ਅਸ਼ੋਕ ਵਰਮਾ
ਨਵੀਂ ਦਿੱਲੀ, 21 ਅਪਰੈਲ 2021:ਟਿਕਰੀ ਬਾਰਡਰ 'ਤੇ ਪਕੋੜਾ ਚੌਕ ਲਾਗੇ ਚਲਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਜੁਝਾਰੂ ਇਰਾਦਾ, ਤਿਆਗ ਭਾਵਨਾ,ਜਾਤੀਵਾਦ ਤੋਂ ਉੱਪਰ ਉੱਠ ਕੇ ਕੌਮੀ ਏਕਤਾ ਦਾ ਹੋਕਾ ਦੇਣਾ ਬਹੁਤ ਦੂਰ ਅੰਦੇਸ਼ੀ ਸਿਆਣੀ ਸਮਝ ਦਾ ਹਿੱਸਾ ਸੀ।ਅੱਜ ਦੀ ਕਿਸਾਨੀ ਲਹਿਰ ਦੇ ਆਗੂਆਂ ਨੂੰ ਗ਼ਦਰ ਲਹਿਰ ਦੇ ਇਤਿਹਾਸ ਤੋਂ ਪ੍ਰੇਰਨਾ ਲੈਣਾ ਸਮੇਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਸਮੇਤ ਇਨਕਲਾਬੀ ਲਹਿਰਾਂ ਨੇ ਸਾਮਰਾਜ ਦੇ ਖ਼ਿਲਾਫ਼ ਲੜਾਈ ਦਿੱਤੀ। ਉਥੇ ਹੁਣ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਲੇ ਕਾਨੂੰਨ ਅਸਲ ਵਿੱਚ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਲਿਆਂਦੇ ਗਏ ਹਨ।
ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ 107 ਸਾਲ ਪੁਰਾਣੇ ਇਤਿਹਾਸ ਨੂੰ ਅਜੋਕੇ ਮੁਲਕ ਦੀਆਂ ਹਾਲਤਾਂ ਨਾਲ ਜੋੜਦਿਆਂ ਕਿਹਾ ਕਿ ਅੰਗਰੇਜ਼ ਹਕੂਮਤ ਦੀ ਲੁੱਟ-ਘਸੁੱਟ ਨੂੰ ਸਾਡੇ ਦੇਸ਼ ਦੇ ਹਾਕਮ ਜਾਰੀ ਹੀ ਨਹੀਂ ਰੱਖਣਾ ਚਾਹੁੰਦੇ ਸਗੋਂ ਉਸ ਨੂੰ ਹੋਰ ਤੇਜ਼ ਕਰਨ ਲਈ ਕਿਰਤੀ ਲੋਕਾਂ ਦਾ ਖ਼ੂਨ ਨਿਚੋੜਨ ਲਈ ਅਜੋਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਘੜ ਘੜ ਕੇ ਲਿਆਉਂਦੇ ਹਨ ਜੋ ਥੋੜ੍ਹਾ ਬਹੁਤਾ ਰੁਜ਼ਗਾਰ ਦੇਸ਼ ਦੇ ਲੋਕਾਂ ਨੂੰ ਕਿਸਾਨੀ ਕਿੱਤੇ ਵਿੱਚੋਂ ਮਿਲ ਰਿਹਾ ਹੈ ਉਹ ਵੀ ਖੋਹਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗ਼ਦਰੀ ਬਾਬੇ ਸਾਡੇ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਦੀ ਘਾਲਣਾ ਤੇ ਕੁਰਬਾਨੀ ਨੂੰ ਸਿਜਦਾ ਕਰਦੇ ਇਹ ਸੰਘਰਸ਼ ਵੀ ਸਾਮਰਾਜ ਖ਼ਿਲਾਫ਼ ਸੇਧਿਤ ਕਰਨ ਦੀ ਲੋੜ ਹੈ।
ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਗ਼ਦਰੀਆਂ ਨੂੰ ਸਮੇਂ ਦੀਆਂ ਪੰਥਕ ਧਿਰਾਂ ਵੱਲੋਂ ਕਿਵੇਂ ਭੰਡਿਆ ਅਤੇ ਦੁਰਕਾਰਿਆ ਗਿਆ।ਆਮ ਲੋਕਾਂ ਦਾ ਗਦਰ ਲਹਿਰ ਨਾਲੋਂ ਨਾਤਾ ਤੋੜਨ ਦੇ ਪੂਰੇ ਯਤਨ ਕੀਤੇ ਗਏ ਪਰ ਜਦੋਂ ਸਮਾਂ ਪਾ ਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਦੇ ਲੋਕ ਮਨਾ ਅੰਦਰ ਚਰਚੇ ਸੱਚੇ ਦੇਸ਼ ਭਗਤੀ ਵਜੋਂ ਹੋਣ ਲੱਗੇ ਤਾਂ ਇਤਿਹਾਸਕ ਤੱਤਾਂ ਨੂੰ ਧਾਰਮਿਕ ਰੰਗਤ ਦੇ ਕੇ ਹੁਣ ਗ਼ਦਰੀ ਬਾਬਿਆਂ ਤੇ ਸਿੱਖ ਅਤੇ ਪੰਥਕ ਹੋਣ ਦੀ ਮੋਹਰ ਲਾ ਕੇ ਸਮੁੱਚੇ ਦੇਸ਼ ਲਈ ਕੀਤੀ ਕੁਰਬਾਨੀ ਨੂੰ ਪੰਜਾਬ ਅਤੇ ਸਿੱਖੀ ਦੀਆਂ ਤੰਗ ਵਲਗਣਾਂ 'ਚ ਕੈਦ ਕਰਨ 'ਤੇ ਜ਼ੋਰ ਲਾ ਰਹੇ ਹਨ।ਅੱਜ ਵੀ ਕਿਸਾਨੀ ਅੰਦੋਲਨ ਦੇ ਬਰਾਬਰ ਲੋਕ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਧਾਰਮਿਕ ਮੁੱਦਿਆਂ ਤੇ ਕਿਸਾਨ ਮੋਰਚੇ ਨੂੰ ਫ਼ਿਰਕੂ ਰੰਗਤ ਦੇਣ ਲਈ ਵੀ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਸਮੇਤ ਇਨਕਲਾਬੀ ਲਹਿਰਾਂ ਨੇ ਸਾਮਰਾਜ ਦੇ ਖ਼ਿਲਾਫ਼ ਲੜਾਈ ਦਿੱਤੀ। ਉਥੇ ਹੁਣ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਲੇ ਕਾਨੂੰਨ ਅਸਲ ਵਿੱਚ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਲਿਆਂਦੇ ਗਏ ਹਨ। ਗਦਰੀ ਬਾਬਿਆਂ ਨੇ ਗ਼ਦਰ ਲਹਿਰ ਨੂੰ ਧਰਮ ਅਤੇ ਜਾਤਾਂ ਦੀ ਫ਼ਿਰਕੂ ਰੰਗਤ ਚੜ੍ਹਨ ਤੋਂ ਬਿਲਕੁਲ ਦੂਰ ਰੱਖਿਆ ਸੀ ਅਤੇ ਅੱਜ ਵੀ ਇਸ ਲਹਿਰ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨ ਮੋਰਚੇ ਨੂੰ ਫ਼ਿਰਕੂ ਰੰਗਤ ਦੇਣ ਵਾਲਿਆਂ ਦੀ ਕੋਸ਼ਿਸ਼ ਤੋਂ ਬਹੁਤ ਸੁਚੇਤ ਹੋਣ ਲੋੜ ਹੈ। ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਦਿੱਲੀ ਮੋਰਚੇ ਅਤੇ ਕਿਸਾਨੀ ਮੰਗਾਂ ਤੋਂ ਧਿਆਨ ਭਟਕਾਉਣ ਲਈ ਯਤਨ ਕਰ ਰਹੀਆਂ ਸਿਆਸੀ ਪਾਰਟੀਆਂ ਅਤੇ ਲੋਕ ਵਿਰੋਧੀ ਧਿਰਾਂ ਵੱਲੋਂ ਉਸਾਰੇ ਜਾ ਰਹੇ ਏਜੰਡਿਆਂ ਤੋਂ ਸੁਚੇਤ ਹੋ ਕੇ ਕਾਨੂੰਨ ਰੱਦ ਕਰਨ ਤੱਕ ਸੰਘਰਸ਼ ਤਕੜਾ ਰੱਖਣ ਦੀ ਅਪੀਲ ਕੀਤੀ ।
ਅੱਜ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਦੀ ਸਕੂਲ ਆਫ ਡਰਾਮਾ ਚੰਡੀਗਡ਼੍ਹ ਨਾਟਕ ਟੀਮ ਵੱਲੋਂ ਨਾਟਕ "ਅਸੀਂ ਜਿੱਤਾਂਗੇ " ਅਤੇ 'ਇਹ ਲਹੂ ਕਿਸਦਾ ਹੈ " ਖੇਡਿਆ ਗਿਆ ਅਤੇ ਇੱਕ ਕੋਰੀਓਗ੍ਰਾਫੀ ਦੇਸ਼ ਨੂੰ ਚੱਲੋ ਗਦਰੀ ਬਾਬਿਆਂ ਦੀ ਸੋਚ ਨੂੰ ਕਲਾ ਰਾਹੀਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ । ਸਟੇਜ ਤੋਂ ਜਸਰੀਤ ਕੌਰ ਸਿੱਧੂ, ਜਸਵਿੰਦਰ ਕੌਰ ਖੋਖਰ,ਜੋਗੀ ਨੰਗੁਲਾ, ਦਵਿੰਦਰ ਧੋਲਾ,ਸੁਖਪਾਲ ਮਾਣਕ ਕਣਕਵਾਲ ਆਦਿ ਨੇ ਗ਼ਦਰ ਲਹਿਰ ਨਾਲ ਜੁੜੇ ਇਨਕਲਾਬੀ ਗੀਤ ਗਾਏ ਅਤੇ ਯੁਵਰਾਜ ਘੁਡਾਣੀ,ਬਿੱਟੂ ਮੱਲਣ,ਸੁਖਦੀਪ ਜੈ ਸਿੰਘ ਵਾਲਾ, ਮੁਕੇਸ਼ ਖਾਸਾ ਹਰਿਆਣਾ ਨੇ ਵੀ ਸੰਬੋਧਨ ਕੀਤਾ।