ਅਸ਼ੋਕ ਵਰਮਾ
ਨਵੀਂ ਦਿੱਲੀ, 16 ਅਪਰੈਲ 2021: ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ 'ਤੇ ਡਟੇ ਕਿਰਤੀ ਲੋਕਾਂ ਨੂੰ ਚਾਰ ਮਹੀਨੇ ਵੀਹ ਦਿਨ ਹੋ ਗਏ ਹਨ।ਮੋਦੀ ਸਰਕਾਰ ਬਾਰਡਰਾਂ 'ਤੇ ਡਟੇ ਕਿਰਤੀ ਲੋਕਾਂ ਨੂੰ ਬਾਰਡਰਾਂ ਤੋਂ ਖਦੇੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਟਿਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕਹੇ।ਉਨ੍ਹਾਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦਾ ਪੂਰਾ ਜ਼ੋਰ ਹੈ।ਮੋਦੀ ਸਰਕਾਰ ਹਾੜ੍ਹੀ ਦੀ ਫਸਲ ਚੁੱਕਣ ਵਿੱਚ ਨਵੀਂਆਂ ਰੁਕਾਵਟਾਂ ਪੈਦਾ ਕਰ ਰਹੀ ਹੈ ਜਿਵੇਂ ਮੰਡੀਆਂ 'ਚ ਕਦੇ ਬਾਰਦਾਨੇ ਦੀ ਥੁੜ੍ਹ ਪੈਦਾ ਕੀਤੀ ਜਾਂਦੀ ਹੈ,ਕਦੇ ਫ਼ਸਲ ਖ਼ਰੀਦਣ ਲਈ ਇੰਸਪੈਕਟਰ ਨਹੀਂ ਆਉਂਦਾ ਜਾਂ ਇੰਸਪੈਕਟਰ ਵੱਧ ਨਮੀ ਦਾ ਬਹਾਨਾ ਲਾ ਕੇ ਕਣਕ ਦੀ ਬੋਲੀ ਨਹੀਂ ਲਗਾਉਂਦਾ ਤਾਂ ਜੋ ਕਿਸਾਨ ਹਾੜ੍ਹੀ ਦੀ ਫ਼ਸਲ ਵਿੱਚ ਹੀ ਫਸੇ ਰਹਿਣ ਤੇ ਦਿੱਲੀ ਦਾ ਅੰਦੋਲਨ ਫਿੱਕਾ ਪੈ ਜਾਵੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੋਰਚੇ ਨੂੰ ਪੂਰੇ ਜੋਸ਼ ਖਰੋਸ ਨਾਲ ਜਾਰੀ ਰੱਖਣ ਲਈ ਸਾਡੀਆਂ ਮਾਵਾਂ ਭੈਣਾ ਵੱਡੀ ਗਿਣਤੀ 'ਚ ਮੋਰਚੇ ਵਿੱਚ ਸ਼ਾਮਿਲ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ 21 ਅਪ੍ਰੈਲ ਨੂੰ ਗਦਰ ਲਹਿਰ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ,ਕਿਸਾਨ,ਮਜ਼ਦੂਰ ਅਤੇ ਔਰਤ ਭੈਣਾਂ ਦੇ ਵੱਡੇ ਕਾਫਲੇ ਦਿੱਲੀ ਦੇ ਬਾਰਡਰਾਂ 'ਤੇ ਪਹੁੰਚ ਕੇ ਮੋਦੀ ਸਰਕਾਰ ਦਾ ਭੁਲੇਖਾ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਕਾਨੂੰਨਾਂ ਦੀ ਵਾਪਸੀ ਅਤੇ ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦੇ ਐਮਐੱਸਪੀ ਰੇਟਾਂ ਦੀ ਸੰਵਿਧਾਨਕ ਗਾਰੰਟੀ ਤੱਕ ਸੰਘਰਸ਼ ਜਾਰੀ ਰਹੇਗਾ ।
ਹਰਮਿੰਦਰ ਸਿੰਘ ਪਥਰਾਲਾ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਸਿਰਫ਼ ਕਿਸਾਨਾ ਲਈ ਨਹੀਂ ਲਿਆਂਦੇ।ਇਹ ਕਰੋਨਾ ਦੀ ਆੜ 'ਚ ਮਜ਼ਦੂਰਾ, ਕਿਸਾਨਾ,ਦੁਕਾਨਦਾਰ,ਵਪਾਰੀਆਂ ਸਾਰਿਆਂ 'ਤੇ ਹੀ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਦਾ ਕੁਹਾੜਾ ਫੇਰਿਆ ਹੈ ਜਿਵੇਂ ਮਜ਼ਦੂਰਾਂ ਦੇ ਕਾਨੂੰਨਾਂ ਵਿੱਚ ਸੋਧ ਕਰਕੇ ਮਜ਼ਦੂਰਾਂ ਤੋਂ ਕਰਾਈ ਜਾਂਦੀ 8 ਘੰਟੇ ਦੀ ਮਜ਼ਦੂਰੀ ਦਾ ਸਮਾਂ ਵਧਾ ਕੇ 12 ਘੰਟੇ ਦਾ ਕਰ ਦਿੱਤਾ ਤੇ ਕਿਰਤ ਦੀ ਦੂਣੀ ਲੁੱਟ ਕਰਨ ਲਈ ਇੰਡਸਟਰੀ ਵਾਲਿਆਂ ਨੂੰ ਖੁੱਲ੍ਹ ਦਿੱਤੀ ਹੈ।ਇਸੇ ਤਰ੍ਹਾਂ ਦੁਕਾਨਦਾਰਾਂ ਤੇ ਵਪਾਰੀਆਂ 'ਤੇ ਜੀ ਐੱਸਟੀ ਲਗਾ ਕੇ ਆਪਣੀ ਤਜੌਰੀ ਭਰਨ ਦਾ ਨਵਾਂ ਰਾਹ ਖੋਲ੍ਹ ਲਿਆ ਹੈ। ਦੁਕਾਨਦਾਰਾਂ ਤੇ ਵਪਾਰੀਆਂ ਦੀ ਹਾਲਤ ਹੋਰ ਮਾੜੀ ਹੋ ਗਈ ਹੈ।ਅੱਜ ਦੀ ਸਟੇਜ ਤੋਂ ਗੁਰਦੇਵ ਸਿੰਘ ਗੱਜੂਮਾਜਰਾ,ਨਛੱਤਰ ਸਿੰਘ ਢੰਡੇ,ਬਿੱਟੂ ਮੱਲਣ,ਗੁਰਪ੍ਰੀਤ ਸਿੰਘ ਬੱਧਨੀ ਕਲਾਂ, ਪਰਮਜੀਤ ਕੌਰ ਕੋਟੜਾ,ਰਾਜ ਕੌਰ ਬਰਾਸ,ਰਾਮ ਸਿੰਘ ਕੋਟਗੁਰੂ, ਬਹਾਦਰ ਸਿੰਘ,ਬਲਦੇਵ ਸਿੰਘ ਨੇ ਸੰਬੋਧਨ ਕੀਤਾ ਅਤੇ ਅਮਰ ਸਿੰਘ ਕਾਲੇਕੇ,ਜੋਗੀ ਨਗਲਾ ਅਤੇ ਹੋਰ ਇਨਕਲਾਬੀ ਗੀਤਾਂ ਕਾਰਾਂ ਨੇ ਗੀਤ ਪੇਸ਼ ਕੀਤੇ।