ਦਿੱਲੀ ਮੋਰਚੇ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੈਡੀਕਲ ਸੇਵਾਵਾਂ ਜਾਰੀ
ਪਰਵਿੰਦਰ ਸਿੰਘ ਕੰਧਾਰੀ
- ਐਸਪੀ ਸਿੰਘ ਉਬਰਾਏ ਪੰਜਾਬੀਆ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ
ਫਰੀਦਕੋਟ, 1 ਮਈ 2021 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਡਾਇਰੈਕਟਰ ਡਾ: ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਪੰਜਾਬ ਪ੍ਰਧਾਨ ਸ: ਜੱਸਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਦਿੱਲੀ ਕਿਸਾਨ ਮੋਰਚੇ ਵਿਖੇ ਟਿਕਰੀ ਬਾਰਡਰ ਅਤੇ ਕੁੰਢਲੀ ਬਾਰਡਰ ਤੇ ਲਗਾਤਾਰ ਮੈਡੀਕਲ ਸਹੂਲਤਾਂ ਲਈ ਮੈਡੀਕਲ ਕੈਂਪ ਜਾਰੀ ਹਨ | ਜਾਣਕਾਰੀ ਦਿੰਦਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਰੀਦਕੋਟ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ, ਭਰਪੂਰ ਸਿੰਘ ਤੇ ਪਰਦੀਪ ਚਮਕ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਪੰਜਾਬ ਦੀਆਂ ਜਿਲ੍ਹਾ ਵਾਰ ਇਕਾਈਆ ਦੁਆਰਾ ਆਪੋ ਆਪਣੀ ਵਾਰੀ ਰਾਹੀ ਡਿਊਟੀਆ ਦੇ ਕੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਦੁਆਰਾ ਮੈਡੀਕਲ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ |
ਉਹਨਾਂ ਨੇ ਦੱਸਿਆ ਕਿ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨਾਂ ਮਜਦੂਰਾਂ, ਬੀਬੀਆ ਅਤੇ ਹਰ ਤਰਾਂ ਨਾਲ ਸਹਿਯੋਗ ਕਰ ਰਹੇ ਹਰ ਵਰਗ ਨੂੰ ਮੈਡੀਕਲ ਸਹੂਲਤਾਂ ਮੁਫਤ ਦਿੱਤੀਆ ਜਾ ਰਹੀਆ ਹਨ | ਉਹਨਾਂ ਦੱਸਿਆ ਕਿ 24 ਘੰਟੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਤੇ ਡਾਕਟਰਾਂ ਦੀ ਟੀਮ ਬਾਰਡਰਾਂ ਤੇ ਹਰ ਸਮੇਂ ਮੈਡੀਕਲ ਸਹੂਲਤ ਲਈ ਤਿਆਰ ਮਿਲਦੀ ਹੈ | ਉਹਨਾਂ ਦੱਸਿਆ ਕਿ ਮਾਹਿਰ ਡਾ: ਬਿਮਾਰੀ ਦੀ ਡਾਇਗਨੋਜ ਕਰਕੇ ਮੁਫਤ ਦਵਾਈ ਦਿੰਦੇ ਹਨ | ਮਾਸਟਰ ਭਰਪੂਰ ਸਿੰਘ ਪਰਦੀਪ ਚਮਕ ਤੇ ਡਾ: ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਦਲਦੇ ਮੌਸਮ ਤੇ ਚੁਣੋਤੀਆਂ ਭਰੇ ਸੰਘਰਸ਼ ਵਿੱਚ ਕਿਸਾਨਾਂ ਨੂੰ ਸਿਹਤ ਸਬੰਧੀ ਕਾਫੀ ਸਮੱਸਿਆਵਾਂ ਆ ਰਹੀਆ ਹਨ | ਜਿਹਨਾਂ ਦਾ ਮਾਹਿਰ ਡਾਕਟਰ ਦੁਆਰਾ ਮੌਕੇ ਤੇ ਹੀ ਹੱਲ ਕਰ ਦਿੱਤਾ ਜਾਂਦਾਂ ਹੈ |
ਉਹਨਾਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਦਾਨੀ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਸ: ਐਸ ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਭਲਾਈ ਨੂੰ ਸਮਰਪਿਤ ਬਣਾਏ ਗਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀ ਦਿੱਲੀ ਵਿਖੇ ਜਾਰੀ ਕਿਸਾਨ ਮੋਰਚੇ ਤੇ ਡਟੇ ਕਿਸਾਨਾਂ ਮਜਦੂਰਾਂ,ਔਰਤਾਂ ਨਹਿੰਗ ਸਿੰਘ ਅਤੇ ਉੱਥੇ ਹਾਜਿਰ ਹਰ ਪ੍ਰਾਣੀ ਲਈ ਲੋੜ ਅਨੁਸਾਰ ਮੱਦਦ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਰੀਦਕੋਟ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ, ਭਰਪੂਰ ਸਿੰਘ ਤੇ ਪਰਦੀਪ ਚਮਕ ਨੇ ਦੱਸਿਆ ਕਿ ਦਸੰਬਰ ਤੋਂ ਜਾਰੀ ਕਿਸਾਨ ਅੰਦੋਲਨ ਵਿੱਚ ਕਿਸਾਨ ਬੀਬੀਆ ਲਈ ਰੈਣ ਬਸੇਰੇ, ਸਫਾਈ ਲਈ ਡੰਡਿਆ ਵਾਲੇ ਦੋ ਹਜਾਰ ਝਾੜੂ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾ ਅਤੇ ਰਾਤ ਨੂੰ ਸੌਣ ਲਈ ਕੰਬਲ, ਤੋਲੀਏ, ਚੱਪਲ, ਰਿਫਲੈਕਟਰ, ਅਤੇ ਨਿਹੰਗ ਸਿੰਘਾਂ ਦੇ ਘੋੜਿਆ ਲਈ 50 ਕੁਇੰਟਲ ਛੋਲੇ ਅਤੇ ਦਾਲ ਵੀ ਭੇਜੀ ਗਈ ਸੀ |
ਉਹਨਾਂ ਦੱਸਿਆ ਕਿ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸ ਨੂੰ 10 ਹਜਾਰ ਰੁਪੈ ਪੈਨਸ਼ਨ ਵੀ ਦਿੱਤੀ ਜਾਵੇਗੀ | ਉਹਨਾਂ ਦੱਸਿਆ ਕਿ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਪਿਛਲੇ ਕੁਝ ਸਾਲਾਂ ਤੋਂ ਬੇਸਹਾਰਾ, ਦੀਨ ਦੁਖੀਆਂ, ਗਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਮਦੱਦ ਕਰ ਰਿਹਾ ਹੈ | ਉਹਨਾਂ ਦੱੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਪ੍ਰਵਾਸੀ ਮਜਦੂਰਾਂ, ਲੋੜਵੰਦ ਵਿਧਵਾ, ਮਹੰਤ, ਰਾਗੀ ਢਾਡੀ, ਅੰਗਹੀਣ, ਵਿਧਵਾ ਰਿਕਸ਼ਾ ਚਾਲਕਾਂ ਨੂੰ ਖੰਡ, ਚਾਵਲ, ਆਟਾ, ਦਾਲ ਅਤੇ ਚਾਹਪੱਤੀ ਆਦਿ ਸੁੱਕਾ ਰਾਸ਼ਨ ਵੀ ਵੰਡਿਆ ਗਿਆ ਸੀ | ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰੋ ਸਿਸਟਮ ਲਗਾਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ | ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬੇਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ |
ਉਹਨਾਂ ਦੱਸਿਆ ਕਿ ਮਰੀਜਾਂ ਦੇ ਪ੍ਰਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰੇ ਬਣਾਏ ਗਏ ਹਨ | ਜਿੱਥੇ ਮਰੀਜਾਂ ਦੇ ਵਾਰਿਸਾ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ ਉਹਨਾਂ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਵਿੱਚ ਹੀ ਕਲੀਨਿਕਲ ਲੈਬੋਰੇਟਰੀ ਰਾਹੀ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ | ਉਹਨਾਂ ਕਿਹਾ ਕਿ ਸਮਾਜ ਸੇਵੀ ਡਾ: ਐਸ ਪੀ ਸਿੰਘ ਉਬਰਾਏ ਵਿਦੇਸ਼ਾ ਵਿੱਚ ਫਸੇ ਭਾਰਤੀਆ ਦੀ ਮੱਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਉਹਨਾਂ ਅਨੇਕਾਂ ਪੰਜਾਬੀ ਤੇ ਏਸੀਅਨ ਲੋਕਾਂ ਨੂੰ ਬਲੱਡ ਮਨੀ ਰਾਹੀ ਸਜਾ ਤੋਂ ਬਚਾ ਕੇ ਜਿੰਦਗੀ ਬਖਸ਼ੀ | ਡਾ: ਉਬਰਾਏ ਨੂੰ ਅਨੇਕਾਂ ਪੰਜਾਬੀਆ ਨੂੰ ਵਿਦੇਸ਼ਾਂ ਵਿੱਚ ਕਿਸੇ ਕਾਰਣ ਫਸ ਜਾਣ ਤੇ ਵਾਪਿਸ ਆਪਣੇ ਘਰ ਪਹੁੰਚਾਇਆ | ਉਹਨਾਂ ਕਿਹਾ ਕਿਹਾ ਡਾ: ਐਸਪੀ ਸਿੰਘ ਪੰਜਾਬੀਆ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ | ਉਹਨਾਂ ਦੇੇ ਮਾਨਵਤਾ ਭਲਾਈ ਦੇ ਕੀਤੇ ਕੰਮਾਂ ਦੀ ਪੁਰੇ ਵਿਸ਼ਵ ਵਿੱਚ ਪ੍ਰਸੰਸ਼ਾ ਹੋ ਰਹੀ ਹੈ | ਉਹ ਮੁਸੀਬਤ ਵਿੱਚ ਫਸੇ ਪੰਜਾਬੀਆ ਲਈ ਰੱਬ ਬਣ ਕੇ ਬਹੁੜੇ ਹਨ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫਰੀਦਕੋਟ ਦੇ ਭਰਪੂਰ ਸਿੰਘ, ਜਗਪਾਲ ਸਿੰਘ, ਸੂਰਤ ਸਿੰਘ ਖਾਲਸਾ, ਕਰਮਿੰਦਰ ਸਿੰਘ, ਕਰਮਜੀਤ ਸਿੰਘ ਸਰਾਂ, ਦਵਿੰਦਰ ਸਿੰਘ ਸੰਧੂ, ਜਸਵੀਰ ਬਰਾੜ ਅਮਨਪ੍ਰੀਤ ਸਿੰਘ ਹੈਪੀ ਨਿਰਮਲ ਸਿੰਘ ਡਾ: ਗੁਰਵਿੰਦਰ ਸਿੰਘ ਆਦਿ ਮੈਂਬਰ ਅਤੇ ਅਹੁਦੇਦਾਰ ਹਾਜਿਰ ਸਨ।