ਅਸ਼ੋਕ ਵਰਮਾ
ਨਵੀਂ ਦਿੱਲੀ, 20ਅਪਰੈਲ2021: ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਲਾਗੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿਰ ਤੋਂ ਪੈਰਾਂ ਤਕ ਹਾੜ੍ਹੀ ਦੇ ਕੰਮਾਂ ਵਿੱਚ ਫਸੀ ਕਿਸਾਨੀ ਨੇ ਦਿੱਲੀ ਮੋਰਚੇ ਦੀ ਤਪਸ ਵੀ ਠੰਢੀ ਨਹੀਂ ਪੈਣ ਦਿੱਤੀ। ਉਨ੍ਹਾਂ ਕਿਹਾ ਕਿ 21 ਅਪ੍ਰੈਲ ਨੂੰ ਗ਼ਦਰ ਲਹਿਰ ਦਾ ਸਥਾਪਨਾ ਦਿਵਸ ਦਿੱਲੀ ਮੋਰਚੇ ਵਿੱਚ ਇਤਿਹਾਸਕ ਦਿਨ ਵਜੋਂ ਮਨਾਇਆ ਜਾਵੇਗਾ ਅਤੇ ਕਿਰਤ ਕਰਨ ਵਾਲੀ ਸਮੂਹ ਲੋਕਾਈ ਨੂੰ ਇਸ ਵਿਸ਼ੇਸ਼ ਦਿਹਾੜੇ ਤੇ ਪਹੁੰਚਣ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਮੋਗਾ ਦੇ ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਦੀ ਕਿਰਤੀ ਲੋਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਲਿਖੇ ਬੋਲ ਔਰਤਾਂ ਨੂੰ ਸੰਬੋਧਨ ਕਰਕੇ ਕਿਹਾ ਚਿਤ ਨਾ ਡੁਲਾਈ ਬਾਬਲਾ,ਪੁੱਤ ਬਣ ਕੇ ਕਮਾਊ ਘਰ ਤੇਰੇ। ਉਨ੍ਹਾਂ ਕਿਹਾ ਕਿ ਕਰੋਨਾ ਦੀ ਰੋਕਥਾਮ ਲਈ ਜਥੇਬੰਦੀਆਂ ਨੇ ਪੰਜਾਬ ਤੋਂ ਵੱਡੀ ਪੱਧਰ ਤੇ ਡਾਕਟਰਾਂ ਦੀਆਂ ਟੀਮਾਂ ਮੰਗਵਾ ਕੇ ਮੈਡੀਕਲ ਜਾਂਚ ਕੈਂਪ,ਕੈਪਾਂ ਦੀਆਂ ਸਾਫ਼ ਸਫ਼ਾਈਆਂ ਤੇ ਸੈਨੇਟਾਈਜ਼ਰ ਦੇ ਛਿੜਕਾਅ ਲਈ ਵਧੇਰੇ ਵਲੰਟੀਅਰਾ ਦੀਆਂ ਟੀਮਾ ਦਾ ਗਠਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ 21 ਅਪ੍ਰੈਲ ਨੂੰ ਮੋਰਚੇ ਦੀ ਮਜ਼ਬੂਤੀ ਲਈ 15000 ਤੋਂ ਵੱਧ ਮਰਦ ਔਰਤਾਂ ਦਾ ਕਾਫ਼ਲਾ ਦਿੱਲੀ ਮੋਰਚੇ ਵਿੱਚ ਪੁੱਜ ਰਿਹਾ ਹੈ ਜੋ ਲੰਮਾ ਸਮਾਂ ਰਹਿਣ ਦਾ ਪ੍ਰਬੰਧ ਕਰਕੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੋਰੋਨਾ ਦੀ ਆੜ 'ਚ ਮੋਰਚੇ ਤੇ ਅਟੈਕ ਕਰਨ ਦੇ ਇਰਾਦੇ ਨੂੰ ਵੱਡੀਆਂ ਲਾਮਬੰਦੀਆਂ ਤੇ ਚੌਕਸੀ ਨਾਲ ਚੱਲਣ ਦੀ ਤਿਆਰੀ ਕਰ ਲਈ ਹੈ।ਸਟੇਜ ਤੋਂ ਗੁਰਦੇਵ ਸਿੰਘ ਗੱਜੂਮਾਜਰਾ,ਗੁਰਭਿੰਦਰ ਸਿੰਘ ਕੋਕਰੀ ਕਲਾਂ,ਸੁਰਜੀਤ ਸਿੰਘ, ਸੁਖਪਾਲ ਮਾਣਕ ਕਣਕਵਾਲ ਅਤੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।