ਬੀਕੇਯੂ ਉਗਰਾਹਾਂ ਤੇ ਸਮਰਥਨ ਕਮੇਟੀ ਨੇ ਕਾਲੇ ਦਿਵਸ ਸਬੰਧੀ ਪੁਤਲਾ ਫੂਕਿਆ
ਅਸ਼ੋਕ ਵਰਮਾ
ਬਠਿੰਡਾ, 26 ਮਈ 2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤ ਕਿਸਾਨ ਸੰਘਰਸ਼ ਸੰਘਰਸ਼ ਸਮਰਥਨ ਕਮੇਟੀ ਨੇ ਅੱਜ ਸ਼ਹਿਰ ’ਚ ਰੋਸ ਮੁਜਾਹਰਾ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕਾਲਾ ਦਿਵਸ ਮਨਾਇਆ। ਇਸ ਮੌਕੇ ਹਰਜਿੰਦਰ ਸਿੰਘ ਬੱਗੀ,ਜਗਸੀਰ ਸਿੰਘ ਝੁੰਬਾ,ਮਾ.ਰੇਸ਼ਮ ਸਿੰਘ ਖੇਮੂਆਣਾ ਅਤੇੇ ਵਰਿੰਦਰ ਸਿੰਘ ਬੀਬੀਵਾਲਾ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਮੁਲਕ ਦੇ ਕਿਸਾਨਾਂ-ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਲੋਕਾਂ ਨੂੰ ਹੋਰ ਨਿਚੋੜਨ ਲਈ ਨਵੇਂ ਕਾਲੇ ਖੇਤੀ ਅਤੇ ਕਿਰਤ ਕਾਨੂੰਨ ਲਿਆਂਦੇ ਹਨ ਜਿੰਨ੍ਹਾਂ ਨੂੰ ਲੋਕਾਂ ਸਿਰ ਧੱਕੇ ਨਾਲ ਮੜ੍ਹ ਕੇ ਆਰਥਿਕ ਸੁਧਾਰਾਂ ਦੇ ਨਾਮ ਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਕਰੋਨਾ ਮਹਾਂਮਾਰੀ ਨੂੰ ਹੱਕ ਆਏ ਮੌਕੇ ਵਜੋਂ ਵਰਤ ਰਹੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ਦੀ ਪੇਸ਼ੀਨਗੋਈ ਦੇ ਬਾਵਜੂਦ ਸਰਕਾਰ ਨੇ ਕਰੋਨਾ ਨਾਲ ਲੜਨ ਲਈ ਪ੍ਰਬੰਧ ਨਹੀਂ ਕੀਤੇ ਹਨ।
ਆਗੂਆਂ ਨੇ ਕਿਹਾ ਕਿ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ ਕੋਰੋਨਾ ਬਿਮਾਰੀ ਦੇ ਡਰ ਕਾਰਨ ਅੰਬਾਨੀ-ਅਡਾਨੀ ਵਰਗੇ ਧਨਾਢ ਵਿਦੇਸ਼ਾਂ ਵਿੱਚ ਜਾ ਲੁਕੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਹਾਕਮ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀਆਂ ਸਿਆਸੀ ਰੈਲੀਆਂ ਕਰਨ ਜਾਂ ਯੂ.ਪੀ.ਚੋਣਾਂ ਵਿੱਚ ਲਾਹਾ ਲੈਣ ਲਈ ਇੱਕ ਸਾਲ ਅਗੇਤਾ ‘ਕੁੰਭ ਇਸ਼ਨਾਨ’ ਕਰਵਾਉਣ ਰਾਹੀਂ ਕਰੋੜਾਂ ਰੁਪਏ ਪਾਣੀ ਦੀ ਤਰਾਂ ਵਹਾ ਦਿੱਤੇ ਹਨ ਜਦੋਂਕਿ ਗੁਰਬਤ ਮਾਰੇ ਲੋਕ ਸੰਸਕਾਰ ਨਾ ਕਰ ਸਕਣ ਕਾਰਨ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਵਹਾਉਣ ਲਈ ਮਜਬੂਰ ਹੋਏ ਹਨ। ਆਗੂਆਂ ਨੇ ਕਾਲੇ ਖੇਤੀ ਕਾਨੂੰਨਾਂ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੋਰੋਨਾ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਦਵਾਈਆਂ ,ਆਕਸੀਜਨ,ਵੈਂਟੀਲੇਟਰਾਂ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਦੇ ਪਿੰਡ ਪੱਧਰ ਤੱਕ ਢੁੱਕਵੇਂ ਪ੍ਰਬੰਧ ਕਰਨ ਸਮੇਤ ਵੱਖ ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।
ਇਸ ਮੌਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਤੋਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਡੀ.ਟੀ.ਐਫ.ਤੋਂ ਹਰਜੀਤ ਜੀਦਾ ਤੇ ਬਲਜਿੰਦਰ ਸਿੰਘ,ਨੌਜਵਾਨ ਸਭਾ ਤੋਂ ਸਰਬਜੀਤ ਮੌੜ,ਜਮਹੂਰੀ ਅਧਿਕਾਰ ਸਭਾ ਤੋਂ ਪਿ੍ਰਤਪਾਲ ਸਿੰਘ,ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਤੋਂ ਕੇਵਲ ਸਿੰਘ ਜੀਦਾ,ਚੜ੍ਹਦਾ ਪੰਜਾਬ ਸੰਸਥਾ ਤੋਂ ਪੰਮਾ ਆਸਿਫ਼,ਤਰਕਸ਼ੀਲ ਸੁਸਾਇਟੀ ਤੋਂ ਹਾਕਮ ਸਿੰਘ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਜਗਸੀਰ ਸਿੰਘ,ਟੀ.ਐਸ.ਯੂ.(ਭੰਗਲ) ਤੋਂ ਰੰਗ ਸਿੰਘ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ,ਦੋਧੀ ਯੂਨੀਅਨ ਤੋਂ ਹਰਜਿੰਦਰ ਸਿੰਘ ਢਿੱਲੋਂ,ਪੰਜਾਬੀ ਸਾਹਿਤ ਸਭਾ ਤੋਂ ਜੇ.ਸੀ. ਪਰਿੰਦਾ,ਪ੍ਰਗਤੀਸ਼ੀਲ ਲੇਖਕ ਸੰਘ ਤੋਂ ਜਸਪਾਲ ਮਾਨਖੇੜਾ, ਐਨ ਕੇ ਜੀਤ,ਪੀ.ਐਸ.ਯੂ.ਸ਼ਹੀਦ (ਰੰਧਾਵਾ) ਅਮਿਤੋਜ਼ ਮੌੜ,ਅਤਰਜੀਤ ਸਿੰਘ ਕਹਾਣੀਕਾਰ,ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਤੋਂ ਕੁਲਦੀਪ ਗੋਇਲ ਅਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ਼ਜ਼ ਯੂਨੀਅਨ ਤੋਂ ਮੇਘ ਸਿੰਘ ਸਿੱਧੂ ਆਦਿ ਆਗੂ ਹਾਜ਼ਿਰ ਸਨ।