ਅਸ਼ੋਕ ਵਰਮਾ
ਬਠਿੰਡਾ,18ਅਪਰੈਲ2021:ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਦੌਰਾਨ ਸ਼ਹੀਦ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਜਸਪਾਲ ਸਿੰਘ ਜੋਗਾਨੰਦ ਨੂੰ ਅੱਜ ਵੱਡੀ ਗਿਣਤੀ ਕਿਸਾਨ ਆਗੂਆਂ, ਰਿਸ਼ੇਤਦਾਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਇਸ ਕੁਰਬਾਨੀ ਨੂੰ ਅਜਾਂਈ ਨਾਂ ਜਾਣ ਦੇਣ ਦਾ ਅਹਿਦ ਲਿਆ। ਭੋਗ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਿਆ ਕੇ ਕਿਸਾਨੀ ਅਤੇ ਲੋਕਾਂ ਨੂੰ ਬਰਬਾਦ ਕਰਨ ਜਾ ਰਹੀ ਹੈ ਜਿੰਨ੍ਹਾਂ ਨੂੰ ਵਾਪਸ ਕਰਵਾਉਣ ਦੀ ਖਾਤਰ ਸਾਢੇ ਚਾਰ ਮਹੀਨਿਆਂ ਤੋਂ ਉੱਪਰ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਜੋਗਾਨੰਦ ਦੇ ਕਿਸਾਨ ਜਸਪਾਲ ਸਿੰਘ ਵੀ ਖੇਤੀ ਕਨੂੰਨ ਨੂੰ ਰੱਦ ਕਰਵਾਉਣ ਲਈ ਲੱਗੇ ਮੋਰਚੇ ਵਿੱਚ ਸ਼ਾਮਲ ਹੋਕੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ ।
ਉਨ੍ਹਾਂ ਆਖਿਆ ਕਿ ਜਸਪਾਲ ਸਿੰਘ ਦਾ ਨਾਮ ਕਿਸਾਨ ਇਤਿਹਾਸ ’ਚ ਅਮਰ ਹੋ ਗਿਆ ਹੈ ਅਤੇ ਕਿਸੇ ਵੀ ਕੀਮਤ ਤੇ ਪੰਜਾਬ ਦੇ ਲੋਕ ਇੰਨ੍ਹਾਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਣਗੇ। ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦਿੱਤੀ ਜਾਏਗੀ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਜਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਸੁਫਨਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਇੱਕਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਤਕੜਾ ਸੰਘਰਸ਼ ਕਰਨ ਦੀ ਅਪੀਲ ਕੀਤੀ। ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮੌੜ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰੋਨਾ ਦੇ ਬਹਾਨੇ ਕਿਸਾਨ ਮੋਰਚੇ ਨੂੰ ਜਬਰੀ ਉਠਾਉਣ ਦੇ ਜੋ ਰਾਹ ਪਈ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਬਾਰੂ ਰਾਮ ਜੀਂਦ ਨੇ ਵੀ ਮੋਦੀ ਸਰਕਾਰ ਖਿਲਾਫ ਜੋਰਦਾਰ ਜਾਨ ਹੂਲਵੇਂ ਸੰਘਰਸ਼ ਅਤੇ ਵੱਡੀ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਭੋਗ ਸਮਾਗਮ ਮੌਕੇ ਪਟਵਾਰੀ ਅਤਿੰਦਰਪਾਲ ਸਿੰਘ ਸਰਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਕਿਸਾਨ ਮੋਰਚੇ ਚ ਸ਼ਹੀਦ ਹੋਣ ਵਾਲੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਨੀਤੀ ਤਹਿਤ ਅੱਜੇ ਸ਼ਹੀਦ ਦੀ ਧਰਮ ਪਤਨੀ ਜਸਵੀਰ ਕੌਰ ਨੂੰ ਮੁਆਵਜੇ ਦਾ ਚੈਕ ਸੌਂਪਿਆ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸ਼ਹੀਦ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਜੱਥੇਬੰਦੀ ਦਾ ਝੰਡਾ ਸੌਂਪਿਆ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ’ਚ ਸ਼ਹੀਦ ਦਾ ਭਤੀਜਾ ਜਗਦੀਪ ਸਿੰਘ, ਜਗਸੀਰ ਜੱਗਾ ਕਲਿਆਣ ,ਪਿੰਡ ਦੀ ਸਰਪੰਚ ਕਰਮਜੀਤ ਕੌਰ ਭੁੱਲਰ ,ਮਲਕੀਤ ਸਿੰਘ,ਮਾਸਟਰ ਰਣਜੀਤ ਬਠਿੰਡਾ, ਕਿਸਾਨ ਆਗੂ ਦਰਸ਼ਨ ਸਿੰਘ ਢਿੱਲੋਂ,ਨਥਾਣਾ ਬਲਾਕ ਦੇ ਮੀਤ ਪ੍ਰਧਾਨ ਭੋਲਾ ਸਿੰਘ ਅਤੇ ਬਾਬਾ ਜੋਰਾ ਸਿੰਘ ਸਿੰਘ ਵੀ ਸ਼ਾਮਲ ਸਨ।