ਚੰਡੀਗੜ੍ਹ, 15 ਦਸੰਬਰ 2020 - ਸਾਬਕਾ ਸਪੀਕਰ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਸਰਦ ਰੁੱਤ ਦਾ ਪਾਰਲੀਮੈਟ ਸ਼ੈਸਨ ਕੋਰੋਨਾ ਮਹਾਮਾਰੀ ਦੇ ਬਹਾਨੇ ਨਾਲ ਰੱਦ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦੇ ਇਤਹਿਾਸ 'ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦਾ ਸ਼ੈਸਨ ਪਹਿਲ ਦੇ ਅਧਾਰ 'ਤੇ ਸੱਦਣਾ ਚਾਹੀਦਾ ਸੀ ਤਾਂ ਜੋ ਕੜਾਕੇ ਦੀ ਠੰਡ 'ਚ ਅੰਦੋਲਨ ਕਰ ਰਹੇ ਦੇਸ਼ ਭਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਸੁਲਝਾਉਣ ਲਈ ਵਿਚਾਰ ਵਿਟਾਦਰਾਂ ਕੀਤੀਆਂ ਜਾਂਦੀਆਂ।
ਰਵੀਇੰਦਰ ਸਿੰਘ ਨੇ ਕਿਹਾ ਸਰਕਾਰਾਂ ਬਣਾਉਣ ਲਈ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ ਤੇ ਚੁਣੀਆਂ ਹੋਈਆਂ ਹਕੂਮਤਾਂ ਦੇ ਅਸਲ ਮਾਲਕ ਭਾਰਤ ਦੇ ਲੋਕ ਹਨ, ਜਿਨਾ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਦੇ ਪ੍ਰਤੀਨਿਧੀਆਂ ਕਾਨੂੰਨ ਬਣਾਉਣੇ ਤੇ ਲੋਕ ਵਿਨਰੋਧੀ ਬਣੇ ਕਾਨੂੰਨਾਂ ਨੂੰ ਰੱਦ ਕਰਨਾ ਹੁੰਦਾ ਹੈ । ਉਹਨਾਂ ਸਰਕਾਰ ਨੂੰ ਕਿਹਾ ਕਿ ਦੇਸ਼ ਦਾ ਵੋਟਰ ਸਰਕਾਰ ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਤੇ ਭਵਿੱਖ ਵਿੱਚ ਉਹ ਹਕੂਮਤ ਪੱਲਟਣ ਦਾ ਹੱਕ ਰੱਖਦੇ ਹਨ। ਇਸ ਵੇਲੇ ਭਾਰਤੀ ਲੋਕ ਹੀ ਨਹੀ ਵਿਸ਼ਵ ਭਰ ਦੇ ਅਵਾਮ ਦੀਆਂ ਨਜ਼ਰਾਂ ਚੱਲ ਰਹੇ ਕਿਸਾਨ ਅੰਦੋਲਨ 'ਚ ਲੱਗੀਆਂ ਹਨ। ਰਵੀਇੰਦਰ ਸਿੰਘ ਮੰਗ ਕੀਤੀ ਕਿ ਸਰਦ ਰੁੱਤ ਦਾ ਸ਼ੈਸਨ ਤੁਰੰਤ ਸੱਦ ਕੇ ਸਭ ਤੋਂ ਭੱਖ ਰਿਹਾ ਕਿਸਾਨ ਮਜ਼ਦੂਰ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਜੋ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਬਰਕਰਾਰ ਰਹਿ ਸਕਣ।