- ਕਿਹਾ, 2000 ਰੁਪਏ ਨਾਲ ਕਿਸਾਨ ਆਪਣੇ ਪਰਿਵਾਰ ਦਾ 4 ਮਹੀਨੇ ਗੁਜਾਰਾ ਨਹੀ ਚਲਾ ਸਕਦਾ
ਲੁਧਿਆਣਾ, 26 ਦਸੰਬਰ 2020 - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ 18000 ਕਰੋੜ ਰੁਪਏ, ਜੋਕਿ ਹਰੇਕ ਕਿਸਾਨ ਪਰਿਵਾਰ ਦੇ ਹਿੱਸੇ ਸਿਰਫ 2000 ਰੁਪਏ ਆਉਂਦੇ ਹਨ ਪਾਉਣ ਉਪਰੰਤ ਦਿੱਤੇ ਭਾਸ਼ਨ 'ਤੇ ਟਿੱਪਣੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮਦਦ ਨਹੀ ਸਗੋਂ ਕਿਸਾਨੀ ਜਮੀਨਾਂ ਦੀ ਸਾਈ ਦਿੱਤੀ ਜਾ ਰਹੀ ਹੈ, ਕਾਨੂੰਨ ਲਾਗੂ ਹੋਣ ਤੋਂ ਲਗਭਗ ਇਕ ਸਾਲ ਬਾਅਦ ਬਿਆਨਾ ਤੇ ਫਿਰ ਵਾਰੀ ਵਾਰੀ ਸਾਰੀਆਂ ਜਮੀਨਾਂ ਦੀ ਕੁਰਕੀ ਕਰਨ ਦੀ ਸਾਜਿਸ਼ ਰਚੀ ਗਈ ਹੈ।
ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਨਾ-ਮਾਤਰ ਰਾਸ਼ੀ ਦੇ ਕੇ ਦੇਸ਼ ਦੇ ਅੰਨਦਾਤਾ ਨੂੰ ਭਿਖਾਰੀ ਹੋਣ ਦਾ ਅਹਿਸਾਸ ਕਰਵਾ ਰਹੀ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਭੀਖ ਨੂੰ ਵਾਪਸ ਕਰਕੇ ਅੰਨਦਾਤਾ ਹੋਣ ਦਾ ਸਬੂਤ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੇ ਬਿਆਨ ਹੀ ਆਪਸ ਵਿਚ ਨਹੀ ਮਿਲਦੇ, ਪ੍ਰਧਾਨ ਮੰਤਰੀ ਕੁਝ ਕਹਿੰਦੇ ਹਨ, ਕੇਂਦਰੀ ਖੇਤੀ ਬਾੜੀ ਮੰਤਰੀ ਤੋਮਰ ਕੁੱਝ ਹੋਰ ਬਿਆਨ ਕਰਦੇ ਹਨ ਤੇ ਹੁਣ ਦੇਸ਼ ਦੇ ਰੱਕਿਆਂ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਇਕ ਦੋ ਸਾਲ ਚੱਲਣ ਦੇਣ ਦਾ ਬਿਆਨ ਦੇ ਕੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ।
ਬੈਂਸ ਨੇ ਕਿਹਾ ਕਿ ਦੇਸ਼ ਦੇ ਕੁੱਝ ਕੁ ਉਦਯੋਗਿਕ ਘਰਾਣਿਆਂ ਦੇ ਦਬਾਓ ਹੇਠ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਆਪਣੀਆਂ ਹੀ ਜਮੀਨਾਂ ਵਿਚ ਬੰਧੂਆ ਮਜਦੂਰ ਬਣਾਉਣ ਦੀਆਂ ਸਾਜਿਸ਼ਾਂ ਰੱਚ ਰਹੀ ਹੈ ਅਤੇ ਨਕਲੀ ਕਿਸਾਨ ਜੱਥੇਬੰਦਆਂ ਬਣਾ ਕੇ ਗੋਦੀ ਮੀਡੀਆ ਰਾਂਹੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ। ਉਨਾ ਕਿਹਾ ਕਿ ਦੇਸ਼ ਦੇ ਕਿਸਾਨਾ ਤੇ ਅੱਤਵਾਦੀ, ਵੱਖਵਾਦੀ, ਮਾਓਵਾਦੀ ਅਤੇ ਵਿਰੋਧੀ ਪਾਰਟੀਆਂ ਦੀ ਸ਼ਹਿ ਹੇਠ ਸੰਘਰਸ਼ ਕਰਨ ਦੇ ਦੋਸ਼ ਲਾਉਣ ਦੀ ਬਜਾਇ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਵੇ ਕੇਂਦਰ ਸਰਕਾਰ।
ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਇਹ ਕਾਨੂੰਨ ਰੱਦ ਕੀਤੇ ਜਾਣ ਕਿਤੇ ਲੇਟ ਲਤੀਫੀ ਕਾਰਨ ਦੇਸ਼ ਦੇ ਹਾਲਾਤ ਨਾ ਵਿਗੜ ਜਾਣ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਜਗਜੀਤ ਸਿੰਘ ਰੁੜਕਾ, ਜੱਸ ਮਾਂਗਟ, ਜਰਨੈਲ ਸਿੰਘ ਡੇਹਲੋਂ, ਕਮਲ ਡੇਹਲੋਂ, ਪਵਿੱਤਰ ਸਿੰਘ, ਸੰਕਰ ਆਦਿ ਹਾਜ਼ਰ ਸਨ।