ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 12 ਦਸੰਬਰ 2020 - ਦਿੱਲੀ ਦੇ ਬਾਰਡਰਾਂ ਉੱਪਰ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਲੱਗਿਆ ਕਿਸਾਨ ਮੋਰਚਾ ਦਿਨ ਬ ਦਿਨ ਮਜਬੂਤ ਹੁੰਦਾ ਦਿਖਾਈ ਦੇ ਰਿਹਾ ਹੈ। ਏਦਾਂ ਲੱਗ ਰਿਹਾ ਹੈ ਕਿ ਜਿਵੇਂ ਵਾਰੋ ਵਾਰੀ ਸਾਰਾ ਪੰਜਾਬ ਹੀ ਇਹਨਾਂ ਮੋਰਚਿਆਂ ਵਿੱਚ ਪਹੁੰਚਣ ਲਈ ਚੱਲ ਪਿਆ ਹੈ। ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਵੱਖ ਵੱਖ ਤਰੀਕਿਆਂ ਨਾਲ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ।
ਇਸ ਲੰਬੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੇ ਮਨੋਬਲ ਨੂੰ ਹੋਰ ਉਚੇਰਾ ਚੁੱਕਣ ਵਾਲੀ ਘਟਨਾ ਉਦੋਂ ਘਟੀ ਜਦੋਂ ਪੰਜਾਬ ਤੋਂ ਅੰਗਹੀਣ ਵਿਅਕਤੀਆਂ ਦਾ ਇੱਕ ਵੱਡਾ ਵਫਦ ਦਿੱਲੀ ਸਿੰਘੂ ਬਾਰਡਰ ਮੋਰਚੇ ਵਿੱਚ ਅੱਪੜ ਗਿਆ।ਖਰੋੜੀਆਂ ਅਤੇ ਟਰਾਈਸਾਈਕਲਾਂ ਦੇ ਆਸਰੇ ਬੈਠੇ ਇਹਨਾਂ ਵਿਅਕਤੀਆਂ ਵਿੱਚ ਹੌਂਸਲਾ ਅਤੇ ਜਜਬਾ ਲਾ ਮਿਸਾਲ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਵੇਂ ਸਰੀਰਕ ਤੌਰ ਤੇ ਅੰਗ ਹੀਣ ਹਾਂ , ਪਰ ਮਾਨਸਿਕ ਤੌਰ ਤੇ ਬਹੁਤ ਮਜਬੂਤ ਹਾਂ ਅਤੇ ਕਿਸਾਨ ਮੋਰਚੇ ਵਿੱਚ ਕਿਸਾਨੀ ਸੰਘਰਸ਼ ਖਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਾਂ। ਇਹਨਾਂ ਵਿਅਕਤੀਆਂ ਦੇ ਇਸ ਹੌਂਸਲੇ ਅਤੇ ਜਜਬੇ ਨੂੰ ਦੇਖ ਕੇ ਧਰਨੇ ਵਿੱਚ ਮੌਜੂਦ ਕਿਸਾਨਾਂ ਦੀਆਂ ਭਾਵੁਕ ਹੋ ਕੇ ਅੱਖਾਂ ਨਮ ਹੋ ਰਹੀਆਂ ਸਨ ਅਤੇ ਉਹ ਆਪਣੇ ਆਪ ਨੂੰ ਹੋਰ ਮਜਬੂਤ ਸਮਝ ਰਹੇ ਸਨ।