- ਨੌਜਵਾਨ-ਪੀੜ੍ਹੀ ਨੂੰ ਉਸਾਰੂ-ਸਾਹਿਤ ਨਾਲ ਜੁੜਨ ਦਾ ਸੱਦਾ
ਚੰਡੀਗੜ੍ਹ, 23 ਅਪ੍ਰੈਲ 2021 – ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਲ 32 ਕਿਸਾਨ-ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਵੀ ਆਪਣੇ ਨਿਸ਼ਾਨੇ 'ਤੇ ਲਿਆ ਹੈ। 100 ਤੋਂ ਵੱਧ ਥਾਵਾਂ 'ਤੇ ਜਾਰੀ ਧਰਨਿਆਂ 'ਚ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ 2017 ਦੀਆਂ ਵਿਧਾਨ-ਸਭਾ ਚੋਣਾਂ ਵੇਲੇ ਕੀਤਾ ਹਰ ਤਰ੍ਹਾਂ ਦੀ ਕਿਸਾਨੀ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕਰਨ।
ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਹਰ ਕਿਸਾਨ ਦਾ ਕਰਜ਼ ਮੁਆਫ਼ ਕਰਦੇ ਹੋਏ ਇਸ ਬੋਝ ਤੋਂ ਮੁਕਤੀ ਦਿੱਤੀ ਜਾਵੇਗੀ। ਕਾਂਗਰਸ ਪਾਰਟੀ ਦੇ ਇਸ ਭਰੋਸੇ ਪੰਜਾਬ ਦੇ ਕਿਸਾਨਾਂ ਵੱਲੋਂ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਵੀ ਕਰਨਾ ਸ਼ੁਰੂ ਕਰ ਦਿੱਤਾ, ਪਰ ਹੁਣ 4 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕਰ ਸਕੀ ਹੈ।
ਪੰਜਾਬ ਸਰਕਾਰ ਵੱਲੋਂ ਇਕੱਠੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਥਾਂ ’ਤੇ ਹਰ ਸਾਲ ਥੋੜ੍ਹੇ-ਥੋੜ੍ਹੇ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਕਿਸਾਨਾਂ ਦਾ ਕਰਜ਼ ਅਜੇ ਤੱਕ ਮੁਆਫ਼ ਨਹੀਂ ਹੋਇਆ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਾਫ਼ੀ ਕਿਸਾਨ ਇਸ ਕਰਜ਼ ਦੇ ਬੋਝ ਨੂੰ ਸਹਿਣ ਨਾ ਕਰਦੇ ਹੋਏ ਖ਼ੁਦਕੁਸ਼ੀ ਦੇ ਰਾਹ ਪੈ ਰਹੇ ਹਨ।
ਕਿਸਾਨ-ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਜ਼ਿਆਦਾ ਪੇਂਡੂ ਲੋਕਾਂ ਦੇ ਸਿਰ ਕਰਜ਼ਾ ਹੋਣ ਕਰ ਕੇ ਕਰਜ਼ੇ ਦੀ ਮਾਰ ਥੱਲੇ ਆਏ ਰਾਜਾਂ ਵਿਚੋਂ ਇੱਕ ਪੰਜਾਬ ਸੂਬਾ ਵੀ ਸ਼ਾਮਿਲ ਹੈ। ਇੱਥੋਂ ਦੇ ਕਿਸਾਨਾਂ ਉੱਤੇ ਕਰੀਬ ਇੱਕ ਲੱਖ ਕਰੋੜ ਦਾ ਕਰਜ਼ਾ ਹੈ। ਇਹੀ ਵਜ੍ਹਾ ਹੈ ਕਿ ਇੱਥੇ ਕਿਸਾਨ ਆਤਮ-ਹੱਤਿਆ ਦਰ ਲਗਾਤਾਰ ਵੱਧ ਰਹੀ ਹੈ।
ਕਿਸਾਨੀ-ਧਰਨਿਆਂ ਦੇ 205ਵੇਂ ਦਿਨ 'ਵਿਸ਼ਵ ਪੁਸਤਕ ਦਿਵਸ' ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ ਬਲਕਿ ਮਾਨਸਿਕ ਭਟਕਣਾ ਨੂੰ ਦੂਰ ਕਰਨ ਦੇ ਨਾਲ ਸਹੀ ਦਿਸ਼ਾ ਵੀ ਦਿੰਦੀਆਂ ਹਨ। ਮਾਨਸਿਕ ਤੌਰ ’ਤੇ ਤੰਦਰੁਸਤ ਤੇ ਚੇਤੰਨ ਨੌਜਵਾਨ ਵਰਗ ਹੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਵਖਰੇਵਿਆਂ ਅਤੇ ਆਪਸੀ ਨਫ਼ਰਤ ਤੋਂ ਮੁਕਤ ਇੱਕ ਸੋਹਣਾ-ਸੁਚੱਜਾ ਅਤੇ ਪਿਆਰ ਭਰਿਆ ਸ਼ਾਂਤਮਈ ਵਾਤਾਵਰਨ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਹੀ ਸੰਘਰਸ਼ਾਂ ਭਰਿਆ ਰਿਹਾ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨੇ ਪੱਕੇ ਧਰਨੇ ਲਾਏ ਹੋਏ ਹਨ। ਇਸ ਵਾਰ ਕਿਸਾਨਾਂ ਦੇ ਧਰਨੇ ਵਿਚ ਨੌਜਵਾਨ ਪੀੜ੍ਹੀ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਦੀ ਦਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਕਿ ਨੌਜਵਾਨ ਵਰਗ ਨੇ ਵੀ ਧਰਨਿਆਂ ਵਿਚ ਦਿਲਚਸਪੀ ਦਿਖਾਈ ਹੈ।
ਕਿਸਾਨ ਸੰਘਰਸ਼ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਨੌਜਵਾਨ ਏਕਤਾ ਦੀ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਨਵੀਂ ਪੀੜ੍ਹੀ ਨੂੰ ਸਿਰਫ਼ ਗੀਤਾਂ ਵਿੱਚ ਹੀ ਲਲਕਾਰੇ ਮਾਰਦੇ ਸੁਣਿਆ ਜਾਂਦਾ ਸੀ, ਪਰ ਨੌਜਵਾਨਾਂ ਨੇ ਇਸ ਗੱਲ ਨੂੰ ਗਲਤ ਸਾਬਤ ਕਰਦਿਆਂ ਆਪਣੇ ਹੱਕਾਂ ਲਈ ਕਿਸੇ ਵੱਡੀ ਤੋਂ ਵੱਡੀ ਤਾਕਤ ਨਾਲ ਲੜਨ ਦਾ ਫ਼ੈਸਲਾ ਕਰ ਲਿਆ ਹੈ। ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਨੌਜਵਾਨ ਲੇਖਕ ਵੀ ਆਪਣਾ ਰੋਲ ਬਾਖੂਬੀ ਨਿਭਾ ਰਹੇ ਹਨ। ਵੱਖ-ਵੱਖ ਨਾਟਕ ਟੀਮਾਂ, ਕਲਾਕਾਰਾਂ ਤੇ ਗੀਤਕਾਰਾਂ ਵੱਲੋਂ ਕਿਸਾਨਾਂ ਦੀ ਹੌਸਲਾਅਫ਼ਜ਼ਾਈ ਕਰਦਿਆਂ ਸੰਘਰਸ਼ ਵਿੱਚ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਕੀ ਬਜ਼ੁਰਗ, ਕੀ ਨੌਜਵਾਨ, ਸਭ ਖੇਤੀ ਅੰਦੋਲਨ ਲਈ ਆਪਣਾ ਯੋਗਦਾਨ ਦੇਣ ਲਈ ਲਾਮਬੰਦ ਹਨ।
ਭਲਕੇ 24 ਅਪ੍ਰੈਲ ਨੂੰ ਜਦੋਂ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋ ਰਹੇ ਹਨ, ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ਜਿਸ ਵਿੱਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।