ਟਰੈਕਟਰਾਂ ਅੱਗੇ ਕਾਲੇ ਝੰਡੇ ਬੰਨ੍ਹ ਕਿਹਾ ਸਰਕਾਰ ਦੇ ਕਾਲੇ ਕਾਨੂੰਨ ਮਨਜ਼ੂਰ ਨਹੀਂ, ਇਹਨਾਂ ਨੂੰ ਤੁਰੰਤ ਰੱਦ ਕਰੋ
ਸੁਖਮੰਦਰ ਹਿੰਮਤਪੁਰੀ
ਮੋਗਾ 26 ਮਈ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਮੋਗਾ ਦੇ ਵੱਖ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੇ ਖੇਤੀ ਮਾਰੂ ਕਾਲੇ ਕਾਨੂੰਨਾਂ ਖਿਲਾਫ ਕਾਲੇ ਝੰਡੇ ਲਗਾ ਕੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਆਪਣੇ ਘਰਾਂ, ਟਰੈਕਟਰਾਂ, ਮੋਟਰਸਾਈਕਲਾਂ, ਕਾਰਾਂ ਸਮੇਤ ਹੋਰ ਵਹੀਕਲਾਂ ਅੱਗੇ ਕਾਲੇ ਝੰਡੇ ਬੰਨ ਕੇ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨ ਮਨਜ਼ੂਰ ਨਹੀਂ, ਇਹ ਤੁਰੰਤ ਰੱਦ ਹੋਣੇ ਚਾਹੀਦੇ। ਇਸ ਮੌਕੇ ਗੱਲ ਕਰਦਿਆਂ ਨਿਰਭੈ ਸਿੰਘ ਢੁੱਡੀਕੇ, ਪ੍ਰਗਟ ਸਿੰਘ ਸਾਫੂਵਾਲਾ, ਕੁਲਦੀਪ ਭੋਲਾ, ਜਗਜੀਤ ਸਿੰਘ ਧੂੜਕੋਟ, ਸੁਖਜਿੰਦਰ ਮਹੇਸਰੀ ਅਤੇ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਛੇ ਮਹੀਨੇ ਜਿੱਥੇ ਲੋਕਾਂ ਦੇ ਸਬਰ, ਸਿਰੜ ਤੇ ਸਿਦਕ ਦਾ ਸਬੂਤ ਨੇ, ਓਥੇ ਇਹੀ ਛੇ ਮਹੀਨੇ ਮੋਦੀ ਸਰਕਾਰ ਦੀ ਲੋਕਾਂ ਪ੍ਰਤੀ ਬੇਸ਼ਰਮੀ, ਬੇਗਾਨਗੀ ਅਤੇ ਬਦਨੀਤੀ ਦੇ ਗਵਾਹ ਵੀ ਨੇ। ਲੋਕਾਂ ਦਾ ਲਗਾਤਾਰ ਅੱਧਾ ਸਾਲ ਸਰਕਾਰ ਦੇ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਲੜਨਾ ਤੇ ਅੱਗਿਓਂ ਵੀ ਮੈਦਾਨ ਵਿੱਚ ਡਟੇ ਰਹਿਣ ਦਾ ਜਜ਼ਬਾ ਦੱਸਦਾ ਕਿ ਉਹ ਜਿੱਤੇ ਬਿਨਾ ਵਾਪਸ ਨਹੀਂ ਪਰਤਣਗੇ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵਿਰੁੱਧ ਲੜਾਈ ਸਰਬੱਤ ਦੀ ਸਾਂਝੀ ਲੜਾਈ ਹੈ। ਇਹ ਲੜਾਈ ਸਭ ਧਰਮਾਂ, ਇਲਾਕਿਆਂ, ਬੋਲੀਆਂ ਦੇ ਲੋਕਾਂ ਦੀ ਏਕਤਾ ਨਾਲ ਲਾਜ਼ਮੀ ਜਿੱਤੀ ਜਾਣੀ ਹੈ, ਏਸੇ ਲਈ ਸਰਕਾਰ ਆਪਣੇ ਸਭ ਹੱਥਕੰਡੇ ਵਰਤ ਕੇ ਲਗਾਤਾਰ ਅੰਦੋਲਨ ਵਿੱਚ ਫੁੱਟ ਪਾਉਣ ਲਈ ਯਤਨਸ਼ੀਲ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਲੋਕਾਂ ਵਿੱਚ ਪਈ ਫੁੱਟ, ਕੱਲ ਨੂੰ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਤੇ ਅਨਾਜ਼ ਉੱਤੇ ਕਾਬਜ਼ ਕਰਵਾ ਦੇਵੇਗੀ। ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣਾ ਭਵਿੱਖ ਕਦੇ ਵੀ ਤਬਾਹ ਨਹੀਂ ਹੋਣ ਦੇਣਗੇ, ਇਸੇ ਲਈ ਅੱਜ ਵੱਡੇ ਪੱਧਰ ਉੱਤੇ ਕਾਲੇ ਝੰਡੇ ਲਗਾ ਕੇ ਅਤੇ ਮੋਦੀ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਗਟ ਕਰ ਰਹੇ ਹਨ।
ਉਹਨਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਕੇ, ਪੂਰੇ ਦੇਸ਼ ਵਿੱਚ ਸਭ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਬਿਜਲੀ ਬਿੱਲ 2020 ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੇ ਸ਼ਾਹੀਦਾਂ ਦੇ ਪਰਵਾਰਾਂ ਨੂੰ ਮੁਆਵਜ਼ੇ ਦਾ ਕੀਤਾ ਐਲਾਨ ਅਜੇ ਤੱਕ ਵੱਡੀ ਗਿਣਤੀ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਦੇ ਸਕਿਆ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਵੇ।
ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਮੋਰਚੇ ਦੀ ਹੋਰ ਮਜ਼ਬੂਤੀ ਲਈ ਵਹੀਰਾਂ ਘੱਤ ਕੇ ਪੁੱਜਣ।
ਇਸ ਮੌਕੇ ਚਮਕੌਰ ਸਿੰਘ ਪ੍ਰਧਾਨ, ਬਲਜੀਤ ਸਿੰਘ ਝੰਡੇਆਣਾ, ਜਸਵੰਤ ਸਿੰਘ ਮੰਗੇਵਾਲਾ, ਗੁਰਦਿੱਤ ਦੀਨਾ, ਸ਼ਮਸ਼ੇਰ ਸਿੰਘ ਸਰਪੰਚ, ਤੇਜਾ ਸਿੰਘ, ਗੁਰਦੌਰ ਸਿੰਘ ਮਹੇਸਰੀ, ਪਰਮਜੀਤ ਸਿੰਘ ਪੰਮਾ ਪ੍ਰਧਾਨ, ਪ੍ਰਗਟ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ, ਮਲਕੀਤ ਸਿੰਘ ਮੈਂਬਰ, ਹਰਦਿਆਲ ਸਿੰਘ, ਅਮਨਦੀਪ ਅਮੂ, ਲਖਵੀਰ ਸਿੰਘ ਰਾਜੂ, ਜਬਰਜੰਗ ਸਿੰਘ, ਸੁਖਦੇਵ ਸਿੰਘ ਮੀਤ ਪ੍ਰਧਾਨ, ਕੇਵਲ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਆਦਿ ਹਾਜ਼ਰ ਸਨ।