ਸਿਆਸੀ-ਚਾਲਾਂ ਤੋਂ ਸੁਚੇਤ ਰਹਿਣ ਅਤੇ ਸੰਘਰਸ਼ 'ਤੇ ਟੇਕ ਰੱਖਣ ਦਾ ਸੱਦਾ
ਅਸ਼ੋਕ ਵਰਮਾ
ਚੰਡੀਗੜ੍ਹ,22 ਮਈ2021:ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਪੱਕੇ-ਧਰਨਿਆਂ ਦੇ 234ਵੇਂ ਦਿਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸਮੁੱਚੇ ਪੰਜਾਬੀ-ਭਾਈਚਾਰੇ ਨੂੰ ਸਿਆਸੀ ਧਿਰਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਜਥੇਬੰਦਕ ਸੰਘਰਸ਼ਾਂ ‘ਤੇ ਟੇਕ ਰੱਖਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਹੱਕੀ-ਮੰਗਾਂ ਲਈ ਆਵਾਜ਼ ਦੀ ਗੂੰਜ ਵਿਸ਼ਵ ਪੱਧਰ ਤੇ ਪਹੁੰਚਣ ਕਾਰਨ ਕੁੱਝ ਰਾਜਨੀਤਕ ਪਾਰਟੀਆਂ ਨੇ ਕਿਸਾਨ-ਜਥੇਬੰਦੀਆਂ ਨੂੰ ਬਦਨਾਮ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਆਪਣੀਆਂ ਸਿਆਸੀ-ਰੋਟੀਆਂ ਸੇਕਣ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਹਨਾਂ ਤੋਂ ਪੂਰੀ ਤਰਾਂ ਚੌਕਸ ਰਹਿਣ ਅਤੇ ਪੰਜਾਬ ‘ਚ ਅਮਨ-ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਲੋੜ ਹੈ। ਉਹਨਾਂ ਆਖਿਆ ਕਿ ਅਸਲ ’ਚ ਇਹਨਾਂ ਸਿਆਸੀ ਪਾਰਟੀਆਂ ਦਾ ਮਕਸਦ ਸੱਤਾ ਹਾਸਲ ਕਰਨਾ ਹੈ ਜਿਸ ਲਈ ਉਹ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਕੁੱਝ ਵੀ ਕਰ ਸਕਦੀਆਂ ਹਨ। ਉਹਨਾਂ ਇੱਕ ਵਾਰ ਫਿਰ ਸਮੁੱਚੇ ਪੰਜਾਬੀਆਂ ਨੂੰ ਇਸ ਮਾਮਲੇ ’ਚ ਲੂੰਬੜ ਚਾਲਾਂ ਚੱਲਣ ਵਾਲਿਆਂ ਤੋਂ ਦੂਰ ਰਹਿਣ ਦੀ ਲੋੜ ਤੇ ਜੋਰ ਦਿੱਤਾ ਹੈ।
ਓਧਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਆਖਿਆ ਕਿ ਖੇਤੀ-ਕਾਨੂੰਨਾਂ ਦੇ ਵਿਰੋਧ ਕਾਰਨ ਹਰਿਆਣਾ ਦੇ ਮੁੱਖ-ਮੰਤਰੀ ਖੱਟਰ ਤਾਂ ਕਿਸਾਨਾਂ ‘ਤੇ ਕਰੋਨਾ ਦੇ ਫੈਲਾਅ ਬਾਰੇ ਬੇਬੁਨਿਆਦ ਦੋਸ਼ ਲਗਾ ਹੀ ਰਹੇ ਸਨ, ਹੁਣ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਇਸ ਸਦੰਰਭ ’ਚ ਦਿੱਤਾ ਬਿਆਨ ਵੀ ਨਿਖੇਧੀਯੋਗ ਹੈ ਜਿਸ ’ਚ ਵਜ਼ੀਰ ਨੇ ਦਿੱਲੀ-ਮੋਰਚਿਆਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਲਾਜ਼ਮੀ ਤੌਰ ‘ਤੇ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਕਿਸਾਨ-ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਪਹਿਲਾਂ ਹੀ ਕਿਸਾਨਾਂ ਦੀ ਸਿਹਤ ਪ੍ਰਤੀ ਫਿਕਰਮੰਦ ਹਨ ਅਤੇ ਦਿੱਲੀ ਦੇ ਮੋਰਚਿਆਂ ਦੌਰਾਨ ਆਪਣੇ ਪੱਧਰ ’ਤੇ ਵੱਧ ਤੋਂ ਵਧ ਸਿਹਤ-ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਇਸ ਮੰਤਰੀ ਨੂੰ ਕਿਸਾਨਾਂ ਦਾ ਐਨਾ ਹੀ ਫਿਕਰ ਹੈ ਤਾਂ ਉਹ ਉਨ੍ਹਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ। ਉਨ੍ਹਾਂ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਕੇਂਦਰ-ਸਰਕਾਰ ਵਾਲਾ ਰਵੱਈਆ ਅਪਨਾਉਣ ਦੀ ਥਾਂ ਪੰਜਾਬ ‘ਚ ਸਿਹਤ ਸੇਵਾਵਾਂ ਦਾ ਮੁਕੰਮਲ ਪ੍ਰਬੰਧ ਕਰੇ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 26 ਮਈ ਨੂੰ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਮਨਾਏ ਜਾ ਰਹੇ ‘ਕਾਲਾ-ਦਿਵਸ‘ ਲਈ ਭਰਾਤਰੀ ਜਥੇਬੰਦੀਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਦੁਕਾਨਦਾਰ, ਵਪਾਰੀ, ਟਰਾਂਸਪੋਰਟਰਾਂ ਸਮੇਤ ਹਰੇਕ ਵਰਗ ਕੇਂਦਰ-ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਮਈ ਨੂੰ ਪੰਜਾਬ ਤੋਂ ਦਿੱਲੀ ਦੇ ਕਿਸਾਨ-ਮੋਰਚਿਆਂ ਲਈ ਸੈਂਕੜੇ ਜਥੇ ਰਵਾਨਾ ਹੋਣਗੇ ਜਿੰਨਾਂ ਦੀਆਂ ਤਿਆਰੀਆਂ ਵਾਸਤੇ ਪਿੰਡਾਂ ‘ਚ ਨੁੱਕੜ-ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ2020 ਅਤੇ ਪਰਾਲੀ ਆਰਡੀਨੈਂਸ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਘਰਾਂ, ਦੁਕਾਨਾਂ, ਦਫਤਰਾਂ, ਟਰੈਕਟਰਾਂ, ਕਾਰਾਂ, ਜੀਪਾਂ,ਬੱਸਾਂ, ਸਕੂਟਰਾਂ ਮੋਟਰਸਾਇਕਲਾਂ ਅਤੇ ਟਰੱਕਾਂ ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾਏਗਾ। ਦੂਜੇ ਪਾਸੇ ਵੱਖ ਵੱਖ ਥਾਵਾਂ ਤੇ ਪੱਕੇ ਧਰਨੇ ਜਾਰੀ ਰਹੇ ਜਿੰਨ੍ਹਾਂ ’ਚ ਸੈਂਕੜਿਆਂ ਦੀ ਗਿਣਤੀ ‘ਚ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਜਲ, ਜੰਗਲ, ਜ਼ਮੀਨ ਅਤੇ ਵਾਤਾਵਰਣ ਦੀ ਰਾਖੀ ਲਈ ਤਾਉਮਰ ਜੂਝਣ ਵਾਲੇ ਸੁੰਦਰ ਲਾਲ ਬਹੁਗਣਾ ਦੇ ਵਿਛੋੜੇ ਨੂੰ ਆਗੂਆਂ ਨੇ ਮਨੁੱਖਤਾ ਲਈ ਵੱਡਾ ਘਾਟਾ ਕਰਾਰ ਦਿੱਤਾ। ਅੱਜ ਹੀ ਗਦਰ ਲਹਿਰ ਦੀ ਵੱਡੀ ਸਖਸ਼ੀਅਤ ਬਾਬਾ ਭਗਤ ਸਿੰਘ ਬਿਲਗਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੰਘਰਸ਼ਸ਼ੀਲ ਕਾਫਲਿਆਂ ਨਾਲੋਂ ਵਿਛੜਨ ਸਮੇਂ ਯਾਦ ਕੀਤਾ ਗਿਆ। ਕਿਸਾਨ-ਆਗੂਆਂ ਨੇ ਕਿਹਾ ਕਿ ਐਤਵਾਰ 23 ਮਈ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਤੇ ਕਿਸਾਨ-ਅੰਦੋਲਨ ਨਾਲ ਨੇੜਿਓਂ ਜੁੜੇ ਰਹੇ ਅਭੈ ਸਿੰਘ ਸੰਧੂ ਨੂੰ ਪੰਜਾਬ ਅਤੇ ਦਿੱਲੀ ਦੇ ਕਿਸਾਨ-ਮੋਰਚਿਆਂ ’ਚ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਜਾਣਗੀਆਂ ਜਿੰਨ੍ਹਾਂ ਦਾ ਕੁੱਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਮਹਾਨ ਸ਼ਹੀਦਾਂ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਲੜਾਈ ਲੜਨ ਵਾਲੇ ਅਭੇ ਸਿੰਘ ਸੰਧੂ ਵਰਗੇ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।