ਪਿੰਡ ਮਾਛੀਕੇ ਵਿਖੇ ਮੋਦੀ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ
ਸੁਖਮੰਦਰ ਹਿੰਮਤਪੁਰੀ
- ਵੱਡੀ ਗਿਣਤੀ ਵਿੱਚ ਔਰਤਾਂ,ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਕੀਤੀ ਸ਼ਮੂਲੀਅਤ
ਨਿਹਾਲ ਸਿੰਘ ਵਾਲਾ, 26 ਮਈ 2021 - ਪਿੰਡ ਮਾਛੀਕੇ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲਾ ਦਿਵਸ ਮਨਾਉਂਦਿਆਂ ਵਿਸ਼ਾਲ ਰੋਸ ਰੈਲੀ ਅਤੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ।ਇਸ ਸਮੇਂ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ,ਉਗਰਾਹਾਂ ਦੇ ਪਿੰਡ ਪ੍ਰਧਾਨ ਗੁਰਨਾਮ ਸਿੰਘ ਮਾਛੀਕੇ,ਕਿਸਾਨ ਆਗੂ ਗਿਆਨੀ ਕੁਲਦੀਪ ਸਿੰਘ ਅਤੇ ਅਧਿਆਪਕ ਆਗੂ ਅਮਨਦੀਪ ਮਾਛੀਕੇ ਨੇ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਦੇ 6 ਮਹੀਨੇ ਪੂਰੇ ਹੋਣ ਤੇ ਅਤੇ ਮੋਦੀ ਸ਼ਾਸ਼ਨ ਦੇ 7 ਸਾਲ ਪੂਰੇ ਹੋਣ ਤੇ ਕਾਲੇ ਕਨੂੰਨ ਪੂਰਨ ਤੌਰ ਤੇ ਵਾਪਸ ਲੈਣ ਤੋਂ ਭੱਜੀ ਬੈਠੀ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਵਿਸ਼ਾਲ ਲੁਕਾਈ ਨਾਲ ਧ੍ਰੋਹ ਕਮਾਉਂਦਿਆਂ ਸਾਮਰਾਜੀ ਨੀਤੀਆਂ ਅਤੇ ਦੇਸੀ-ਵਿਦੇਸ਼ੀ ਵੱਡੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰ ਰਹੀ ਹੈ।
ਉਹਨਾਂ ਕਿਹਾ ਕਿ ਇਹ ਤਹਿ ਹੈ ਕਿ ਕਾਲੇ ਖੇਤੀ ਕਨੂੰਨ ਰੱਦ ਹੋਣ ਤੋਂ ਉਰ੍ਹਾਂ ਕੋਈ ਵੀ ਸਮਝੌਤਾ ਕਬੂਲ ਨਹੀਂ ਹੋਵੇਗਾ।ਆਪਣੇ ਫਿਰਕੂ ਫਾਸ਼ੀ ਏਜੰਡੇ ਅਤੇ ਲੋਕ ਦੋਖੀ ਕਿਰਦਾਰ ਕਰਕੇ ਮੋਦੀ ਸਰਕਾਰ ਦੀ ਪੂਰੇ ਮੁਲਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਤੋਏ-ਤੋਏ ਹੋ ਰਹੀ ਹੈ ਇਸ ਦੇ ਬਾਵਜੂਦ ਮੋਦੀ ਸਰਕਾਰ ਲੋਕ ਦੋਖੀ ਸਾਮਰਾਜੀ ਸ਼ਕਤੀਆਂ ਨਾਲ ਯਾਰੀ ਪੁਗਾਉਣ ਲਈ ਬਜ਼ਿੱਦ ਹੈ ਇਸ ਦਾ ਪੰਜਾਬ ਅਤੇ ਭਾਰਤ ਦੇ ਕਿਸਾਨ ਮਜ਼ਦੂਰ ਲਹਿਰ ਵੱਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਮੋਦੀ ਹਕੂਮਤ ਨੂੰ ਵੱਡੀ ਸਿਆਸੀ ਕੀਮਤ ਤਾਰਨੀ ਪਵੇਗੀ।ਇਸ ਸਮੇਂ ਕਿਸਾਨ ਆਗੂ ਕਾਕਾ ਸਿੰਘ ਮਾਛੀਕੇ,ਅਵਤਾਰ ਸਿੰਘ,ਭੋਲਾ ਸਿੰਘ, ਜ਼ੋਰਾ ਸਿੰਘ,ਸੰਦੀਪ ਸਿੰਘ,ਮਿੰਟੂ,ਹਰਮਨਦੀਪ ਸਿੰਘ, ਮਨਤਾਜ ਸਿੰਘ,ਨਵਦੀਪ ਸਿੰਘ,ਔਰਤ ਕਿਸਾਨ ਆਗੂ ਸੁਖਵਿੰਦਰ ਕੌਰ,ਕਮਲਜੀਤ ਕੌਰ ਸਮੇਤ ਵੱਡੀ ਗਿਣਤੀ ਚ ਕਿਸਾਨ ,ਮਜ਼ਦੂਰ ਔਰਤਾਂ,ਨੌਜਵਾਨ,ਬੱਚੇ ਅਤੇ ਪਿੰਡ ਵਾਸੀ ਹਾਜ਼ਰ ਸਨ।