ਰਜਨੀਸ਼ ਸਰੀਨ
ਨਵਾਂਸ਼ਹਿਰ 26 ਦਸੰਬਰ 2020 - ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਜਨਤਾ ਪਾਰਟੀ ਦੀ ਜਿਲਾ ਪ੍ਰਧਾਨ ਪੂਨਮ ਮਾਨਿਕ ਦੇ ਘਰ ਦਾ ਘਿਰਾਓ ਕੀਤਾ ਗਿਆ ਜੋ ਤਿੰਨ ਘੰਟੇ ਜਾਰੀ ਰਿਹਾ ।ਲੋਕ ਪਹਿਲਾਂ ਰਿਲਾਇੰਸ ਦੇ ਸਮਾਰਟ ਸਟੋਰ ਦੇ ਅੱਗੇ ਇਕੱਠੇ ਹੋਏ ਜਿੱਥੋਂ ਸ਼ਹਿਰ ਵਿਚ ਮੁਜਾਹਰਾ ਕਰਕੇ ਭਾਜਪਾ ਆਗੂ ਦੇ ਘਰ ਅੱਗੇ ਧਰਨਾ ਮਾਰਿਆ ਗਿਆ ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਆਖਿਆ ਕਿ ਇਹ ਘਿਰਾਓ 32 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ਤੇ ਕੀਤਾ ਗਿਆ ਹੈ ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਾਸੀਆਂ ਨਾਲ ਧੋਖੇ ਦੀ ਰਾਜਨੀਤੀ ਕਰ ਰਹੀ ਹੈ ।ਖੁਦ ਭਰਮ ਫੈਲਾਉਣ ਵਾਲੀ ਇਹ ਪਾਰਟੀ ਅੰਦੋਲਨਕਾਰੀ ਕਿਸਾਨਾਂ ਨੂੰ ਭ੍ਰਮਤ ਹੋਏ ਦਸ ਰਹੀ ਹੈ ।ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ।ਉਹਨਾਂ ਕਿਹਾ ਕਿ ਕਿਸਾਨ ਹੁਣ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ ।
ਆਗੂਆਂ ਨੇ ਆਖਿਆ ਕਿ 27 ਦਸੰਬਰ ਨੂੰਸਵੇਰੇ 11ਵਜੇ ਤੋਂ 12 ਵਜੇ ਤਕ ਜਦੋਂ ਪ੍ਰਧਾਨ ਮੰਤਰੀ ' ਮੰਨ ਕੀ ਬਾਤ ' ਰਾਹੀਂ ਸੰਬੋਧਿਤ ਹੋਣਗੇ ,ਲੋਕ ਥਾਲੀਆਂ ਖੜਕਾ ਕੇ ਇਸਦਾ ਵਿਰੋਧ ਕਰਨ ।ਇਸ ਇਕੱਠ ਨੂੰ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂ ਸਿਮਰਨਜੀਤ ਕੌਰ ਸਿੰਮੀ, ਮੱਖਣ ਸਿੰਘ ਭਾਨਮਜਾਰਾ,ਪਰਮਜੀਤ ਸਿੰਘ ਸ਼ਹਾਬਪੁਰ, ਆਟੋ ਵਰਕਰਜ਼ ਯੂਨੀਅਨ ਦੇ ਆਗੂ ਪੁਨੀਤ ਕੁਮਾਰ, ਬਿੱਲਾ ਗੁੱਜਰ, ਰੋਡਵੇਜ਼ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਸੋਇਤਾ ਅਤੇ ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਰਾਮ ਨੇ ਵੀ ਸੰਬੋਧਨ ਕੀਤਾ । ਇਸ ਘਿਰਾਓ ਵਿਚ ਔਰਤਾਂ ਨੇ ਵੀ ਕਾਫੀ ਗਿਣਤੀ ਵਿਚ ਸ਼ਮੂਲੀਅਤ ਕੀਤੀ ।