ਦੀਪਕ ਜੈਨ
ਜਗਰਾਓਂ, 15 ਅਪ੍ਰੈਲ 2021 - 197ਵੇਂ ਦਿਨ 'ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ 'ਚ ਅੱਜ ਹਾੜੀ ਦੇ ਕਸਾਅ ਦੇ ਬਾਵਜੂਦ ਕਿਸਾਨ ਮਜਦੂਰ ਸ਼ਾਮਿਲ ਹੋਏ। ਇਸ ਸਮੇਂ ਜ਼ਿਲ੍ਹਾ ਕਾਰਜ ਕਾਰੀ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਅੱਜ ਦੇ ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਕਿਸਾਨ ਆਗੂ ਕੁਲਵਿੰਦਰ ਸਿੰਘ ਢਿੱਲੋਂ, ਬਲਾਕ ਸੱਕਤਰ ਧਰਮ ਸਿੰਘ ਸੂਜਾਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੀ ਆੜ ਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਕੁੰਭ 'ਚ ਹਜਾਰਾਂ ਲੋਕ ਇਕਠੇ ਇਸਨਾਨ ਕਰ ਰਹੇ ਹਨ।
ਬੰਗਾਲ 'ਚ ਸ਼ਾਹ ਦੀ ਅਗਵਾਈ 'ਚ ਲੱਖਾਂ ਲੋਕ ਰੈਲੀਆਂ ਕਰ ਰਹੇ ਹਨ, ਉਥੇ ਕਰੋਨਾ ਦਾ ਕੋਈ ਡਰ ਨਹੀਂ ਹੈ ਤੇ ਦੂਜੇ ਪਾਸੇ ਵਿਦਿਆਰਥੀਆਂ ਦੇ ਭਵਿੱਖ ਨਾਲ ਜਾਣਬੁੱਝ ਕੇ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਅੱਜ 2022 ਨੂੰ ਧਿਆਨ ਚ ਰਖਦਿਆਂ ਮੌਕਾਪ੍ਰਸਤ ਪਾਰਟੀਆਂ ਵਖ ਵਖ ਢੰਗਾਂ ਨਾਲ ਲੋਕਾਂ ਨੂੰ ਭਰਮਾਉਣ ਤੁਰ ਪਈਆਂ ਹਨ, ਜਿਨਾਂ ਨੂੰ ਪਿੰਡਾਂ ਚ ਜਿਹੜੇ ਲੋਕ ਮੁੰਹ ਲਾ ਰਹੇ ਹਨ ਉਹ ਕਿਸਾਨ ਸੰਘਰਸ਼ ਦੇ ਉਲਟ ਭੁਗਤ ਰਹੇ ਹਨ।
ਉਨਾਂ ਕਿਸਾਨਾਂ ਨੂੰ ਖੇਤਾਂ ਚ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਤੀ ਪੂਰਾ ਸੁਚੇਤ ਰਹਿਣ ਦੀ ਅਪੀਲ ਕੀਤੀ।ਉਨਾਂ ਦੱਸਿਆ ਕਿ ਭਲਕੇ ਤੋਂ ਜਥੇਬੰਦੀਆਂ ਦੀਆਂ ਟੀਮਾਂ ਅਨਾਜ ਮੰਡੀਆਂ ਦਾ ਦੌਰਾ ਕਰਨਗੀਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਯਤਨ ਕਰਨਗੇ। ਉਨਾਂ ਸਾਰੀਆਂ ਪਿੰਡ ਇਕਾਈਆਂ ਨੂੰ ਲਾਗਲੀਆਂ ਮੰਡੀਆਂ ਚ ਨਿਗਰਾਨੀ ਰਖਣ ਦੀ ਅਪੀਲ ਕੀਤੀ ਤਾਂ ਕਿ ਕਿਸਾਨਾਂ ਨੂੰ ਕੋਈ ਤਕਲੀਫ ਨਾ ਹੋਵੇ।