ਅਸ਼ੋਕ ਵਰਮਾ
ਨਵੀਂ ਦਿੱਲੀ, 18ਅਪਰੈਲ2021: ਹਿੰਦੀ ਦੇ ਇੱਕ ਅਖਬਾਰ ਵੱਲੋਂ ਦਿੱਲੀ ਮੋਰਚਾ ਚੁਕਾਉਣ ਸਬੰਧੀ ਛਾਪੀਆਂ ਰਿਪੋਰਟਾਂ ਨੂੰ ਲੈ ਕੇ ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਤੇ ਕਿਸਾਨ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਦੀ ਨਿਖੇਧੀ ਕੀਤੀ ਹੈ।ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਅਖ਼ਬਾਰ ਲਿਖਦਾ ਹੈ ਕਿ ਸਰਕਾਰ ਵੱਲੋਂ ਕੋਰੋਨਾ ਦੀ ਵਧ ਰਹੀ ਬਿਮਾਰੀ ਨੂੰ ਦੇਖਦੇ ਹੋਏ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਅਪਰੇਸ਼ਨ ਕਲੀਨ ਰਾਹੀਂ ਉਠਾਇਆ ਜਾਵੇਂਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹਾ ਬਿਆਨ ਦੇ ਕੇ ਇਸ ਅਖ਼ਬਾਰ ਨੇ ਮੋਦੀ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਈ ਸੀ ਜਦੋਂ ਅੰਦੋਲਨ ਦੇ ਪਹਿਲੇ ਦਿਨਾਂ ਵਿੱਚ ਯੂ ਪੀ ਅਤੇ ਹਰਿਆਣੇ ਦੇ ਆਮ ਕਿਸਾਨਾਂ ਤੋਂ ਕਾਲੇ ਕਾਨੂੰਨਾਂ ਦੀ ਹਾਂ ਪੱਖੀ ਕਵਰੇਜ ਕਰਨ ਦਾ ਯਤਨ ਕਰ ਰਹੇ ਸਨ ਪਰ ਅਸਫਲਤਾ ਹੀ ਹੱਥ ਲੱਗੀ। ਉਨ੍ਹਾਂ ਕਿਹਾ ਕਿ ਹੁਣ ਫਿਰ ਅਜਿਹੇ ਬਿਆਨ ਦੇ ਕੇ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਲਕ ਨੂੰ ਅਨਾਜ ਸੁਰੱਖਿਆ ਵਿੱਚ ਪਾਏ ਕਿਸਾਨਾਂ ਦੇ ਯੋਗਦਾਨ ਦੀ ਸਲਾਘਾ ਕਰਨ ਦੀ ਬਜਾਏ ਦੇਸ਼ ਦੇ ਹਾਕਮਾਂ ਨੇ ਦੋਸ਼ ਕਿਸਾਨਾਂ ਸਿਰ ਮੜ੍ਹਨ ਦਾ ਕੋਈ ਮੌਕਾ ਨਹੀਂ ਗਵਾਇਆ ਕਰਜ਼ਾ, ਪ੍ਰਦੂਸ਼ਣ,ਪਾਣੀ ਦੀ ਦੁਰਵਰਤੋਂ ਦੇ ਦੋਸ਼ੀ ਬਣਾ ਕੇ ਵਿਹਲੇ ਰਹਿ ਕੇ ਐਸ਼ ਕਰਨ ਵਾਲੇ ਤੱਕ ਕਹਿ ਦਿੱਤਾ ਜਦੋਂ ਕਿ ਇਸ ਦੀਆਂ ਜਿੰਮੇਵਾਰ ਸਰਕਾਰਾਂ ਦੀਆਂ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਹਨ ਜਿਨ੍ਹਾਂ ਨੇ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਤਾਂ ਮਾਲੋ ਮਾਲ ਕਰ ਦਿੱਤਾ ਪਰ ਕਿਸਾਨਾਂ ਮਜਦੂਰਾਂ ਨੂੰ ਇਸ ਬਦਲੇ ਕਰਜ਼ਾ, ਖ਼ੁਦਕੁਸ਼ੀਆਂ ਅਤੇ ਢੇਰ ਸਾਰੀਆਂ ਬੀਮਾਰੀਆਂ ਹੀ ਮਿਲੀਆਂ ਹਨ।
ਗੁਰਪ੍ਰੀਤ ਸਿੰਘ ਨੂਰਪੁਰਾ ਕਿਹਾ ਕਿ ਇਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਹੀ ਲਾਗਤ ਵਸਤਾਂ ਦੀਆਂ ਕੀਮਤਾ ਅਸਮਾਨੀ ਚੜ੍ਹ ਗਈਆਂ ਹਨ ਅਤੇ ਸਬਸਿਡੀਆਂ ਵੱਡੀ ਪੱਧਰ ਤੇ ਛਾਂਟੀਆਂ ਗਈਆਂ।ਸਸਤੇ ਖੇਤੀ ਕਰਜ਼ਿਆਂ ਦੇ ਬੂਹੇ ਕਿਸਾਨਾਂ ਲਈ ਬੰਦ ਕਰ ਕੇ ਡਿਫਾਲਟਰ ਕਿਸਾਨਾਂ ਦੀਆ ਬੈਂਕਾਂ ਵੱਲੋਂ ਖੱਜਲ ਖ਼ੁਆਰੀਆਂ ਨੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਬੇਤਹਾਸ਼ਾ ਵਾਧਾ ਕੀਤਾ।ਪੁਲਿਸ ਅਤੇ ਫੌਜ ਤੋਂ ਬਿਨਾਂ ਸਾਰੇ ਸਰਕਾਰੀ ਮਹਿਕਮਿਆਂ ਵਿੱਚ ਰੁਜ਼ਗਾਰ ਖ਼ਤਮ ਕਰ ਦਿੱਤਾ ਗਏ ਹਨ।
ਜਸਪਾਲ ਸਿੰਘ ਭੋਤਨਾ ਨੇ ਕਿਹਾ ਦੇਸ਼ ਦੀਆਂ ਹਕੂਮਤਾਂ ਵੱਲੋਂ ਨਿਰਾਸ਼ ਹੋਈ ਪੜ੍ਹੀ ਲਿਖੀ,ਅੱਧਪੜ ਅਤੇ ਅਨਪੜ੍ਹ ਬੇਰੁਜ਼ਗਾਰ ਜਵਾਨੀ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਰਾਹੀਂ ਵਰਤ ਕੇ ਉਨ੍ਹਾਂ ਨੂੰ ਹੱਕੀ ਸੰਘਰਸ਼ ਲੜਨ ਤੋਂ ਵਿਰਵੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਘੋਲ ਨੇ ਨੌਜਵਾਨੀ ਨੂੰ ਜਾਗਰਤ ਕਰ ਦਿੱਤਾ ਹੈ ਅਤੇ ਉਹ ਪੂਰੇ ਜੋਸ਼ ਅਤੇ ਹੋਸ਼ ਨਾਲ ਵੱਡੀ ਪੱਧਰ ਤੇ ਇਸ ਮੋਰਚੇ 'ਚ ਲਗਾਤਾਰ ਸ਼ਾਮਲ ਹੋ ਰਹੀ ਹੈ।ਇਸ ਤੋਂ ਬਿਨਾਂ ਇਸ ਅੰਦੋਲਨ ਨੇ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਕਿਸਾਨਾਂ ਨੂੰ ਵੀ ਵੱਡੀਆਂ ਉਮੀਦਾਂ ਜਗਾ ਕੇ ਉੱਭਰੇ ਵਿਸਾਲ ਜਨ-ਅੰਦੋਲਨ ਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਲਈ ਅੱਜ ਵੱਡੀ ਸਿਰਦਰਦੀ ਬਣਿਆ ਇਹ ਅੰਦੋਲਨ ਨਿੱਤ ਨਵਾਂ ਇਤਿਹਾਸ ਸਿਰਜ ਰਿਹਾ ਹੈ।
ਔਰਤ ਆਗੂ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਕੋਈ ਵੀ ਸੌਗਾਤ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ ਚਾਹੇ ਉਹ ਮੰਗਾਂ ਦੀ ਪੂਰਤੀ ਹੋਵੇ ਜਾਂ ਸਾਡੇ ਮੱਥੇ ਫੱਟਡ਼ ਹੋਣ। ਸੰਘਰਸ਼ ਪੈਰ ਗੱਡ ਚੁੱਕਾ ਹੈ ਇਸ ਨੂੰ ਪੁੱਟਣਾ ਆਸਾਨ ਨਹੀਂ। ਸਰਕਾਰ ਨੂੰ ਵੱਡੀ ਸਿਆਸੀ ਕੀਮਤ ਤਾਰਨੀ ਪਵੇਗੀ।ਅੱਜ ਦੇ ਇਕੱਠ ਨੂੰ ਬਹਾਦਰ ਸਿੰਘ , ਦੇਸਾ ਸਿੰਘ ,ਨਾਹਰ ਸਿੰਘ , ਜਗਸੀਰ ਸਿੰਘ ,ਸਤਵੀਰ ਕੌਰ ,ਮਹਿੰਦਰਪਾਲ ਕੌਰ ,ਸਰਬਜੀਤ ਕੌਰ ਅਤੇ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ।