ਪਟਿਆਲਾ ਸ਼ਾਹੀ ਸ਼ਹਿਰ ਨੂੰ ਕੀਤਾ ਜਾਵੇਗਾ ਅਣਮਿੱਥੇ ਸਮੇਂ ਲਈ ਜਾਮ ਪੜ੍ਹੋ ਕਦੋਂ ਤੇ ਕਿਉਂ ?
ਜੀ ਐਸ ਪੰਨੂ
ਪਟਿਆਲਾ, 29 ਅਪ੍ਰੈਲ 2021 - ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਭਾਰਤਮਾਲਾ ਪ੍ਰਾਜੈਕਟ ਦੇ ਨਾਮ ਹੇਠ ਪੰਜਾਬ ਦੇ ਕਿਸਾਨਾਂ ਦੀਆਂ ਬੇਹੱਦ ਕੀਮਤੀ ਤੇ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਅਤੇ ਬਿਨਾਂ ਸਹਿਮਤੀ ਤੋਂ ਖੋਹਣ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਹਾਇਸ਼ ਦੇ ਨੇਡ਼ੇ ਲਗਾਇਆ ਗਿਆ ਧਰਨਾ ਛੱਤੀ ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈਆਂ ਇੱਕ ਦੋ ਮੀਟਿੰਗਾਂ ਵਿਚ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਵਾਰ ਵਾਰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਵਾ ਕੇ ਕਿਸਾਨਾਂ ਦੀਆਂ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ ਪਰੰਤੂ 36 ਦਿਨ ਲੰਘਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇਸ ਕੰਮ ਵਿਚ ਅਸਫਲ ਰਹੇ ਹਨ ਜਿਸ ਤੋਂ ਬਾਅਦ ਖਿਝੇ ਹੋਏ ਕਿਸਾਨਾਂ ਨੇ 30 ਅਪਰੈਲ ਨੂੰ ਪਟਿਆਲਾ ਸ਼ਹਿਰ ਨੂੰ ਟਰੈਕਟਰ ਰੈਲੀ ਕਰਕੇ ਜਾਮ ਕਰਨ ਦਾ ਐਲਾਨ ਕੀਤਾ ਹੈ ।ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮੀਂ ਚਾਰ ਵਜੇ ਤਕ ਪਟਿਆਲਾ ਸ਼ਹਿਰ ਵਿੱਚ ਚਾਰ ਪੰਜ ਸੌ ਟਰੈਕਟਰ ਪਹੁੰਚ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਕੱਲ ਸਵੇਰੇ ਗਿਆਰਾਂ ਵਜੇ ਟਰੈਕਟਰ ਰੈਲੀ ਸ਼ੁਰੂ ਹੋਣ ਵੇਲੇ ਹਜ਼ਾਰਾਂ ਤਕ ਪਹੁੰਚਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਦੱਸਿਆ ਕਿ ਵਾਈ ਪੀ ਐਸ ਚੌਕ ਤੋਂ ਟਰੈਕਟਰ ਰੈਲੀ ਸ਼ੁਰੂ ਕਰਕੇ ਖੰਡਾਂ ਚੌਕ ਅਤੇ ਥਾਪਰ ਕਾਲਜ ਆਦਿ ਵਾਲੀ ਸਾਈਡ ਤੋਂ ਘੁੰਮਦੇ ਹੋਏ ਸਾਰੇ ਪਟਿਆਲਾ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦਾ ਪੱਕੇ ਤੌਰ ਤੇ ਘਿਰਾਓ ਕੀਤਾ ਜਾਵੇਗਾ ਜਿੰਨੀ ਦੇਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਓਨੀ ਦੇਰ ਮਹਿਲ ਦਾ ਘਿਰਾਓ ਖਤਮ ਨਹੀਂ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਇਸ ਸਮੇਂ ਕਣਕ ਦਾ ਸੀਜ਼ਨ ਚੱਲਣ ਦੇ ਨਾਲ ਨਾਲ ਕੋਰੋਨਾ ਦੀ ਦਹਿਸ਼ਤ ਸਾਰੇ ਹਿੰਦੁਸਤਾਨ ਨੂੰ ਘੇਰੀ ਬੈਠੀ ਹੈ ਪਰੰਤੂ ਸਰਕਾਰਾਂ ਦੀ ਧੱਕੇਸ਼ਾਹੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਮਜਬੂਰ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਰੇ ਵਿੱਚ ਪਾਉਂਦਿਆਂ ਘਰਾਂ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਤੇ ਬੈਠਣਾ ਪੈ ਰਿਹਾ ਹੈ ।
ਸਵਾ ਮਹੀਨੇ ਦੇ ਲਗਪਗ ਸਮੇਂ ਤੋਂ ਬੇਹੱਦ ਗਰਮੀ ਅਤੇ ਮੱਖੀ ਮੱਛਰ ਨੂੰ ਝੱਲਦਿਆਂ ਪੰਜਾਬ ਭਰ ਦੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਸੜਕ ਦੇ ਕਿਨਾਰੇ ਧਰਨਾ ਲਾ ਕੇ ਬੈਠੇ ਹਨ ਪਰ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਹੈ ਜਿਸ ਤੋਂ ਦੁਖੀ ਹੋਏ ਕਿਸਾਨਾਂ ਨੇ ਹੁਣ ਫੈਸਲਾ ਕੀਤਾ ਹੈ ਇਹ ਪਟਿਆਲਾ ਸ਼ਹਿਰ ਦਾ ਘਿਰਾਓ ਉਸ ਸਮੇਂ ਤੱਕ ਖਤਮ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕਿਸਾਨਾਂ ਦੀ ਇੱਕ ਇੱਕ ਮੰਗ ਮੰਨ ਕੇ ਪੂਰੀ ਨਹੀਂ ਕੀਤੀ ਜਾਂਦੀ ।ਇਸ ਸਮੇਂ ਜ਼ਿਲ੍ਹਾ ਪਟਿਆਲਾ ਤੋਂ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ, ਨਿਰੰਕਾਰ ਸਿੰਘ ਸੰਧੂ ਸ਼ਤਰਾਣਾ,ਯਾਦਵਿੰਦਰ ਸਿੰਘ, ਗੁਰਦਿਆਲ ਸਿੰਘ ਬੁੱਟਰ,ਗੁਰਜੀਤ ਸਿੰਘ ਗਿੱਲ,ਪਰਗਟ ਸਿੰਘ ਬਰਾਸ,ਸਤਨ ਸਿੰਘ ਸਰਪੰਚ,ਰਾਜਵਿੰਦਰ ਸਿੰਘ ਹੁੰਦਲ, ਜਗਤਾਰ ਸਿੰਘ ਬਰਾਸ, ਰਣਜੀਤ ਸਿੰਘ ਬਰਾਸ ,ਕੁਲਦੀਪ ਸਿੰਘ ਅਤਾਲਾ ਸਮੇਤ ਸੈਂਕੜੇ ਕਿਸਾਨ ਹਾਜਿਰ ਸਨ।