ਅਸ਼ੋਕ ਵਰਮਾ
ਨਵੀਂ ਦਿੱਲੀ, 13 ਅਪਰੈਲ 2021 - ਅੱਜ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਚਲਦੀ ਬੀਬੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਨਾਲ ਜੁੜੇ ਇਤਿਹਾਸਕ ਪੱਖਾਂ ਤੋਂ ਜਾਣੂ ਕਰਵਾਉਦਿਆ ਬਸੰਤ ਸਿੰਘ ਕੋਠਾ ਗੁਰੂ, ਮਨਜੀਤ ਸਿੰਘ ਘਰਾਚੋਂ, ਗੁਰਭਿੰਦਰ ਸਿੰਘ ਕੋਕਰੀ,ਪਲਸ ਮੰਚ ਤੋਂ ਕਸਤੂਰੀ ਲਾਲ, ਡੀ ਟੀ ਐਫ ਤੋਂ ਤਲਵਿੰਦਰ ਸਿੰਘ ਖਰੋੜ, ਮੋਠੂ ਸਿੰਘ ਕੋਟੜਾ, ਸੁਖਪਾਲ ਸਿੰਘ ਮਾਣਕ ਕਣਕਵਾਲ, ਬਲਜੀਤ ਕੌਰ ਕੱਕੜਵਾਲ ਅਤੇ ਉੱਤਰਪ੍ਰਦੇਸ਼ ਤੋਂ ਸਿਵਾ ਜੀ ਰਾਇ ਨੇ ਸੰਬੋਧਨ ਕੀਤਾ।ਇਸ ਮੌਕੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਉਹ ਅੱਜ ਦੇ ਇਤਿਹਾਸਕ ਦਿਹਾੜੇ ਤੋਂ ਪ੍ਰੇਰਨਾ ਲੈ ਕੇ ਮੋਦੀ ਸਰਕਾਰ ਵਲੋਂ ਲਿਆਂਦੇ ਕਾਲ਼ੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਖੇਤੀ ਖੇਤਰ ਦੀ ਸਾਮਰਾਜੀ ਲੁੱਟ ਤੋਂ ਮੁਕੰਮਲ ਮੁਕਤੀ ਲਈ ਸੰਗਰਾਮ ਜ਼ਾਰੀ ਰੱਖਣਗੇ।
ਉਹਨਾਂ ਕਿਹਾ ਅੱਜ਼ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ ਨੂੰ ਅੱਗੇ ਵਧਾਉਣ ਲਈ ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਭਾਜਪਾ ਫਿਰਕੂ ਫਾਸ਼ੀਵਾਦ ਹਕੂਮਤ ਖ਼ਿਲਾਫ਼ ਘੋਲ਼ ਨੂੰ ਤੇਜ਼ ਕਰਦੇ ਹੋਏ ਕਿਸਾਨ ਘੋਲ ਨੂੰ ਫਿਰਕੂ ਲੀਹਾਂ 'ਤੇ ਵੰਡਕੇ ਸਿਰਫ ਸਿੱਖਾਂ ਦੇ ਘੋਲ ਵਜੋਂ ਸਥਾਪਿਤ ਕਰਨ ਰਾਹੀਂ ਇਸਨੂੰ ਲੀਹੋਂ ਲਾਹੁਣਾ ਚਾਹੁੰਦੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਵੀ ਮਾਤ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਕਿਰਤ ਦੀ ਲੁੱਟ ਅਤੇ ਜ਼ਬਰ ਜ਼ੁਲਮ ਦੇ ਖਾਤਮੇ ਲਈ ਜਾਤਪਾਤੀ ਵਿਵਸਥਾ ਨੂੰ ਖਤਮ ਕਰਕੇ ਸਮੂਹ ਕਿਰਤੀ ਕਿਸਾਨਾਂ ਨੂੰ ਇੱਕਜੁੱਟ ਕਰਨ ਲਈ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ।
ਉਨ੍ਹਾਂ ਐਲਾਨ ਕੀਤਾ ਕਿ ਮੌਜੂਦਾ ਸੰਘਰਸ਼ ਦੀ ਹੋਰ ਤਕੜਾਈ ਲਈ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸਭਨਾਂ ਵਰਗਾਂ ਨੂੰ ਇਸ ਘੋਲ 'ਚ ਸ਼ਾਮਲ ਕਰਾਉਣ ਲਈ ਹੋਰ ਤਾਣ ਜੁਟਾਉਣ ਦਾ ਸੱਦਾ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਸਮੁੱਚੇ ਮੁਲਕ 'ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਖਰੀਦ ਮੁੱਲ ਤੇ ਸੰਵਿਧਾਨਕ ਗਾਰੰਟੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।ਦਿੱਲੀ ਦੇ ਸੱਭਿਆਚਾਰਕ "ਭੰਗੜਾ ਅਰੀਨਾ"ਗਰੂਪ ਵੱਲੋਂ ਸਟੇਜ 'ਤੇ ਇਨਕਲਾਬੀ ਬੋਲੀਆਂ ਨਾਲ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।