ਅਸ਼ੋਕ ਵਰਮਾ
ਚੰਡੀਗੜ੍ਹ,17 ਅਪਰੈਲ 2021:ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦਿੱਲੀ ਦੇ ਕਿਸਾਨ-ਮੋਰਚਿਆਂ ‘ਚ ਔਰਤਾਂ ਅਤੇ ਨੌਜਵਾਨਾਂ ਦੇ ਜਥੇ ਭੇਜਣ ‘ਚ ਤੇਜ਼ੀ ਆਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਸ਼ੋਸ਼ਲ-ਮੀਡੀਆ ‘ਤੇ ਚਲ ਰਹੀਆਂ ਅਫਵਾਹਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੰਦੇ, ਪ੍ਰੰਤੂ ਫਿਰ ਵੀ ਕਿਸਾਨ-ਅੰਦੋਲਨ ਨੂੰ ਸਫਲ ਬਨਾਉਣ ਅਤੇ ਬਚਾਉਣ ਲਈ ਹਰ ਪੱਖੋਂ ਸੁਚੇਤ ਅਤੇ ਦਿ੍ਰੜ ਹਨ ਜਿਸ ਕਰਕੇ ਔਰਤਾਂ ਅਤੇ ਨੌਜਵਾਨਾਂ ਦੇ ਜੱਥੇ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਲਗਾਤਾਰ ਭੇਜੇ ਜਾ ਰਹੇ ਹਨ। ਕਿਸਾਨ-ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ‘ਆਪ੍ਰੇਸ਼ਨ ਕਲੀਨ’ ਦਾ ਸ਼ੋਸ਼ਾ ਚਰਚਾ ‘ਚ ਹੈ। ਕਿਹਾ ਜਾ ਰਿਹਾ ਹੈ ਕਿ ਇਸ ਆਪ੍ਰੇਸ਼ਨ ਰਾਹੀਂ ਸਰਕਾਰ ਪੁਲਿਸ ਐਕਸ਼ਨ ਕਰਕੇ ਦਿੱਲੀ ਧਰਨੇ ਵਾਲੀਆਂ ਥਾਵਾਂ ਤੋਂ ਕਿਸਾਨਾਂ ਨੂੰ ਖਦੇੜ ਸਕਦੀ ਹੈ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਭੁੱਲ ਕੇ ਵੀ ਅਜਿਹਾ ਤੁਗਲਕੀ ਕਦਮ ਉਠਾਉਣ ਦੇ ਰਾਹ ਨਾ ਪਵੇ। ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਅੰਦੋਲਨ ਦੀ ਸਫਲਤਾ ਲਈ ਉਹ ਜਾਨਾਂ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ । ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਆਗਿਆਕਾਰੀ ਕਰੋਨਾ ਹੈ, ਜੋ ਨਾਂ ਤਾਂ ਕੁੰਭ ਮੇਲੇ ’ਚ ਲੱਖਾਂ ਦੇ ਇਕੱਠ ਨੂੰ ਕੁਝ ਕਹਿੰਦਾ ਹੈ ਅਤੇ ਨਾ ਹੀ ਬੰਗਾਲ ਦੀਆਂ ਚੋਣ ਰੈਲੀਆਂ ‘ਚ ਦਾਖਲ ਹੁੰਦਾ ਹੈ ਬਲਕਿ ਸਿਰਫ ਕਿਸਾਨ ਧਰਨਿਆਂ ‘ਚ ਹੀ ਫੇਰੀ ਪਾਉਂਦਾ ਹੈ। ਕਿਸਾਨ ਆਗੂਆਂ ਨੇ ਸਖਤ ਸ਼ਬਦਾਂ ‘ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਪੁਲਿਸ ਐਕਸ਼ਨ ਰਾਹੀਂ ਅੰਦੋਲਨ ਖਤਮ ਕਰਵਾਉਣ ਵਾਲਾ ਰਾਹ ਬਿਲਕੁੱਲ ਵੀ ਨਹੀਂ ਹੈ ।
ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਰਾਹ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਲਈ ਨਵਾਂ ਕਾਨੂੰਨ ਬਣਾਉਣ ਦਾ ਹੀ ਹੈ ਇਸ ਲੲਾਂੀ ਇਹ ਕੰਮ ਜਿੰਨੀ ਜਲਦੀ ਹੋ ਜਾਵੇ, ਸਰਕਾਰ ਲਈ ਓਨਾਂ ਹੀ ਫਾਇਦੇਮੰਦ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਵਾਢੀ ਸੀਜ਼ਨ ਜਲਦੀ ਖਤਮ ਹੋ ਰਿਹਾ ਹੈ ਅਤੇ ਕਿਸਾਨ ਫਿਰ ਤੋਂ ਦਿੱਲੀ ਧਰਨਿਆਂ ਵੱਲ ਵਹੀਰਾਂ ਘੱਤਣਗੇ। ਉਨ੍ਹਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਅਗਲੇ ਦਿਨਾਂ ਲਈ ਹੋਰ ਵਧੇਰੇ ਤਿੱਖੇ ਪ੍ਰੋਗਰਾਮ ਉਲੀਕ ਰਿਹਾ ਹੈ ਅਤੇ ਇਹ ਘੋਲ ਹੁਣ ਜਨ-ਅੰਦੋਲਨ ਬਣ ਚੁੱਕਿਆ ਹੈ ਜੋ ਕਰੋਨਾ ਬਹਾਨੇ ਖਤਮ ਨਹੀਂ ਕੀਤਾ ਜਾ ਸਕਦਾ। ਕਿਸਾਨ ਆਗੂ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਪੂਰੇ ਦੇਸ਼ ’ਚ ਸਾਰੀਆਂ ਫਸਲਾਂ ਲਈ ਇੱਕ ਸਾਰ ਐਮ ਐਸ ਪੀ ਵਾਲਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ।
ਬਾਰਦਾਨੇ ਦੀ ਘਾਟ ਪੂਰੀ ਕਰਨ ਦੀ ਮੰਗ
ਕਿਸਾਨ-ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅਨਾਜ ਮੰਡੀਆਂ ‘ਚ ਬਾਰਦਾਨੇ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨੀ ‘ਚ ਹਨ। ਕਿਸਾਨ-ਜਥੇਬੰਦੀਆਂ ਦੇ ਆਗੂ ਟੀਮਾਂ ਬਣਾ ਕੇ ਮੰਡੀਆਂ ‘ਚ ਕਿਸਾਨ-ਭਰਾਵਾਂ ਦੀਆਂ ਮੁਸ਼ਕਿਲਾਂ ਸੁਣ ਅਤੇ ਸਰਕਾਰ ਖ਼ਿਲਾਫ਼ ਮੁਜਾਹਰੇ ਵੀ ਕੀਤੇ ਹਨ। ਕਿਸਾਨਾਂ ਨੂੰ ਮੰਡੀਆਂ ‘ਚ ਬੈਠਿਆਂ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਦੂਜੇ ਪਾਸੇ ਖਰੀਦ ਕੇਂਦਰ ਕਣਕ ਨਾਲ ਭਰੇ ਪਏ ਹਨ ਅਤੇ ਲਿਫਟਿੰਗ ਨਾ ਹੋਣ ਕਾਰਨ ਅਤੇ ਬਹੁਤ ਸਾਰੇ ਖਰੀਦ ਕੇਂਦਰਾਂ ਵਿੱਚ ਬਾਰਦਾਨਾ ਨਾ ਪੁੱਜਣ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਮੌਸਮ ਖ਼ਰਾਬ ਹੋਣ ਕਾਰਨ ਕਿਸਾਨ ਪ੍ਰੇਸ਼ਾਨੀ ‘ਚੋੰ ਲੰਘ ਰਹੇ ਹਨ। ਪੰਜਾਬ ਸਰਕਾਰ ਤੁਰੰਤ ਬਾਰਦਾਨੇ ਦੀ ਘਾਟ ਪੂਰੀ ਕਰਦਿਆਂ ਮੰਡੀਆਂ ‘ਚ ਖਰੀਦ ਪ੍ਰਕਿਰਿਆ ਪੂਰੀ ਕਰੇ।