ਦਿੱਲੀ ਮੋਰਚੇ ਦੌਰਾਨ ਵੋਟ ਰਾਜ ਰੱਦ ਕਰਕੇ ਮਸਲਿਆਂ ਲਈ ਜੱਥੇਬੰਦ ਹੋਣ ਦਾ ਸੱਦਾ
ਅਸ਼ੋਕ ਵਰਮਾ
ਨਵੀਂ ਦਿੱਲੀ,11 ਮਈ 2021 - ਖੇਤੀ ਸਬੰਧੀ (ਲੋਕ ਵਿਰੋਧੀ) ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਮੋਰਚਾ ਅੱਜ 165ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਘੋਲ ਲੰਮਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ ਕਿ ਲੋਕਾਂ ਨੂੰ ਵੀ ਸਾਡੇ ਵਾਰੇ ਜਾਣਨ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੋ ਸਕਦਾ ਹੈ ਕਿ ਅਸੀਂ ਵੋਟਾਂ ਰਾਹੀਂ ਰਾਜ ਸੱਤਾ ਹਾਸਲ ਕਰ ਲਈ ਕਿਸਾਨ ਅੰਦੋਲਨ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਪ੍ਰਬੰਧ ਵਿੱਚ ਇਮਾਨਦਾਰ ਵਿਅਕਤੀ ਵਲੋਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਲਈ ਕੋਈ ਥਾਂ ਨਹੀਂ ਹੈ ।
ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਦਰਸਾਉਂਦਾ ਹੈ ਕਿ ਇਸ ਸਮੇਂ ਕੋਈ ਵੀ ਆਦਮੀ ਕਿਸੇ ਗੈਰਕਾਨੂੰਨੀ ਧੰਦੇ ਵਿੱਚ ਫਸ ਜਾਂਦਾ ਹੈ ਤਦ ਇਸ ਸਮੇਂ ਇਮਾਨਦਾਰ ਸਰਪੰਚ ਦੀ ਪੈਸੇ ਤੋਂ ਬਿਨਾਂ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਰਾਜਨੀਤੀ ਵਿੱਚ ਕੋਈ ਵੁੱਕਤ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਲੋਕ ਜਥੇਬੰਦ ਹੋ ਕੇ ਤੁਰਦੇ ਹਨ ਤਾਂ ਲੋਕ ਤਾਕਤ ਦੇ ਜ਼ੋਰ ਮਸਲੇ ਹੱਲ ਹੂੰਦੇ ਹਨ । ਉਨ੍ਹਾਂ ਜਥੇਬੰਦਕ ਲੋਕ ਤਾਕਤ ਦੀਆਂ ਮਿਸਾਲਾਂ ਪੇਸ਼ ਕਰਦੇ ਹੋਏ ਕਿਹਾ ਕਿ ਬੈਂਕ ਅਧਿਕਾਰੀ ਡਿਫਾਲਟਰ ਕਿਸਾਨ ਨੂੰ ਫੜ ਨਹੀਂ ਸਕਦਾ,ਕਿਸੇ ਵੀ ਕਿਸਾਨ, ਮਜ਼ਦੂਰ ਦੀ ਕਿਸੇ ਕਿਸਮ ਦੀ ਕੁਰਕੀ, ਨਿਲਾਮੀ ਨਹੀਂ ਹੋਣ ਦਿੱਤੀ ਜਾਂਦੀ ਅਤੇ ਸਰਕਾਰੀ ਦਫ਼ਤਰਾਂ ਅੰਦਰ ਜਥੇਬੰਦੀ ਦੇ ਲੋਕਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਲੋਕ ਤਾਕਤ ਕਰਕੇ ਹੀ ਸੈਂਕੜੇ ਟੋਲ ਪਲਾਜ਼ੇ,ਮਾਲ, ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਸੀਲ ਕਰ ਕੇ ਆਮ ਲੋਕਾਂ ਨੂੰ ਕਰੋੜਾਂ ਰੂਪਏ ਦੀ ਰਾਹਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਅਸੀਂ ਰਾਜਨੀਤਕ ਪਾਰਟੀਆਂ ਨਾਲੋਂ ਨਿਖੇੜਾ ਕਰਕੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ ਤੇ ਜਥੇਬੰਦਕ ਹੋਣ ਕਰ ਕੇ ਲੋਕਾਂ ਦੀ ਪੁੱਗਤ ਹੋ ਰਹੀ ਹੈ ਲੋਕਾਂ ਦੇ ਭਰੋਸੇ ਤੋਂ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ।
ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਹੰਕਾਰੀ ਪੁਰਸ਼ ਰਾਜ ਸੱਤਾ ਤੇ ਕਾਬਜ਼ ਹੁੰਦੇ ਹਨ ਤਦ ਕਿਰਤ ਕਰਨ ਵਾਲੇ ਲੋਕਾਂ ਨੂੰ ਕੀੜੇ-ਮਕੌੜੇ ਸਮਝ ਕੇ ਆਪਣੇ ਹੀ ਹਿਸਾਬ ਨਾਲ ਰਾਜ ਸੱਤਾ ਚਲਾਉਂਦੇ ਹਨ।ਅਖੀਰ ਨੂੰ ਲੋਕਾਂ 'ਤੇ ਅੱਤਿਆਚਾਰ ਕਰਨ ਵਾਲੇ ਹੁਕਮਰਾਨਾਂ ਨੂੰ ਲੋਕਾਂ ਦੀ ਤਾਕਤ ਅੱਗੇ ਝੁਕਣਾ ਹੀ ਪੈਂਦਾ ਹੈ । ਉਹ ਭਾਵੇਂ ਜਰਮਨ ਦਾ ਹਿਟਲਰ ਹੋਵੇ, ਮੁਗਲ ਸਾਮਰਾਜ ਹੋਵੇ ਚਾਹੇ ਜਾਬਰ ਅੰਗਰੇਜ਼ ਹੋਣ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਭਾਰਤ 'ਤੇ ਰਾਜ ਕਰਨ ਵਾਲੀ ਕਿਸੇ ਵੀ ਰੰਗ ਦੀ ਸਰਕਾਰ( ਕੇਂਦਰ ਜਾਂ ਸੂਬੇ)ਹੋਵੇ ਭਾਵੇਂ ਅੱਜ ਦੀ ਰਾਜ ਸੱਤਾ ਤੇ ਕਾਬਜ਼ ਨਰਿੰਦਰ ਮੋਦੀ ਜੋ ਕਿ ਨਾ ਮਾਨੂ ਵਾਲੀ ਰੱਟ ਫੜੀ ਬੈਠਾ ਹੈ ਨੂੰ ਲੋਕ ਤਾਕਤ ਅੱਗੇ ਝੁਕਣਾ ਹੀ ਪਵੇਗਾ ਅੰਤ ਜਿੱਤ ਲੋਕਾਂ ਦੀ ਹੋਵੇਗੀ।
ਔਰਤ ਆਗੂ ਪਰਮਜੀਤ ਕੌਰ ਸਮੂਰਾਂ ਨੇ ਕੋਰੋਨਾ ਬਿਮਾਰੀ ਦੀ ਗੱਲ ਕਰਦਿਆਂ ਕਿਹਾ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਾਂ ਵਿੱਚ ਵਿਆਹ ਸ਼ਾਦੀ ਜਾਂ ਪਾਰਟੀ ਵਗੈਰਾ ਹੋਵੇ ਉਸ ਵਿੱਚ ਜਿੰਨੇ ਮਰਜ਼ੀ ਲੋਕ ਹੋਣ ਉਨ੍ਹਾਂ ਵਾਸਤੇ ਕੋਰੋਨਾ ਸਬੰਧੀ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਪਰ ਗ਼ਰੀਬ ਲੋਕ ਖੁਸ਼ੀ ਜਾਂ ਗ਼ਮੀ ਦੇ ਮੌਕੇ ਪੰਜ ਸੱਤ ਬੰਦੇ ਕਿਸੇ ਸਾਧਨ (ਵਾਹਨ) 'ਤੇ ਜਾਂਦੇ ਹੋਣ ਤਾਂ ਕਰੋਨਾ ਦੀ ਆੜ ਹੇਠ ਹਜ਼ਾਰਾਂ ਰੁਪਏ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਸਰਕਾਰਾਂ ਕੋਰੋਨਾ ਨਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਮਿਹਨਤਕਸ਼ ਲੋਕਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਲੋਕ ਘੋਲਾਂ ਨੂੰ ਕੁਚਲਣਾ ਚਾਹੁੰਦੀਆਂ ਹਨ।ਸਟੇਜ ਸੰਚਾਲਨ ਦੀ ਭੂਮਿਕਾ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਸਤਪਾਲ ਸਿੰਘ ਨੇ ਬਾਖੂਬੀ ਨਿਭਾਈ ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਸੁਨੀਲ ਕੁਮਾਰ,ਹਰਜੀਤ ਸਿੰਘ ਫ਼ਤਿਆਬਾਦ (ਹਰਿਆਣਾ) ਹਰਜੀਤ ਸਿੰਘ ਮਹਿਲਾ ਚੌਕ,,ਜਗਦੇਵ ਸਿੰਘ ਜੋਗਾ,ਕ੍ਰਿਸ਼ਨ ਸਿੰਘ ਫਤਹਿਗਡ਼੍ਹ ਛੰਨਾ ਜ਼ਿਲ੍ਹਾ ਬਰਨਾਲਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ।