ਦਿੱਲੀ ਮੋਰਚਾ: ਤੂਫਾਨ ਵੱਲੋਂ ਝੰਬਣ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ
ਅਸ਼ੋਕ ਵਰਮਾ
ਨਵੀਂ ਦਿੱਲੀ,22 ਮਈ2021: ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਉਣ ਸਮੇਤ ਵੱਖ ਵੱਖ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਪਈ ਭਾਰੀ ਬਾਰਸ਼ ਨਾਲ ਸਾਜ਼ੋ ਸਮਾਨ ਅਤੇ ਟੈਂਟ ਆਦਿ ਭਿੱਜ ਕੇ ਪਾਟਣ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਜੱਥੇਬੰਦੀ ਦੇ ਵਲੰਟੀਅਰਾਂ ਨੇ ਖਰਾਬ ਹੋਇਆ ਸਾਜ਼ੋ ਸਮਾਨ ਹਟਾਕੇ ਉਸ ਨੂੰ ਨਵੇਂ ਸਿਰਿਓਂ ਲਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਮੋਰਚੇ ਦੌਰਾਨ ਗਰਮੀ ਤੇ ਹੁੰਮਸ ਦੇ ਬਾਵਜੂਦ ਹਜਾਰਾਂ ਦੀ ਗਿਣਤੀ ’ਚ ਕਿਸਾਨਾਂ ਮਜਦੂਰਾਂ ਅਤੇ ਕਿਸਾਨ ਬੀਬੀਆਂ ਨੇ ਕਿਸਾਨ ਮੋਰਚੇ ‘ਚ ਸ਼ਮੂਲੀਅਤ ਕੀਤੀ। ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਅਤੇ ਖੇਤੀ ਕਾਨੂੰਨ ਫੌਰੀ ਤੌਰ ਤੇ ਰੱਦ ਕਰਨ ਦੀ ਮੰਗ ਦੁਰਹਾਈ। ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਇਹ ਭਰਮ ਪਾਲ ਰਹੀ ਹੈ ਕਿ ਕਿਸਾਨ ਥੱਕ ਹਾਰ ਕੇ ਘਰਾਂ ਨੂੰ ਪਰਤ ਜਾਣਗੇ ਪਰ ਇਹ ਵਹਿਮ ਹੈ ਕਿਸਾਨਾਂ ਨੇ ਖਾਲੀ ਹੱਥ ਨਾਂ ਪਰਤਣ ਦਾ ਅਹਿਦ ਲਿਆ ਹੈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਰਾਤ ਨੂੰ ਇੱਕ ਵਜੇ ਐਨਾਂ ਭਾਰੀ ਤੂਫਾਨ ਆਇਆ ਕਿ ਕਿਸਾਨਾਂ ਨੇ ਪੂਰੀ ਰਾਤ ਆਪਣੇ ਆਰਜ਼ੀ ਬਣਾਏ ਹੋਏ ਘਰ ਅਤੇ ਪੰਡਾਲ ਦੀਆਂ ਪਾਈਪਾਂ ਨੂੰ ਫੜ ਕੇ ਰੱਖਿਆ । ਉਨ੍ਹਾਂ ਦੱਸਿਆ ਕਿ ਇਸ ਤੂਫ਼ਾਨ ਨਾਲ ਆਰਜੀ ਘਰ ਅਤੇ ਪੰਡਾਲ ਵਿੱਚ ਲੱਗੀਆਂ ਪਾਈਪਾਂ ਟੁੱਟ ਗਈਆਂ ਜਦੋਂਕਿ ਉਨ੍ਹਾਂ ਦੀਆਂ ਛੱਤਾਂ ਨੂੰ ਤੇਜ ਹਵਾ ਉਡਾ ਕੇ ਲੈ ਗਈ ਹੈ । ਉਨ੍ਹਾਂ ਦੱਸਿਆ ਕਿ ਬਾਥਰੂਮ ਅਤੇ ਪਖ਼ਾਨਿਆਂ ਦੀ ਵੀ ਭੰਨ ਤੋੜ ਹੋਈ ਹੈ ਅਤੇ ਬਿਜਲੀ ਸਪਲਾਈ ਤੇ ਵੀ ਬੁਰਾ ਅਸਰ ਪਿਆ ਹੈ। । ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ’ਚ ਰਤਾ ਵੀ ਫਰਕ ਨਹੀਂ ਪਿਆ ਹੈ ਬਲਕਿ ਉਹ ਪੰਡਾਲ ਲਈ ਮਗਵਾਇਆ ਨਵਾਂ ਟੈਂਟ ਲਾਉਣ ’ਚ ਜੁਟੇ ਹੋਏ ਹਨ ਅਤੇ ਬਾਕੀ ਪ੍ਰਬੰਧਾਂ ਨੂੰ ਵੀ ਨਵੇਂ ਸਿਰਿਉਂ ਤੇਜੀ ਨਾਲ ਨਵੇਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਰੋਕ ਮਸਲੇ ਦਾ ਹੱਲ ਨਹੀਂ ਬਲਕਿ ਇਹ ਮੁੱਢੋ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕ ਲੈਣ ਲਈ ਸੰਘਰਸ਼ਾਂ ਦੇ ਰਾਹ ਪੈਣ ਨੂੰ ੀ ਸਭ ਤੋਂ ਵੱਡੀ ਜਰੂਰਤ ਮੰਨਦਿਆਂ ਕਾਫਲਿਆਂ ਨੇ ਦਿੱਲੀ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਆਗੂ ਨੇ ਦੋਸ਼ ਲਾਏ ਕਿ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਅਤੇ ਉਨ੍ਹਾਂ ਦੀ ਤਿਜੌਰੀਆਂ ਭਰਨ ਲਈ ਖੇਤੀ ਖੇਤਰ ਨਾਲ ਧਰੋਹ ਕਮਾਇਆ ਜਾ ਰਿਹਾ ਹੈ ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਖੇਤੀ ਲਾਗਤਾਂ ‘ਚ ਵਾਧੇ,ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਭਾਅ ‘ਚ ਹੱਦੋਂ ਵੱਧ ਵਾਧਾ, ਨਕਲੀ ਕੀਟਨਾਸ਼ਕਾਂ, ਨਕਲੀ ਬੀਜ਼, ਕੁਦਰਤੀ ਆਫ਼ਤਾਂ ਆਦਿ ਕਾਰਨ ਨਾ ਕੇਵਲ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ ਬਲਕਿ ਇਸ ਵਰਤਾਰੇ ਕਾਰਨ ਕਿਸਾਨ ਕਰਜੇ ਦੇ ਮੱਕੜਜਾਲ ’ਚ ਉਲਝ ਗਏ ਹਨ ਜਿੱਥੋਂ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਖਾਈ ਦਿੰਦਾ ਹੈ।
ਕਿਸਾਨ ਆਗੂ ਨੇ ਕਿਹਾ ਸਾਲ ਪਹਿਲਾਂ ਆਈ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਬਲਕਿ ਕਰੋਨਾ ਸਮੇਂ ਦੌਰਾਨ ਜਦੋਂ ਲੋਕ ਘਰਾਂ ਵਿੱਚ ਬੰਦ ਕੀਤੇ ਹੋਏ ਸਨ ਤਾਂ ਭਾਜਪਾ ਦੀ ਮੋਦੀ ਸਰਕਾਰ ਨੇ ਲੋਕਾਂ ’ਤੇ ਲੁੱਟ ਦਾ ਕੁਹਾੜਾ ਤੇਜ ਕਰਦਿਆਂ ਖੇਤੀ ਕਾਲੇ ਕਾਨੂੰਨ ਲਿਆਂਦੇ , ਕਿਰਤ ਕਾਨੂੰਨਾਂ ‘ਚ ਸੋਧ ਕੀਤੀ ,ਸਰਕਾਰੀ ਸਿੱਖਿਆ ਦੇ ਉਜਾੜੇ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ ਅਤੇ ਮੁਲਕ ਦੇ ਜਨਤਕ ਅਦਾਰੇ ਵਿੱਕਰੀ ਤੇ ਲਾਏ ਸਨ ਜਦੋਂਕਿ ਹੁਣ ਵੀ ਕਰੋਨਾ ਦੀ ਆੜ ’ਚ ਜਬਰ ਦਾ ਕੁਹਾੜਾ ਤੇਜ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਖੇਤੀ ਕਾਨੂੰਨ , ਬਿਜਲੀ ਸੋਧ ਬਿੱਲ ਅਤੇ ਪਰਾਲੀ ਆਰਡੀਨੈਂਸ ਰੱਦ ਕਰਨ ਦੇ ਨਾਲ ਨਾਲ ਸਰਕਾਰ ਤੋਂ ਰੇਹ, ਸਪਰੇਅ ,ਮਸ਼ੀਨਰੀ ,ਬੀਜ ਅਤੇ ਹੋਰ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਨਾਫ਼ਿਆਂ ਵਿੱਚ ਕੱਟ ਲਾ ਕੇ ਖੇਤੀ ਲਾਗਤ ਖਰਚੇ ਘੱਟ ਅਤੇ ਖੇਤੀ ਲਾਗਤ ਵਾਲੀਆਂ ਵਸਤਾਂ ਨੂੰ ਟੈਕਸ ਰਹਿਤ ਕਰ ਕੇ ਸਬਸਿਡੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।