ਨਿਰਵੈਰ ਸਿੰਘ ਸਿੰਧੀ
ਮਮਦੋਟ, 22 ਅਪ੍ਰੈਲ 2021 :- ਕਣਕ ਦੀ ਚੱਲ ਰਹੇ ਹਾੜੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਦੂਜੇ ਪਾਸੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਇਹਨਾਂ ਮੁਸ਼ਕਿਲਾਂ ਤੋਂ ਤੰਗ ਆ ਕੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜਾ ਚੱਕ ਦੀ ਅਗਵਾਈ ਹੇਠ ਟੀ ਪੁਆਇੰਟ ਖਾਈ ਫੇਮੇ ਕੀ ਵਿਖੇ ਸੈਂਕੜੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜਾ ਚੱਕ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਕਰਕੇ ਕਿਸਾਨਾਂ ਦੀ ਸੋਨੇ ਵਰਗੀ ਫਸਲ ਮੰਡੀਆਂ ਵਿੱਚ ਖਰਾਬ ਹੋ ਰਹੀ ਹੈ, ਨਾ ਹੀ ਸਰਕਾਰ ਕਣਕ ਦੀ ਲਿਫਟਿੰਗ ਕਰਵਾ ਰਹੀ ਹੈ ਅਤੇ ਮੰਡੀਆਂ ਵਿੱਚ ਬਾਰਦਾਨਾ ਪੂਰਾ ਨਾ ਹੋਣ ਕਾਰਨ ਕਣਕ ਦੀ ਖਰੀਦ `ਚ ਵੀ ਦਿੱਕਤ ਆ ਰਹੀ ਹੈ। ਕਿਸਾਨਾਂ ਦੀਆਂ ਇਹਨਾਂ ਪਰੇਸ਼ਾਨੀਆਂ ਦਾ ਸਰਕਾਰ ਕੋਈ ਵੀ ਹੱਲ ਨਹੀਂ ਕਰ ਰਹੀ। ਇਲਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜਲਦੀ ਮੰਡੀਆਂ `ਚ ਬਾਰਦਾਨਾ ਭੇਜੇ ਅਤੇ ਕਣਕ ਦੀ ਲਿਫਟਿੰਗ ਵੀ ਜਲਦੀ ਤੋਂ ਜਲਦੀ ਕਰਵਾਈ ਜਾਵੇ, ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫਸਲ ਤੁਲਾ ਸਕਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਅਤੇ ਆੜਤੀਏ ਵੀ ਹਾਜਰ ਸਨ।