ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਚੱਲੀ ਕਾਲੇ ਝੰਡੇ ਲਹਿਰਾਉਣ ਦੀ ਮੁਹਿੰਮ
ਅਸ਼ੋਕ ਵਰਮਾ
ਮੌੜ ਮੰਡੀ,26ਮਈ 2021: ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਅੱਜ ਛੇ ਮਹੀਨੇ ਪੂਰੇ ਹੋਣ ਅਤੇ ਪੂਰੇ ਭਾਰਤ ਦੇ ਕਿਸਾਨਾਂ ਅਤੇ ਸਮੂਹ ਲੋਕਾਂ ਦੀ ਮੰਗ ਅਤੇ ਬਾਹਰੀ ਵਿਦੇਸ਼ਾਂ ਤੋਂ ਮੋਰਚੇ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਣ ਤੇ ਵੀ ਮੋਦੀ ਹਕੂਮਤ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅਤੇ ਮੋਦੀ ਹਕੂਮਤ ਨੂੰ ਅੱਜ ਦੇਸ਼ ਤੇ ਰਾਜ ਕਰਦਿਆਂ ਪੂਰੇ ਸੱਤ ਸਾਲ ਹੋਣ ਤੇ ਕਿਰਤੀ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਵਧਾਉਣ ਦੇ ਕੀਤੇ ਜਾ ਰਹੇ ਕਾਰਜਾਂ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਮਨਾਉਣ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾੰ ਜਿਲ੍ਹਾ ਬਠਿੰਡਾ ਵੱਲੋਂ ਪਿੰਡਾਂ ਵਿੱਚ ਕੋਠਿਆਂ ਅਤੇ ਵਹੀਕਲਾਂ ਤੇ ਕਾਲੇ ਝੰਡੇ ਲਾਏ ਗਏ । ਕਿਸਾਨ ਆਗੂਆਂ ਨੇ ਲੋਕਾਂ ਨੂੰ 28,29 ਅਤੇ 30 ਮਈ ਨੂੰ ਪਟਿਆਲਾ ਵਿਖੇ ਕੋਰੋਨਾ ਦੇ ਇਲਾਜ ਲਈ ਨਾਕਾਮ ਰਹਿਣ ਵਾਲੀ ਪੰਜਾਬ ਸਰਕਾਰ ਖ਼ਿਲਾਫ਼ ਲਾਏ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ ।
ਕਿਸਾਨ ਆਗੂਆਂ ਨੇ ਲਗਾਤਾਰ ਚੱਲ ਰਹੇ ਮੋਰਚਿਆਂ , ਪਿੰਡਾਂ ਅਤੇ ਬਠਿੰਡਾ ,ਭਗਤਾ ,ਭੁੱਚੋ ਮੰਡੀ, ਰਾਮਪੁਰਾ ,ਤਲਵੰਡੀ ਸਾਬੋ ਅਤੇ ਮੌੜ ਸ਼ਹਿਰਾਂ ਵਿਚ ਮੁਜ਼ਾਹਰਾ ਕਰਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਸਾੜੀ ਗਈ ਜਿਸ ਵਿਚ ਸਮੂਹ ਕਿਰਤੀ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਜੁੜੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ , ਹਰਜਿੰਦਰ ਸਿੰਘ ਬੱਗੀ , ਜਗਸੀਰ ਸਿੰਘ ਝੁੰਬਾ,ਜਗਦੇਵ ਸਿੰਘ ਜੋਗੇਵਾਲਾ,ਸੁਖਦੇਵ ਸਿੰਘ ਰਾਮਪੁਰਾ ,ਜਸਪਾਲ ਸਿੰਘ ਕੋਠਾ ਗੁਰੂ ,ਵੀਰਾ ਸਿੰਘ ਅਤੇ ਕੁਲਵੰਤ ਸਰਮਾ ਨੇ ਮੋਦੀ ਅਤੇ ਕੈਪਟਨ ਸਰਕਾਰ ਤੇ ਕੋਰੋਨਾ ਬਿਮਾਰੀ ਦੇ ਹੱਲ ਲਈ ਸਿਹਤ ਵਿਭਾਗ ਵਿੱਚ ਸਟਾਫ ਦੀ ਪੂਰੀ ਭਰਤੀ ਕਰਨ ਅਤੇ ਦਵਾਈਆਂ ਲਈ ਖ਼ਜ਼ਾਨਾ ਨਾ ਖੋਲ੍ਹਣ ,ਇਸ ਬਿਮਾਰੀ ਦੀ ਆੜ ਹੇਠ ਕਿਰਤੀ ਲੋਕਾਂ ਖ਼ਿਲਾਫ਼ ਕਾਨੂੰਨ ਮੜਨ, ਮਲਟੀਸਪੈਸਲਿਸਟ ਹਸਪਤਾਲਾਂ ਵੱਲੋਂ ਲੋਕਾਂ ਦੀ ਲੁੱਟ ਕਰਨ ਅਤੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਦੇ ਦੋਸ਼ ਵੀ ਲਾਏ ।