਤੋੜਨ ‘ਚ ਕਾਮਯਾਬ ਹੋਈ ਹੈ ਕਿ ਪੰਜਾਬ ਦਾ ਵੱਡਾ ਹਿੱਸਾ ਵਿਹਲੜ ਤੇ ਨਸ਼ੇੜੀ ਹੈ ਜਿਸ ਦੀ ਮਿਸਾਲ ਤੰਬੂਆਂ ਦੀ ਸਾਫ-ਸਫਾਈ ,ਟਰੈਕਟਰਾਂ-ਟਰਾਲੀਆਂ ਸ਼ਿੰਗਾਰਦੇ , ਭਾਂਡੇ ਮਾਂਜਦੇ ਅਤੇ ਕੱਪੜੇ ਧੋਣ ਤੱਕ ਸਾਰੇ ਕੰਮ ਕਰਦੇ ਨੌਜਵਾਨ ਹਨ।
ਉਨ੍ਹਾਂ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਕਿ ਬਸੰਤੀ ਅਤੇ ਹਰੀਆਂ ਪੱਗਾਂ ਬੰਨ੍ਹ ਕੇ ਕਾਫਲਿਆਂ ਦੀ ਅਗਵਾਈ ਕਰਨ ਵਾਲੇ ਨੌਜਵਾਨਾਂ ਨੂੰ ਦੇਖਣ ਤੇ ਸਾਬਤ ਹੁੰਦਾ ਹੈ ਕਿ ਜਿਸ ਮਿੱਟੀ ’ਚ ਸ਼ਹੀਦ ਭਗਤ ਸਿੰਘ ਅਤੇ ਸਰਦਾਰ ਊਧਮ ਸਿੰਘ ਵਰਗੇ ਯੋਧੇ ਪੈਦਾ ਹੋਏ ਹੋਣ ਉੱਥੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਵਾਲਿਆਂ ਨੂੰ ਘੱਟ ਕਰਕੇ ਦੇਖਣਾ ਹਕੂਮਤਾਂ ਦਾ ਖੁਦ ਨੂੰ ਧੋਖਾ ਦੇਣਾ ਹੈ। ਉਨ੍ਹਾਂ ਆਖਿਆ ਕਿ ਇਸ ਜਜਬੇ ਦੀ ਇੱਕ ਹੋਰ ਵੱਡੀ ਮਿਸਾਲ ਵਿਆਹਾਂ ਸ਼ਾਦੀਆਂ ’ਚ ਕਿਸਾਨੀ ਦੇ ਗੀਤ ਗੂੰਜਣੇ ਅਤੇ ਕਿਸਾਨੀ ਝੰਡੇ ਲਹਿਰਾਉਣ ਤੋਂ ਇਲਾਵਾ ਆਪਣੀਆਂ ਗੱਡੀਆਂ ਤੇ ਕਿਸਾਨ ਸੰਘਰਸ਼ ਦਾ ਝੰਡਾ ਲਾਉਣਾ ਮਾਣ ਦਾ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨ ਸੰਘਰਸ਼ ਨੇ ਵੰਡ ਦਾ ਸੰਤਾਪ ਹੰਢਾ ਚੁੱਕੇ ਲੋਕਾਂ ਨੂੰ ਅਜਿਹਾ ਇੱਕ ਮੁੱਠ ਕੀਤਾ ਕਿ ਰੁੱਸੇ ਭਰ ਭਰਾ ਵੀ ਇੱਕ ਮੋਰੀ ਨਿਕਲ ਗਏ ਹਨ।
ਬਜ਼ੁਰਗਾਂ ਦਾ ਮਾਰਗਦਰਸ਼ਨ
ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਵਿਰਾਸਤੀ ਸਬਕ ਤਹਿਤ ਹੋਸ਼ ਅਤੇ ਜੋਸ਼ ਰੱਖਦਿਆਂ ਬਜੁਰਗਾਂ ਨੇ ਸੰਦੇਸ਼ ਦਿੱਤਾ ਹੈ ਕਿ ਜੇ ਦਰਿਆਵਾਂ ਦਾ ਰੁਖ ਮੋੜਿਆ ਜਾ ਸਕਦਾ ਹੈ ਤਾਂ ਮਨੁੱਖਤਾ ਦਾ ਕਿਓਂ ਨਹੀਂ? ਉਨ੍ਹਾਂ ਆਖਿਆ ਕਿ ਅਹਿਮ ਪ੍ਰਾਪਤੀ ਵਿਦੇਸ਼ਾਂ ’ਚ ਬੈਠੇ ਨੌਜਵਾਨਾਂ ਨੇ ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਤੇ ਕਿਸਾਨਾਂ ਦੀ ਅਵਾਜ ਉਠਾਈ ਹੈ।