ਅਸ਼ੋਕ ਵਰਮਾ
ਬਠਿੰਡਾ,21 ਦਸੰਬਰ 2020: ‘ਦਿੱਲੀ ਘੋਲ’ ਦਾ ਹੀ ਸਿੱਟਾ ਹੈ ਕਿ ਕਿਸਾਨ ਸੰਘਰਸ਼ ਲਈ ਕੁੱਝ ਵੀ ਕਰ ਗੁਜ਼ਰਨ ਲਈ ਤਿਆਰ ਹਨ। ਜੋ ਕਿਸਾਨ ਮੋਰਚੇ ਤੇ ਡਟੇ ਹੋਏ ਹਨ ਉਹਨਾਂ ਲਈ ਦਿੱਲੀ ਮੋਰਚਾ ਹੀ ਸਭ ਕੁੱਝ ਹੈ ਜਦੋਂਕਿ ਜੋ ਪਿੱਛੇ ਬੈਠੇ ਹਨ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਦਿਲਾਂ ਦੇ ਦਰਵਾਜੇ ਖੋਹਲਣ ਦਾ ਫੈਸਲਾ ਕਰ ਲਿਆ ਹੈ। ਵੱਡੀ ਗੱਲ ਹੈ ਕਿ ਘਰ ਭਾਵੇਂ ਰੁੱਖੀ ਮਿੱਸੀ ਬਣ ਜਾਵੇ ਮੋਰਚਾ ਸੰਭਾਲੀ ਬੈਠੇ ਕਿਸਾਨਾਂ ਨੂੰ ਕੋਈ ਤੋਟ ਨਹੀਂ ਆਉਣੀ ਚਾਹੀਦੀ। ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ’ਚ ਜਦੋਂ ਲੰਗਰ ਛਕਣ ਤੋਂ ਬਾਅਦ ਮੂੰਹ ਮਿੱਠਾ ਕਰਨ ਦੀ ਗੱਲ ਤੁਰੀ ਤਾਂ ਪਿੰਡ ਵਾਸੀਆਂ ਨੇ ਰਾਤੋ ਰਾਤ ਗਜ਼ਰੇਲਾ ਤਿਆਰ ਕਰ ਲਿਆ।
ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਤਿੰਨ ਪਿੰਡਾਂ ’ਚ ਦੁੱਧ ਲਈ ਹੋਕਾ ਦਿੱਤਾ ਗਿਆ ਤਾਂ ਲੋਕਾਂ ਦੁੱਧ ਪਹੰਚਾਉਣ ਲਈ ਵਹੀਰਾਂ ਘੱਤ ਦਿੱਤੀਆਂ। ਉਹਨਾਂ ਦੱਸਿਆ ਕਿ ਪਿੱਛੋ ਤਾਂ ‘ਫਿਰ ਕਦੇ ਸਹੀ’ ਆਖਣਾ ਪਿਆ ਹੈ। ਉਹਨਾਂ ਦੱਸਿਆ ਕਿ ਜਦੋਂ ਗਜਰੇਲਾ ਤਿਆਰ ਹੋ ਗਿਆ ਹੈ ਤਾਂ ਜੈਕਾਰਿਆਂ ਦੀ ਗੂੰਜ ’ਚ ਦਿੱਲੀ ਰਵਾਨਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗੁਰੂ ਘਰ ’ਚ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਜੋਰਦਾਰ ਨਾਅਰੇਬਾਜੀ ਦੌਰਾਨ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਮੋਰਚੇ ’ਚ ਬੈਠੇ ਕਿਸਾਨਾਂ ਨੂੰ ਲੰਗਰ ਜਾਂ ਖਾਣ ਪੀਣ ਵਾਲੀਆਂ ਵਸਤਾਂ ਦੀ ਤੋਟ ਨਾਂ ਆਉਣ ਦੇਣ।
ਉਹਨਾਂ ਆਖਿਆ ਕਿ ਪਹਿਲਾਂ ਵਾਲੀ ਅਜਾਦੀ ਦਾ ਤਾਂ ਪਤਾ ਨਹੀਂ ਪਰ ਹੁਣ 75 ਸਾਲ ਬਾਅਦ ਆਪਾਂ ਨੂੰ ਅਸਲ ਅਜਾਦੀ ਮਿਲਣ ਲਗੀ ਹੈ ਇਸ ਲਈ ਆਪਣਾ ਫਰਜ ਬਣਾ ਹੈ ਕਿ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ। ਇਸ ਮੌਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ‘ਕਾਲੇ ਕਾਨੂੰਨ ਰੱੱਦ ਕਰੋ,ਮੋਦੀ ਸਰਕਾਰ ਮੁਰਦਾਬਾਦ ਅਤੇ ਕਿਸਾਨ ਮਜਦੂਰ ਏਕਤਾ ਜਿੰਦਬਾਦ ਦੇ ਨਾਅਰੇ ਵੀ ਲਾਏ। ਪਿੰਡ ਵਾਸੀ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਧਰਮਪਾਲ ਸਿੰਘ ਬਹਾਦਰਗੜ੍ਹ ਜੰਡੀਆਂ ਦਾ ਕਹਿਣਾ ਸੀ ਕਿ ਇਕੱਲੇ ਕਿਸਾਨਾਂ ਲਈ ਹੀ ਨਹੀਂ ਬਲਕਿ ਹੋਰ ਵੀ ਵਰਗਾਂ ਵਾਸਤੇ ਦਿੱਲੀ ਮੋਰਚਾ ਹੀ ਜ਼ਿੰਦਗੀ ਬਣ ਗਿਆ ਹੈ।
ਉਹਨਾਂ ਆਖਿਆ ਕਿ ਹੁਣ ਤਾਂ ਪਿੰਡਾਂ ’ਚ ਹਰ ਕੋਈ ਅਵਾਜਾਂ ਮਾਰ ਕੇ ਪੁੱਛਣ ਲੱਗਿਆ ਹੈ ‘ਪ੍ਰਧਾਨ ਜੀ ਸੇਵਾ ਦੱਸਿਓ’ ਆਪਾਂ ਜੰਗ ਜਿੱਤਣੀ ’ ਹੈ। ਉਹਨਾਂ ਆਖਿਆ ਕਿ ਦਿੱਲੀ ਮੋਰਚਾ ਕਿਸ ਕਰਵਟ ਬੈਠਦਾ ਹੈ ਇਹ ਵੱਖਰੀ ਗੱਲ ਹੈ ਮੋਰਚੇ ਨੇ ਪੇਂਡੂ ਲੋਕ ਇੱਕ ਧਾਗੇ ’ਚ ਪਰੋ ਦਿੱਤੇ ਹਨ। ਕਿਸਾਨਾਂ ਨੇ ਆਖਿਆ ਕਿ ਹੁਣ ਤੱਕ ਮੋਦੀ ਦਾ ਵਾਹ ਭੁੱਖ ਹੜਤਾਲੀਆਂ ਨਾਲ ਪੈਂਦਾ ਰਿਹਾ ਹੈ ਪਰ ਹੁਣ ਉਸ ਦੇ ਹੱਥ ‘ਰੱਜ ਹੜਤਾਲੀਆਂ’ ਨਾਲ ਜੁੜੇ ਹਨ। ਕਿਸਾਨ ਆਖਦੇ ਹਨ ਕਿ ਮੋਦੀ ਸਰਕਾਰ ਕਿਸਾਨਾਂ ਦਾ ਦਮ ਪਰਖਣਾ ਚਾਹੁੰਦੀ ਹੈ ਪਰ ਉਹ ਹਰ ਪ੍ਰੀਖਿਆ ਦੇਣ ਨੂੰ ਤਿਆਰ ਹਨ।
ਮਾਲਵੇ ਦੇ ਬਰਨਾਲਾ ’ਚ ਵੀ ਵੱਖ ਵੱਖ ਵਰਗਾਂ ਨੇ ਕਿਸਾਨ ਮੋਰਚੇ ਲਈ ਦਿਲ ਖੋਹਲ ਦਿੱਤੇ ਹਨ। ਇੰਡੀਅਨ ਐਕਸ ਸਰਵਿਸ ਮੈਨ ਲੀਗ ਦੀ ਅਗਵਾਈ ਹੇਠ ਸਾਬਕਾ ਫੌਜੀ ਖੇਤਾਂ ਦੀ ਜੰਗ ’ਚ ਆਹੁਤੀ ਪਾਉਣ ਲਈ 11 ਹਜਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕਰਕੇ ਗਏ ਹਨ। ਪਿੰਡ ਮਾਗੇਵਾਲ ਦਾ ਪ੍ਰੀਵਾਰ ਪੰਜ ਹਜਾਰ ਰੁਪਿਆ ਭੇਂਟ ਕਰਕੇ ਗਿਆ ਹੈ। ਸੇਵਾਮੁਕਤ ਖੇਤੀਬਾੜੀ ਅਫਸਰ ਆਪਣੀ ਨੇਕ ਕਮਾਈ ਚੋਂ 50 ਹਜਾਰ ਰੁਪਿਆ ਬਰਨਾਲਾ ਮੋਰਚੇ ’ਚ ਦੇ ਗਿਆ ਹੈ। ਸ੍ਰੀ ਸਿੱਧੂ ਦਾ ਕਹਿਣਾ ਸੀ ਕਿ ਹੋਰ ਸਭ ਕਾਸੇ ਤੋਂ ਤਾਂ ਬਚ ਜਾਵਾਂਗੇ, ਖੇਤੀ ਕਾਨੂੰਨਾਂ ਤੋਂ ਬਚਣਾ ਮੁਸ਼ਕਲ ਹੈ। ਬਠਿੰਡਾ ਦਾ ਸਮਾਜਸੇਵੀ ਗੁਰਵਿੰਦਰ ਸ਼ਰਮਾ ਆਪਣੇ ਸਾਥੀਆਂ ਨਾਲ ਦਿੱਲੀ ’ਚ ਰੋਜਾਨਾ ਵਰਤੋਂ ਦਾ ਸਮਾਨ ਵੰਡ ਕੇ ਆਇਆ ਹੈ।
ਲੋਕ ਕੁੱਝ ਵੀ ਕਰਨ ਨੂੰ ਤਿਆਰ:ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਆਖਦੇ ਹਨ ਕਿ ਲੰਮੇ ਸਮੇਂ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਸੰਘਰਸ਼ ਦਾ ਤੇਜ ਤਪਸ਼ ਵਾਲਾ ਸੂਰਜ ਚੜ੍ਹਿਆ ਹੈ ਜਿਸ ਕਰਕੇ ਪੰਜਾਬ ਦੇ ਲੋਕ ਕੁੱਝ ਵੀ ਕਰ ਗੁਜ਼ਰਨ ਨੂੰ ਤਿਆਰ ਹਨ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੇ ਪੰਜਾਬ ਦੀ ਕਿਸਾਨੀ,ਮਜਦੂਰਾਂ ਅਤੇ ਵੱਖ ਵੱਖ ਵਰਗਾਂ ਨੂੰ ਹਲੂਣ ਦਿੱਤਾ ਹੈ। ਉਹਨਾਂ ਆਖਿਆ ਕਿ ਸੰਘਰਸ਼ੀ ਅਖਾੜੇ ’ਚ ਜਾਣ ਵਾਲੇ ਤਾਂ ਇੱਕ ਪਾਸੇ ਪਹਿਲੀ ਵਾਰ ਨਿੱਤਰੇ ਕਿਸਾਨਾਂ ਦੇ ਰੋਹ ਦੀ ਮੜਕ ਦੇਖਣ ਵਾਲੀ ਹੈ ਜੋ ਧਰਵਾਸਾ ਦੇਣ ਵਾਲੀ ਹੈ ਕਿ ਜਿੱਤ ਕਿਸਾਨਾਂ ਦੀ ਹੋਣੀ ਤੈਅ ਹੈ। ਉਹਨਾਂ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਅੜੀ ਤਿਆਗੇ ਅਤੇ ਖੇਤੀ ਕਾਨੂੰਨ ਰੱਦ ਕਰੇ।
ਇਖਲਾਕੀ ਫਰਜ਼ ਬਣਿਆ ਮੋਰਚਾ:ਬੁਰਜਸੇਮਾਂ
ਇਕੱਲਾ ਬਹਾਦਰਗੜ ਜੰਡੀਆਂ ਹੀ ਨਹੀਂ ਮਾਲਵਾ ਖਿੱਤੇ ਦੇ ਦਰਜਨਾਂ ਪਿੰਡਾਂ ਚੋਂ ਦਿੱਲੀ ਮੋਰਚੇ ਲਈ ਹਰ ਤਰਾਂ ਦਾ ਸਮਾਨ ਭੇਜਿਆ ਜਾ ਰਿਹਾ ਹੈ। ਮਾਲਵੇ ਦੇ ਪਿੰਡਾਂ ਚੋਂ ਕਿਸਾਨ ਮੋਰਚੇ ਲਈ ਲੱਕੜਾਂ ਭੇਜੀਆਂ ਜਾ ਰਹੀਆਂ ਹਨ ਜਦੋਂਕਿ ਹੋਰ ਵੀ ਵੱਖ ਵੱਖ ਤਰਾਂ ਦਾ ਸਮਾਨ ਲੋਕ ਭੇਂਟ ਕਰ ਰਹੇ ਹਨ। ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾਂ ਆਖਦਾ ਹੈ ਕਿ ਕਿਸਾਨ ਅੰਦੋਲਨ ਸਰਬ ਸਾਂਝਾ ਘੋਲ ਬਣ ਗਿਆ ਹੈ, ਜਿਸ ’ਚ ਹਿੱਸੇਦਾਰੀ ਪਾਉਣਾ ਹਰ ਕੋਈ ਆਪਣਾ ਇਖਲਾਕੀ ਫਰਜ ਸਮਝਣ ਲੱਗਿਆ ਹੈ। ਉਹ ਦੱਸਦਾ ਹੈ ਕਿ ਦਿੱਲੀ ਮੋਰਚੇ ਮਗਰੋਂ ਦੱਸਿਆ ਕਿ ਦੁਨੀਆਂ ਵਿਚ ਪੰਜਾਬੀਆਂ ਦੀ ਸੰਘਰਸ਼ੀ ਭੱਲ ਵਧੀ ਹੈ।