ਦਿੱਲੀ ਮੋਰਚਾ: ਵੋਟਾਂ ਵਾਲਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ
ਅਸ਼ੋਕ ਵਰਮਾ
ਨਵੀਂ ਦਿੱਲੀ,18 ਮਈ 2021:ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਆਲੇ - ਦੁਆਲੇ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਅੰਦਰ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਉੱਤਰਾਖੰਡ ਦੇ ਪਰਵੀਨ ਕਾਸ਼ੀ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦਾ ਡਰ ਫੈਲਾ ਕੇ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਪਰ ਮੋਰਚਾ ਮੁੜ ਵੱਡੀ ਪੱਧਰ 'ਤੇ ਵੱਧਣ ਲੱਗਿਆ ਹੈ।ਕਿਸਾਨ ਆਗੂ ਨੇ ਭਗਤ ਸਿੰਘ ਅਤੇ ਕਰਤਾਰ ਸਰਾਭੇ ਦੇ ਜੀਵਨ ਦੀਆਂ ਉਦਾਹਰਣਾਂ ਦਿੰਦਿਆਂ ਪੰਡਾਲ ਵਿੱਚ ਜ਼ੋਸ਼ ਭਰ ਦਿੱਤਾ। ਬੱਲੀ ਸਿੰਘ ਉੱਤਰਾਖੰਡ ਨੇ ਗੀਤ " ਦੁਨੀਆਂ ਨੂੰ ਸੋਹਣਾ ਬਣਾਉਣ ਵਿੱਚ ਹਿੱਸਾ ਪਾਵਾਂਗੀ,ਨਾ ਰੋਕ ਸੋਹਣਿਆ ਮੈਨੂੰ ਮੈ ਧਰਨੇ 'ਚ ਜਾਵਾਂਗੀ " ਨਾਲ ਹੀ ਉਨ੍ਹਾਂ ਕਿਹਾ ਸਰਕਾਰ ਦੀ ਨੀਤੀ ਅਤੇ ਨੀਅਤ ਸਾਫ਼ ਨਹੀਂ ਹੈ।
ਭੈਣ ਕਰਮਜੀਤ ਕੌਰ ਕੌੜਾ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਸਾਰੇ ਮਿਹਨਤੀ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਕਰਨਗੇ ਅਤੇ ਇਹ ਕੋਰੋਨਾ ਤੋਂ ਵੀ ਭੈੜੇ ਹਨ।ਉਨ੍ਹਾਂ ਨੇ ਮੋਦੀ ਸਰਕਾਰ ਨੂੰ ਪੁੱਛਦਿਆਂ ਕਿਹਾ ਕਿ ਸਾਡੇ ਅੱਛੇ ਦਿਨ ਕਿੱਥੇ ਗਏ।ਪਰਮਿੰਦਰ ਸਿੰਘ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਲਗਪਗ 400 ਕਿਸਾਨ,ਮਜ਼ਦੂਰ ਸ਼ਹੀਦੀ ਪਾ ਚੁੱਕੇ ਹਨ।ਲੋਕਾਂ ਨੂੰ ਵੋਟਾਂ ਵਾਲਾ ਰਾਹ ਛੱਡ ਕੇ ਰਾਜਨੀਤਕ ਲੋਕਾਂ ਤੋਂ ਦੂਰ ਰਹਿ ਕੇ ਸੰਘਰਸ਼ਾਂ ਵਿੱਚ ਆਉਣਾ ਚਾਹੀਦਾ ਹੈ ਬਹਾਦਰ ਸਿੰਘ ਭੁਟਾਲ ਨੇ ਦੱਸਿਆ ਕਿ ਉਦਯੋਗਿਕ ਗਲਿਆਰਾ ਦਿੱਲੀ ਤੋਂ ਅੰਮ੍ਰਿਤਸਰ ਕਲਕੱਤਾ ਤੱਕ ਜਾਣਾ ਹੈ।ਇਸ ਵਿੱਚ 5 ਰਾਜਾਂ ਦੀ ਜ਼ਮੀਨ ਆਵੇਗੀ।ਇਸ ਦੀ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੀਤੀ ਸੀ।ਇਸ ਨਾਲ 40 % ਲੋਕਾਂ ਦੀ ਰੋਜ਼ੀ ਰੋਟੀ ਵਿੱਚ ਲੱਤ ਵੱਜੇਗੀ।
ਦਲਜੀਤ ਸਿੰਘ ਦਲਾਲ ਅਤੇ ਮਹਿੰਗਾ ਸਿੰਘ (ਹਰਿਆਣਾ) ਨੇ ਕਿਹਾ ਕਿ ਪੰਜਾਬ ਅਤੇ ਹਰਿਆਣੇ ਤੋਂ ਸੰਘਰਸ਼ ਦੀ ਸ਼ੁਰੂਆਤ ਹੋਈ ਅਤੇ ਫਿਰ ਸਾਰੇ ਦੇਸ਼ ਅੰਦਰ ਅੰਦੋਲਨ ਭਖ ਗਿਆ। ਸਰਬਜੀਤ ਸਿੰਘ ਭਰਥਲਾ ਨੇ ਕਿਹਾ ਕਿ ਜਿਸ ਸਮੇਂ ਆਪਾਂ ਪੰਜਾਬ ਤੋਂ ਚੱਲੇ ਸੀ ਤਦ ਕੁਝ ਸ਼ਰਾਰਤੀ ਅਨਸਰਾਂ ਨੇ ਘੋਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।ਸਰਕਾਰ ਨੇ ਵੀ ਘੋਲ ਨੂੰ ਢਾਹ ਲਾੳਣ ਦੀ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ ਪਰ ਅੰਦੋਲਨ ਦਿਨੋ ਦਿਨ ਅੱਗੇ ਵਧ ਰਿਹਾ ਹੈ।