ਰਵੀ ਜੱਖੂ
ਸਿੰਘੂ ਬਾਰਡਰ 28 ਦਸੰਬਰ 2020 - ਮਘਦੇ ਸੂਰਜ ਦੀ ਤਪਸ਼ ਵਾਂਗ ਮਘੇ ਕਿਸਾਨ ਮੋਰਚੇ ਨੇ ਸਿਆਸੀ ਹਾਕਮਾਂ ਦੇ ਮੱਥੇ ਤਿਊੜੀਆਂ ਜ਼ਰੂਰ ਲਿਆਂਦੀਆਂ ਨੇ। ਪਿੰਡਾਂ ਦੀਆਂ ਗੁੰਮ ਹੋਈਆਂ ਸੱਥਾਂ ਦਿੱਲੀ ਦੇ ਬਾਰਡਰ 'ਤੇ ਲੱਗਣ ਲੱਗ ਗਈਆਂ। ਜਿੱਥੇ ਕਿਸਾਨੀ ਸੂਰਜੀ ਕਿਰਨਾਂ ਵਾਂਗ ਮਘਦੇ ਬਜ਼ੁਰਗ ਚਿਹਰੇ ਨੌਜਵਾਨੀ ਵਿੱਚ ਜੋਸ਼ ਭਰਦੇ ਹਨ ਉੱਥੇ ਹੀ ਇਸ ਮੋਰਚੇ ਨੂੰ ਸ਼ਾਂਤੀਮਈ ਢੰਗ ਨਾਲ ਚਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਪੰਜਾਬ ਦਾ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਲਿਖਦਾ ‘ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ’ ਕਿਸਾਨ ਮੋਰਚੇ ‘ਤੇ ਫਿਟ ਜਾ ਬੈਠਾ। ਮੋਰਚੇ ਦਾ ਪ੍ਰਤੀਕ ਬਣੇ ਕਿਸਾਨੀ ਝੰਡੇ ਹੁਣ ਸਿਰਫ ਦਿੱਲੀ ਬਾਰਡਰ ‘ਤੇ ਹੀ ਨਹੀਂ ਪੰਜਾਬ ਵਿੱਚ ਵੀ ਵੱਡੇ ਪੱਧਰ ‘ਤੇ ਨਜ਼ਰੀਂ ਪੈਂਦੇ ਹਨ।
ਕਿਸੇ ਸਮੇਂ ਸਿਆਸੀ ਰੋਬ ਪਾਉਣ ਲਈ ਗੱਡੀਆਂ ‘ਤੇ ਲਗਾਏ ਸਿਆਸੀ ਪਾਰਟੀ ਦੇ ਝੰਡਿਆਂ ਤੋਂ ਹੁਣ ਪੰਜਾਬ ਦੇ ਲੋਕਾਂ ਨੇ ਮੂੰਹ ਫੇਰ ਲਿਆ। ਸੂਬੇ ਦੀਆਂ ਗੱਡੀਆਂ ਤੋਂ ਸਿਆਸੀ ਪਾਰਟੀ ਦੀਆਂ ਝੰਡੀਆਂ ਉਤਾਰ ਕਿਸਾਨੀ ਝੰਡੇ ਗੱਡ ਲਏ। ਪਟਿਆਲ਼ੇ ਦੇ ਕਿਸਾਨ ਅਨਮੋਲ ਸਿੰਘ ਦੱਸਦਾ ਹੈ ਕਿ ਉਹ ਪੰਜਾਬ ਦੀ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਦਾ ਵਰਕਰ ਹੈ ਤੇ ਗੱਡੀ ਤੇ ਕਾਂਗਰਸ ਦਾ ਝੰਡਾ ਲੱਗਾਇਆ ਸੀ ਪਰ ਹੁਣ ਉਸਦੀ ਗੱਡੀ ਤੇ ਕਿਸਾਨੀ ਝੰਡਾ ਹੀ ਝੂਲਦਾ ਹੈ। ਇਹ ਹਾਲ ਕਈ ਸਾਲਾ ਤੋਂ ਖ਼ੁਦ ਨੂੰ ਅਕਾਲੀ ਅਖਵਾਉਂਦੇ ਵਰਿੰਦਰ ਸਿੰਘ ਦਾ ਹੈ ਜੋ ਹੁਣ ਸਿਰਫ ਗੱਡੀ ਤੋਂ ਹੀ ਨਹੀਂ ਦਿਲ ਵੀ ਕਿਸਾਨੀ ਝੰਡਾ ਚੁੱਕੀ ਪਰਿਵਾਰ ਸਮੇਤ ਸਿੰਘੂ ਬਾਰਡਰ ਤੇ ਪਹੁੰਚਿਆ। ਸਮੇਂ ਦੀ ਵਗਦੀ ਪੌਣ ਨੇ ਸਿਆਸੀ ਪਾਰਟੀਆਂ ਦੇ ਝੰਡੇ ਹੀ ਗੱਡੀਆਂ ਤੋਂ ਨਹੀਂ ਉਤਾਰੇ ਸਗੋਂ ਵੱਡੇ ਸਿਆਸੀ ਕੱਦਾਂ ਨੂੰ ਵੀ ਪਹਿਲਾਂ ਕਿਸਾਨ ਕਹਿਣ ਤੇ ਮਜ਼ਬੂਰ ਕਰ ਦਿੱਤਾ।