ਅਸ਼ੋਕ ਵਰਮਾ
ਨਵੀਂ ਦਿੱਲੀ, 15 ਅਪਰੈਲ 2021 - ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਦੇ ਜੀਵਨ, ਸਿਧਾਂਤ ਅਤੇ ਸਮਾਜ ਸੁਧਾਰਕ ਦੇ ਕਾਰਜਾਂ ਦੀ ਵਿਆਖਿਆ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਚਲਦੀ ਬੀਬੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕਿਹਾ ਕਿ ਸ਼ਾਂਤਮਈ ਸੰਘਰਸ਼ ਦੀ ਦੁਨੀਆਂ ਪੱਧਰ ਤੇ ਗੁਰੂ ਜੀ ਦੀ ਸ਼ਹਾਦਤ ਵਰਗੀ ਕੋਈ ਉਦਾਹਰਨ ਨਹੀਂ ਮਿਲਦੀ। ਉਹ ਵੀ ਉਸ ਯੁੱਗ ਸਮੇਂ ਜਦੋਂ ਰਾਜਾ ਹੀ ਰੱਬ ਤੇ ਰਹਿਬਰ ਮੰਨਿਆਂ ਜਾਂਦਾ ਹੋਵੇ।ਉਸ ਵਿਰੁੱਧ ਵਿਚਾਰ ਰੱਖਣ ਵਾਲੇ ਨੂੰ ਬੋਲਣ ਦਾ ਕੋਈ ਅਧਿਕਾਰ ਨਾਂ ਹੋਵੇ।
ਉਨ੍ਹਾਂ ਕਿਹਾ ਕਿ ਉਹ ਬੋਲੇ ਵੀ,ਲੋਕਾਂ ਨੂੰ ਬੋਲਣ ਦੀ ਹਿੰਮਤ ਤੇ ਜਾਂਚ ਵੀ ਸਿਖਾਈ ਅਤੇ ਉਸ ਦੇ ਸਿੱਟੇ ਵੀ ਖਿੜੇ ਮੱਥੇ ਆਪਣੇ ਪਿੰਡੇ ਤੇ ਹੰਢਾਦੇ। ਉਨ੍ਹਾਂ ਕਿਹਾ ਕਿ ਹਾਕਮ ਬੇਸ਼ੱਕ ਡਾਢਾ ਹੋਵੇ ਪਰ ਸੱਚ ਨੂੰ ਦਬਾਉਣ ਲਈ ਉਹ ਹਮੇਸ਼ਾ ਹਾਰਦਾ ਹੈ।ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ।ਮੌਜੂਦਾ ਹਕੂਮਤ ਦਾ ਵੀ ਆਪਣੇ ਵਿਰੁੱਧ ਉੱਠਣ ਵਾਲੀ ਹੱਕਾਂ ਦੀ ਲਹਿਰ ਨੂੰ ਦਬਾਉਣ ਲਈ ਪੂਰਾ ਤਾਣ ਲਗਿਆਂ ਹੋਇਆਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਏ ਦਲਾਲ,ਮਾਓਵਾਦੀ, ਨਕਸਲਬਾੜੀ,ਕਾਮਰੇਡ, ਖਾਲਸਤਾਨੀ ਅਤੇ ਅੰਦੋਲਨਜੀਵੀ ਕਹਿਣ ਤੋਂ ਬਾਅਦ ਵੀ ਸੰਘਰਸ਼ ਨੂੰ ਢਾਹ ਲਾਉਣ 'ਚ ਅਸਫ਼ਲ ਰਹੀ ਹੈ।
ਉਗਰਾਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਸਿੰਘੂ ਬਾਰਡਰ 'ਤੇ ਦੀਪ ਸਿੱਧੂ ਦੇ ਹਮਾਇਤੀਆਂ ਵੱਲੋਂ ਘੇਰ ਕੇ ਆਪਣੀਆਂ ਟਿੱਪਣੀਆਂ ਲਈ ਮਾਫ਼ੀ ਮੰਗਣ ਵਾਸਤੇ ਦਬਾਅ ਪਾਉਣ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਵੱਖ ਵੱਖ ਵਿਅਕਤੀਆਂ ਜਥੇਬੰਦੀਆਂ ਦੇ ਰੋਲ ਬਾਰੇ ਚਰਚਾ ਕਰਨ ਦਾ ਹਰ ਵਿਅਕਤੀ ਸੰਸਥਾ ਦਾ ਜਮਹੂਰੀ ਹੱਕ ਹੈ ਤੇ ਇਸ ਹੱਕ ਨੂੰ ਨਾ ਹਕੂਮਤ ਤੇ ਨਾ ਕੋਈ ਵੀ ਹੋਰ ਹਿੱਸਾ ਖੋਹ ਸਕਦਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵੱਲੋਂ ਭਾਜਪਾ ਹਕੂਮਤ ਦੀ ਹਮਾਇਤ ਤੇ ਹੱਲਾਸ਼ੇਰੀ ਨਾਲ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਯਤਨ ਕੀਤਾ ਗਿਆ ਸੀ ਤੇ ਉਸ ਦੀ ਅਜਿਹੀ ਕਾਰਵਾਈ ਦੀ ਨਿੰਦਾ ਕੀਤੀ ਜਾਣੀ ਵਾਜਬ ਹੈ।
ਔਰਤ ਜਥੇਬੰਦੀ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਦੇਸ਼ ਦੇ ਹਾਕਮ ਹੁਣ ਲੋਕਾਂ 'ਚ ਆਪਣਾ ਡਰ ਗਵਾ ਚੁੱਕੀ ਕਰੋਨਾਂ ਦੀ ਬਿਮਾਰੀ ਦਾ ਸਹਾਰਾ ਲੈ ਕੇ ਅੰਦੋਲਨ ਨੂੰ ਠੱਪ ਕਰਨ ਦੇ ਰਾਹ ਪਏ ਹੋਏ ਹਨ। ਕਰੋਨਾ ਦਾ ਭਾਂਡਾ ਵੀ ਇਸ ਸ਼ਾਂਤਮਈ ਸੰਘਰਸ਼ ਨੇ ਭੰਨ੍ਹਿਆ ਹੋਇਆ ਹੈ। 400 ਦੇ ਕਰੀਬ ਸ਼ਹੀਦਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਵਿੱਚ ਵੀ ਕਰੋਨਾਂ ਨੈਗੇਟਿਵ ਹੈ ਜਿਨ੍ਹਾਂ ਨੇ ਨਾ ਦੂਰੀ ਦਾ ਧਿਆਨ ਰੱਖਿਆ,ਨਾ ਮਾਸਕ ਪਹਿਨਿਆ, ਲੰਗਰ ਵੀ ਰਲ ਮਿਲ ਕੇ ਬਣਾਇਆ ਅਤੇ ਛਕਿਆ। ਉਨ੍ਹਾਂ ਕਿਹਾ ਕਿ ਇਹ ਟੈਸਟ ਦੁਨੀਆ ਦੁਨੀਆਂ ਵਿੱਚ ਕਰੋਨਾ ਦਾ ਡਰ ਖਤਮ ਕਰਨ ਲਈ ਕਾਫੀ ਹੈ।ਸਰਕਾਰ ਦਾ ਖ਼ਾਸਾ ਕਿਸਾਨ ਆਗੂਆਂ ਤੋਂ ਛੁਪਿਆ ਨਹੀਂ।
ਉਨ੍ਹਾਂ ਅੰਦੋਲਨਕਾਰੀਆਂ ਨੂੰ ਸਰਕਾਰ ਦੇ ਹਮਲੇ ਲਈ ਚੌਕਸ ਅਤੇ ਮਾਨਸਿਕ ਤੌਰ ਤੇ ਤਿਆਰ ਰਹਿਣ ਲਈ ਕਿਹਾ।ਕਣਕ ਦੀ ਫ਼ਸਲ ਦੀ ਕਟਾਈ ਅਤੇ ਸਾਂਭ-ਸੰਭਾਲ ਦਾ ਕੰਮ ਮੁਕੰਮਲ ਹੋਣ ਤੇ 21 ਅਪ੍ਰੈਲ ਨੂੰ ਪੰਜਾਬ ਤੋਂ ਕਿਰਤੀਆਂ ਦੇ ਵੱਡੇ ਕਾਫਲੇ ਦਿੱਲੀ ਲਿਆਉਣ ਲਈ ਕਿਹਾ। ਮੋਰਚਾ ਕਾਨੂੰਨ ਰੱਦ ਕਰਾਉਣ ਤੱਕ ਹਰ ਕਿਸਮ ਦਾ ਜਬਰ ਝੱਲਣ ਲਈ ਤਿਆਰ ਹੈ। 21 ਅਪ੍ਰੈਲ ਨੂੰ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਲਈ ਮੋਰਚੇ ਵਿੱਚ ਵਿਸ਼ੇਸ਼ ਇੱਕਠ ਕੀਤਾ ਜਾਵੇਗਾਂ।ਅੱਜ ਸਟੇਜ ਤੋਂ ਗੁਰਭਿੰਦਰ ਸਿੰਘ ਕੋਕਰੀ ਕਲਾਂ (ਮੋਗਾ),ਗੁਰਭੇਜ ਸਿੰਘ ਰੋਹੀ ਵਾਲਾ (ਫਾਜ਼ਿਲਕਾ), ਮਨਪ੍ਰੀਤ ਸਿੰਘ ਸਿੰਘੇ ਵਾਲਾ (ਮੁਕਤਸਰ),ਜੁਵਰਾਜ ਸਿੰਘ ਘੁਡਾਣੀ (ਲੁਧਿਆਣਾ), ,ਹਰਮਿੰਦਰ ਸਿੰਘ ਪਤਰਕਾਰਾਂ (ਬਠਿੰਡਾ),ਬੂਟਾ ਸਿੰਘ ਪੱਖੋਕੇ (ਬਰਨਾਲਾ), ਬਲਵਿੰਦਰ ਸਿੰਘ ਘੋੜਾ (ਸੰਗਰੂਰ) ਅਤੇ ਦਵਿੰਦਰ ਸਿੰਘ ਮਾਨਾਂ (ਮੁਕਤਸਰ) ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।