ਅਸ਼ੋਕ ਵਰਮਾ
ਨਵੀਂ ਦਿੱਲੀ, 17 ਅਪਰੈਲ 2021 - ਦਿੱਲੀ ਦੇ ਟਿਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਦੀ ਸਟੇਜ ਦੀ ਕਾਰਵਾਈ ਅੱਜ ਔਰਤਾਂ ਭੈਣਾ ਨੇ ਸਿਰਾ 'ਤੇ ਬਸੰਤੀ ਰੰਗ ਦੀਆ ਚੁੰਨੀਆ ਲੈ ਕੇ ਬਾਖ਼ੂਬੀ ਚਲਾਈ।ਸਟੇਜ ਤੋਂ ਮੋਗੇ ਜ਼ਿਲ੍ਹੇ ਦੇ ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਮੋਦੀ ਸਰਕਾਰ 1991 ਦੇ ਸਮਝੌਤੇ ਅਨੁਸਾਰ ਵਿਸ਼ਵ ਵਪਾਰ ਸੰਸਥਾ ਅੰਤਰਰਾਸ਼ਟਰੀ ਮੁਦਰਾ ਕੋਸ਼ ਫੰਡ ਅਤੇ ਵਿਸ਼ਵ ਬੈਂਕ ਦੇ ਕਹਿਣ ਤੇ ਸਾਡੇ 'ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਥੋਪ ਕੇ ਸੰਸਾਰੀਕਰਨ,ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਰਕੇ ਹੀ ਸਾਡੇ ਦੇਸ਼ 'ਤੇ 162 ਲੱਖ ਕਰੋੜ ਰੁਪਏ ਦਾ ਕਰਜਾ ਚੜਿਆਂ ਹੈ ਅਤੇ ਕਿਸਾਨੀ ਸਿਰ ਲਗ - ਭਗ 1 ਲੱਖ ਕਰੋੜ ਦਾ ਕਰਜ਼ਾ ਚੜਿਆ ਹੈ।
ਉਨ੍ਹਾਂ ਕਿਹਾ ਕਿ ਇਹ ਨੀਤੀਆਂ ਇਕੱਲੇ ਕਿਸਾਨਾਂ ਲਈ ਮਾਰੂ ਨਹੀਂ ਸਗੋਂ ਕਿਸਾਨਾਂ,ਮਜ਼ਦੂਰਾਂ,ਦੁਕਾਨਦਾਰਾਂ, ਵਪਾਰੀਆਂ ਅਤੇ ਸਾਰੇ ਕਿਰਤੀਆਂ ਲਈ ਮਾਰੂ ਹਨ।ਇਨ੍ਹਾਂ ਨੀਤੀਆਂ ਤੇ ਚਲਦਿਆਂ ਹੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਦੇਸ਼ ਦੇ ਮਾਲ ਖ਼ਜ਼ਾਨੇ ਜਲ ਜੰਗਲ,ਜ਼ਮੀਨ ਅਤੇ ਜਨਤਕ ਅਦਾਰਿਆਂ 'ਤੇ ਕਬਜ਼ਾ ਕਰਾਉਣ ਲਈ ਨਵੇਂ ਨਵੇਂ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਸੰਘਰਸ਼ੀ ਲੋਕਾਂ ਨੂੰ ਦਬਾਉਣ ਲਈ ਹਿਰਾਸਤ ਵਿੱਚ ਲੈਣ,ਤਸ਼ੱਦਦ ਕਰਨ ਅਤੇ ਗੋਲੀ ਚਲਾਉਣ ਦੇ ਪੁਲਿਸ ਫੌਜ ਨੂੰ ਸਿੱਧੇ ਅਧਿਕਾਰ ਨਹੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਅਸਫ਼ਲ ਕਰਨ ਦੀਆਂ ਫੇਲ੍ਹ ਹੋਈਆਂ ਚਾਲਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਕਰੋਨਾ ਦੀ ਆਡ਼ ਵਿੱਚ ਓਪਰੇਸਨ ਕਲੀਨ ਦੇ ਨਾਂ ਹੇਠ ਅੰਦੋਲਨ ਨੂੰ ਸਖ਼ਤੀ ਨਾਲ ਉਠਾਉਣ ਲਈ ਡਰਾਉਣ ਦਾ ਭੁਲੇਖਾ ਪਾਲ ਰਹੀ ਹੈ
ਬਠਿੰਡਾ ਜ਼ਿਲ੍ਹੇ ਦੇ ਔਰਤ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੇ ਵਿੱਚ ਦਿੱਲੀ ਮੋਰਚੇ ਨੂੰ ਅਸੀਂ ਮਾਵਾਂ ਭੈਣਾਂ ਨੇ ਸਾਂਭਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਡੇ ਵੀਰ ਹਾੜ੍ਹੀ ਦੀ ਫ਼ਸਲ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਕੰਮ ਪੂਰੀ ਤਰ੍ਹਾਂ ਖਤਮ ਕਰ ਕੇ ਮੁੜ ਮੋਰਚੇ ਵਿੱਚ ਨਹੀਂ ਆਉਂਦੇ ਉਦੋਂ ਤੱਕ ਅਸੀਂ ਮੋਰਚੇ ਨੂੰ ਸੰਭਾਲਾਂਗੀਆਂ।ਨਾਲ ਹੀ ਉਨ੍ਹਾਂ ਕਿਹਾ ਅਸੀਂ ਪੰਜਾਬ ਵਿੱਚ ਹੋਰ ਔਰਤ ਭੈਣਾਂ ਨੂੰ ਸੁਨੇਹਾ ਲਾਇਆ ਹੈ ਤੇ ਵੱਡੀ ਗਿਣਤੀ ਵਿੱਚ ਹੋਰ ਭੈਣਾਂ ਮੋਰਚੇ ਵਿੱਚ ਬਹੁਤ ਜਲਦੀ ਸ਼ਾਮਲ ਹੋ ਰਹੀਆਂ ਹਨ ਤੇ ਸਾਡੀ ਪੰਜਾਬ ਦੀ ਕਮੇਟੀ ਲਗਾਤਾਰ ਭੈਣਾਂ ਨੂੰ ਦਿੱਲੀ ਮੋਰਚੇ ਵਿੱਚ ਭੇਜਣ ਦਾ ਕੰਮ ਤਸੱਲੀਬਖ਼ਸ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਦੀਆਂ ਸਮੂਹ ਔਰਤਾਂ ਨੂੰ ਦਿੱਲੀ ਮੋਰਚੇ ’ਚ ਪੁੱਜਣ ਦਾ ਸੱਦਾ ਦਿੱਤਾ।
ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਮੋਰਚੇ ਵਿੱਚ 26 ਨਵੰਬਰ ਤੋਂ ਸ਼ਾਮਲ ਔਰਤਾਂ ਦੀ ਤਸੱਲੀਬਖਸ ਸਮੂਲੀਅਤ ਦੀ ਸ਼ਲਾਘਾ ਅਤੇ ਹੋਰ ਔਰਤ ਭੈਣਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਸਟੇਜ ਤੋਂ ਬਲਜਿੰਦਰ ਕੌਰ, ਭਰਪੂਰ ਕੌਰ,ਸਤਬੀਰ ਕੌਰ,ਰਾਜ ਕੌਰ ਸਰਬਜੀਤ ਕੌਰ,ਮਹਿੰਦਰ ਕੌਰ, ਸੁਖਵਿੰਦਰ ਕੌਰ ਅਤੇ ਨਸੀਬ ਕੌਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਹ ਅੰਦੋਲਨ ਪੂਰੇ ਦੇਸ਼ ਦਾ ਜਨ ਅੰਦੋਲਨ ਬਣ ਚੁੱਕਾ ਹੈ ਅਤੇ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਅੰਦੋਲਨ ਨਾਲ ਪੰਗਾ ਲੈਣਾ ਬਹੁਤ ਮਹਿੰਗਾ ਪਵੇਗਾ ਅਤੇ ਭਲਾ ਇਸ ਗੱਲ ਵਿੱਚ ਹੀ ਹੈ ਕਿ ਕਾਲੇ ਕਾਨੂੰਨ ਰੱਦ ਕਰ ਕੇ ਸਾਰੇ ਰਾਜਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਸੰਵਿਧਾਨਕ ਗਾਰੰਟੀ ਕੀਤੀ ਜਾਵੇ।