ਸੁਲਤਾਨਪੁਰ ਲੋਧੀ: ਪਿੰਡ ਟਿੱਬਾ ਵਿੱਚ ਰੋਸ ਮਾਰਚ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 26 ਮਈ 2021 - ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ਅਤੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਸਯੁੰਕਤ ਕਿਸਾਨ ਮੋਰਚੇ ਵੱਲੋਂ ਕਾਲ਼ਾ ਦਿਨ ਮਨਾਉਣ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਕਸਬਾਨੁਮਾ ਪਿੰਡ ਟਿੱਬਾ ਵਿਖੇ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਨਗਰ ਨਿਵਾਸੀਆਂ, ਕਿਸਾਨਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਤੋਂ ਪਹਿਲਾਂ ਮੋਦੀ ਸਰਕਾਰ ਦੀ ਅਰਥੀ ਲੈ ਕਿ ਪਿੰਡ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਜੈਕਾਰੇ ਛੱਡੇ ਗਏ।
ਪੁਤਲਾ ਫ਼ੂਕਣ ਮੌਕੇ ਮੋਰਚੇ ਦੇ ਆਗੂਆਂ ਅਮਰਜੀਤ ਸਿੰਘ ਜੇ.ਈ, ਸਾਬਕਾ ਸਰਪੰਚ ਸੂਰਤ ਸਿੰਘ ਅਮਰਕੋਟ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਬਾਰੀਆ , ਸੁਖਦੇਵ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਿੱਲੀ ਤੋਂ ਰਵਾਨਗੀ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਦਿੱਲੀ ਸੰਘਰਸ਼ ਲਈ ਟਿੱਬੇ ਤੋਂ ਕਿਸਾਨਾਂ ਦਾ ਵੱਡਾ ਜਥਾ ਜਲਦ ਰਵਾਨਾ ਹੋਵੇਗਾ।
ਇਸ ਤੋਂ ਪਹਿਲਾਂ ਸਵੇਰ ਤੋਂ ਸਮੁੱਚੇ ਪਿੰਡ ਦੇ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਕਾਲ਼ੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੇ ਘਰਾਂ, ਦੁਕਾਨਾਂ ਤੇ ਕਾਲ਼ੇ ਝੰਡੇ ਲਹਿਰਾਅ ਕੇ ਆਪਣਾ ਰੋਸ ਪ੍ਰਗਟ ਕੀਤਾ। ਪੁਤਲਾ ਫ਼ੂਕਣ ਮੌਕੇ ਪਿੰਡ ਦੀਆਂ ਬੀਬੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਗਿਆਨ ਸਿੰਘ ਸੂਲਾ, ਕਾਮਰੇਡ ਮਦਨ ਲਾਲ ਕੰਡਾ, ਜਸਵਿੰਦਰ ਸਿੰਘ ਬਈ, ਸੁਰਿੰਦਰਪਾਲ ਸਿੰਘ ਤਲਵੰਡੀ, ਸਰਪੰਚ ਰਵਿੰਦਰ ਰਵੀ, ਬਲਦੇਵ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਸਾਬੀ, ਹਰਬੰਸ ਲਾਲ ਖੰਨਾ,ਜਗੀਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਅਮਰਕੋਟ, ਸਤਨਾਮ ਸਿੰਘ,ਸਿਵਤੇਜ ਸਿੰਘ, ਮਾਸਟਰ ਜਸਵਿੰਦਰ ਸਿੰਘ, ਸੁਰਿੰਦਰ ਸਿੰਘ,ਮਹਿੰਗਾ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।