ਦਿੱਲੀ ਮੋਰਚੇ ਦੌਰਾਨ ਮਨਾਇਆ ਸਰਹਿੰਦ ਫਤਹਿ ਦਾ ਇਤਿਹਾਸਕ ਦਿਵਸ
ਅਸ਼ੋਕ ਵਰਮਾ
ਨਵੀਂ ਦਿੱਲੀ,12 ਮਈ 2021:ਦਿੱਲੀ ਦੇ ਆਲੇ-ਦੁਆਲੇ ਦੀਆਂ ਹੱਦਾਂ 'ਤੇ ਲਗਾਤਾਰ ਚੱਲ ਰਹੇ ਮੋਰਚੇ ਅੰਦਰ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਕਵੀਸ਼ਰੀ ਜਥਿਆਂ ਨੇ ਮਾਧੋ ਦਾਸ ਤੋਂ ਬਣੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਸ ਭਰੀਆ ਵਾਰਾ ਗਾ ਕੇ ਕੀਤੀ।ਸਟੇਜ ਅੱਜ ਨੌਜਵਾਨਾਂ ਨੇ ਚਲਾਈ।ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ,ਮਜ਼ਦੂਰਾਂ,ਔਰਤਾਂ, ਨੋਜਵਾਨਾ ਅਤੇ ਛੋਟੇ ਕਾਰੋਬਾਰੀਆਂ ਨਾਲ ਖਚਾ ਖਚ ਭਰੇ ਪੰਡਾਲ ਨੂੰ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਰਹਿੰਦ ਫਤਹਿ ਦਾ ਇਤਿਹਾਸਕ ਦਿਨ ਹੈ । ਉਨ੍ਹਾਂ ਕਿਹਾ ਕਿ 1699 ਹੈ ਵਿੱਚ ਦਸਮੇਸ ਪਿਤਾ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਦਸ਼ਮੇਸ਼ ਪਿਤਾ ਤੋਂ ਥਾਪੜਾ ਲੈਕੇ 12 ਮਈ 1710 ਈਸਵੀ ਚ ਚੱਪੜਚਿੜੀ ਤੋਂ ਜੰਗ ਸ਼ੁਰੂ ਕੀਤੀ ।
ਉਨ੍ਹਾਂ ਕਿਹਾ ਕਿ ਸਰਹੰਦ ਤੇ ਜਿੱਤ ਪ੍ਰਾਪਤ ਕਰਕੇ ਜ਼ਮੀਨੀ ਲੜਾਈ ਲੜਦਿਆਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਵੀ ਉਵੇਂ ਹੀ ਲੜਾਈਆਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਦਾ ਪਹਿਲਾਂ ਨਾਂ ਮਾਧੋਦਾਸ ਵੈਰਾਗੀ ਸੀ। ਸਾਡੇ ਗੁਰੂ ਨੇ ਬੰਦਾ ਸਿੰਘ ਬਹਾਦਰ ਦੀ ਭਾਲ ਕਰਕੇ ਉਸ ਨੂੰ ਪਰਖਿਆ । ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਲੜਾਈ ਲੜ ਕੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆਂ ਪਰ ਪਹਿਲਾਂ ਮੁੱਠੀ ਪਰ ਲੋਕ ਜ਼ਮੀਨਾਂ ਤੇ ਕਬਜਾ ਕਰੀ ਬੈਠੇ ਸਨ ਪਰ ਅੱਜ ਹਾਲਾਤ ਇਹ ਹਨ ਕਿ ਲਗਪਗ 18 % ਕਿਸਾਨੀ ਦੀ ਜ਼ਮੀਨ ਚਲੀ ਗਈ ਪਰ ਦੂਜੇ ਪਾਸੇ 17 ਏਕੜ ਸਟੈਂਡਰਡ ਕਾਨੂੰਨ ਬਣਿਆ ਹੋਇਆ ਹੈ ਪਰ ਧਨਾਢਾਂ ਕੋਲ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਹੈ ਇਹ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਨੀ ਪਊਗੀ।
ਪੀਐੱਸਯੂ ਸ਼ਹੀਦ ਰੰਧਾਵਾ ਦੇ ਆਗੂ ਅਮਿਤੋਜ ਮੌੜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਚਾਚਾ ਅਜੀਤ ਸਿੰਘ ਦੀ ਲਹਿਰ ਵੱਲ ਵੀ ਚਾਨਣਾ ਪਾਇਆ। ਖੇਤੀਬਾੜੀ ਵਿਰੁੱਧ ਕਾਲੇ ਕਾਨੂੰਨਾਂ ਦੀ ਨਿੰਦਿਆ ਕੀਤੀ ਸਿਆਸੀ ਲਾਣੇ ਤੋਂ ਕਿਸੇ ਕਿਸਮ ਦੀ ਝਾਕ ਨਾ ਰੱਖੋ। ਚੱਲ ਰਹੇ ਲੰਮੇ ਘੋਲ ਦੀ ਤਾਰੀਫ਼ ਵੀ ਕੀਤੀ। ਗੁਰੂਆਂ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ ਇਸ ਅੰਦੋਲਨ ਵਿੱਚ ਔਰਤਾਂ ਦੇ ਪਾਏ ਯੋਗਦਾਨ ਨੂੰ ਸਲਾਹਿਆ
ਰੂਪ ਸਿੰਘ ਝੱਜਰ (ਹਰਿਆਣਾ) ਨੇ ਕਿਹਾ ਕਿ ਮੌਕੇ ਦੀ ਭਾਜਪਾ ਹਕੂਮਤ ਸਾਰੇ ਮਿਹਨਤੀ ਲੋਕਾਂ ਦੀ ਲੁੱਟ ਕਰ ਰਹੀ ਹੈ। ਮੌਕੇ ਦੀ ਸਰਕਾਰ ਦੀ ਨੀਤੀ ਅਤੇ ਨੀਅਤ ਵਿੱਚ ਫ਼ਰਕ ਹੈ। ਬੁਲਾਰਿਆਂ ਨੇ ਕਰੋਨਾ ਬਾਰੇ ਕਿਹਾ ਕਿ ਜਿਸ ਸਮੇਂ ਸਿਆਸੀ ਲੋਕ ਰੈਲੀਆਂ ਕਰਕੇ ਲੱਖਾਂ ਦਾ ਇਕੱਠ ਕਰ ਰਹੇ ਸਨ ਉਸ ਸਮੇਂ ਕਿਸੇ ਕਿਸਮ ਦਾ ਕੋਰੋਨਾ ਨਹੀਂ ਫੈਲਦਾ ਪਰ ਜਿਸ ਸਮੇਂ ਕਿਸਾਨ ਮਜ਼ਦੂਰ ਆਪਣਾ ਕੰਮ ਕਰਨ ਵਾਸਤੇ ਘਰੋਂ ਬਾਹਰ ਨਿਕਲਦੇ ਹਨ ਤਦ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਜਾਂਦਾ ਹੈ।
ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਪਰਮਜੀਤ ਕੌਰ ਕੌਟੜਾ ਨੇ ਕਿਹਾ ਕਿ ਕੋਈ ਸਮਾਂ ਸੀ ਜਿਸ ਸਮੇਂ ਬੈਂਕਾਂ ਵਾਲੇ ਕਿਸਾਨਾਂ ਦੇ ਘਰ ਤਲਾਸ਼ੀ ਕਰਦੇ ਸਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਭੇਜ ਦਿੰਦੇ ਸਨ ਪਰ ਅੱਜ ਲੋਕ ਜਥੇਬੰਦ ਹੋਏ ਹਨ। ਇਸ ਸਮੇਂ ਕਿਸੇ ਵੀ ਕਿਸਾਨ ਨੂੰ ਜੇਲ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕੁਰਕੀਆਂ ਨਿਲਾਮੀਆਂ 'ਤੇ ਜਥੇਬੰਦੀ ਦੀ ਤਰਫੋਂ ਮੁਕੰਮਲ ਪਾਬੰਦੀ ਲਾਈ ਹੋਈ ਹੈ। ਮਜ਼ਦੂਰਾ ਅਤੇ ਕਿਸਾਨਾਂ ਵੱਲੋਂ ਜਥੇਬੰਦੀ ਬਣਾਈਆਂ ਜਾ ਰਹੀਆ ਹਨ।
ਸ਼ਮਸ਼ੇਰ ਸਿੰਘ ਭੂਮੀ ਬਚਾਓ ਨੇ ਕਿਹਾ ਕਿ ਕਿਸਾਨਾਂ,ਮਜ਼ਦੂਰਾਂ ਦੀ ਭਲਾਈ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ।ਕੋਰੋਨਾ ਦੀ ਮਾਰ ਹੋਣ ਕਰਕੇ ਬਹੁਤ ਸਾਰੀਆਂ ਲਾਸ਼ਾਂ ਗੰਦੇ ਨਾਲੇ ਵਿੱਚ ਸੁੱਟੀਆਂ ਜਾ ਰਹੀਆਂ ਹਨ।ਕਰੋਨਾ ਦੇ ਸਬੰਧੀ ਕਿਹਾ ਕਿ ਸਰਕਾਰਾਂ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੈ।ਯੋਗ ਸਿਹਤ ਸਹੂਲਤਾਂ ਦੀ ਘਾਟ ਕਰਕੇ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਅੰਦਰ ਜਾ ਰਹੀਆਂ ਹਨ।
ਪੀ ਐੱਸ ਯੂ (ਸ਼ਹੀਦ ਰੰਧਾਵਾ) ਵੱਲੋਂ ਜਗਸੀਰ ਸਲੇਮਗੜ੍ਹ ਨੇ ਕਿਹਾ ਕਿ ਆਪਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲੇ ਸੀ।ਇਹ ਕੋਈ ਧਰਮ ਦੀ ਲੜਾਈ ਨਹੀਂ ਹੈ।ਇਹ ਕਾਲੇ ਕਾਨੂੰਨ ਖੇਤੀ ਤਬਾਹ ਕਰ ਕੇ ਲੋਕਾਂ ਦਾ ਜਿਊਣਾ ਦੁੱਭਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਜਿੱਤ ਇੱਕ ਸਿਆਸੀ ਪਾਰਟੀ ਦੀ ਜਿੱਤ ਹੈ ਇਸ ਜਿੱਤ ਨਾਲ ਆਪਣਾ ਕੁਝ ਨਹੀਂ ਸੰਵਰਨਾ।ਇਹ ਸਿਰਫ ਮਮਤਾ ਬੈਨਰਜੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਆਪਣੀਆਂ ਮਨਮਰਜ਼ੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤ ਵੀ ਕਰਨੀ ਹੈ ਅਤੇ ਕਿਰਤ ਦੀ ਰਾਖੀ ਵੀ ਕਰਨੀ ਹੈ।
ਬਲਵਿੰਦਰ ਸਿੰਘ ਘਨੌੜ ਜੱਟਾਂ ਨੇ ਕਿਹਾ ਕਿ ਆਪਾਂ ਆਪਣੀ ਰੋਜ਼ੀ ਰੋਟੀ ਦੀ ਲੜਾਈ ਲੜ ਰਹੇ ਹਾਂ ਮੌਕੇ ਦੀ ਭਾਜਪਾ ਹਕੂਮਤ ਕਿਸਾਨਾਂ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣਾ ਚਾਹੁੰਦੀ ਹੈ। ਮੋਦੀ ਹਕੂਮਤ ਵੱਲੋਂ ਜਨਤਕ ਅਦਾਰੇ ਵੇਚੇ ਜਾ ਰਹੇ ਹਨ।ਕਰੋਨਾ ਬਿਮਾਰੀ ਦੇ ਨਾਂ ਹੇਠ ਮਿਹਨਤਕਸ਼ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਅਸ਼ਵਨੀ ਘੁੱਦਾ ਨੇ ਦੱਸਿਆ ਕਿ ਮੋਦੀ ਹਕੂਮਤ ਭਾਰਤ ਦੀ ਕਿਸਾਨੀ ਨੂੰ ਬਰਬਾਦ ਕਰ ਰਹੀ ਹੈ। ਨੌਜਵਾਨ ਆਗੂ ਨੇ ਕਿਹਾ ਕਿ ਤੁਸੀਂ ਬਹਾਦਰ ਲੋਕ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ,ਟੋਲ ਪਲਾਜ਼ੇ ਅਤੇ ਮਾਲ ਆਦਿ ਨੂੰ ਘੇਰੀ ਬੈਠੇ ਹੋ।ਤੁਹਾਡੇ ਅੰਦਰ ਬਹੁਤ ਤਾਕਤ ਹੈ।ਲੋਕਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ। ਜ਼ਮੀਨ ਸਾਰੇ ਲੋਕਾਂ ਦਾ ਧੁਰਾ ਹੈ।ਉਨ੍ਹਾਂ ਕਿਹਾ ਕਿ ਅਸੀਂ ਵੀ ਮਾਨ ਸਨਮਾਨ ਦੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ ਸਟੇਜ ਸੈਕਟਰੀ ਦੀ ਭੂਮਿਕਾ ਰਾਜਵਿੰਦਰ ਸਿੰਘ ਰਾਜੂ ਨੇ ਬਾਖੂਬੀ ਨਿਭਾਈ।ਸਮੂਹ ਬੁਲਾਰਿਆਂ ਨੇ ਕਿਹਾ ਕਿ ਜਦੋਂ ਵੀ ਲੋਕ ਇਕੱਠੇ ਹੋ ਕੇ ਲੜੇ ਹਨ ਤਦ ਜਿੱਤੇ ਹਨ।ਦੁਨੀਆ ਦੀ ਕੋਈ ਵੀ ਤਾਕਤ ਲੋਕਾਂ ਨੂੰ ਹਰਾ ਨਹੀਂ ਸਕਦੀ।