ਹੈਦਰਾਬਾਦ, 30 ਦਸੰਬਰ 2020 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਅੱਜ ਹੈਦਰਾਬਾਦ(ਤਿਲੰਗਾਨਾ) ਵਿਖੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਕੀਤੀ ਜਾਣ ਵਾਲੀ ਰੈਲੀ ਦੀ ਥਾਂ ਉੱਤੇ ਪੁਲੀਸ ਵੱਲੋਂ ਰੋਕ ਲਾਉਣ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਵੱਲੋਂ ਰੈਲੀ ਕੀਤੀ ਅਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਇਲਾ ਚੰਦਰਸ਼ੇਖਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਪੰਜਾਬ ਸਤਬੀਰ ਸਿੰਘ ਸੁਲਤਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਹਨ ਅਸਲ ਦੇ ਵਿੱਚ ਇਹ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਸਰਕਾਰ ਨੇ ਕਿਸਾਨਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਦਾ ਏਜੰਡਾ ਲਾਗੂ ਕੀਤਾ ਹੈ।ਉਨ੍ਹਾਂ ਕਿਹਾ ਕਿ ਖੇਤੀ ਕੋਈ ਵਪਾਰਕ ਅਦਾਰਾ ਨਹੀਂ ਇਹ ਸੇਵਾਵਾਂ ਦੇ ਅਦਾਰੇ ਵੱਚ ਆਉਂਦਾ ਹੈ। ਇਸ ਕਰਕੇ ਖੇਤੀ ਤੇ ਵਪਾਰਕ ਕਾਨੂੰਨ ਲਾਗੂ ਨਹੀਂ ਹੋ ਸਕਦੇ। ਕੇਂਦਰ ਸਰਕਾਰ ਨੇ ਸੰਵਿਧਾਨ ਦੇ ਨਾਲ ਛੇੜਛਾੜ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ।
ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਆਗੂ ਕੇ. ਰਮਈਆ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਵਲ ਮੰਗਾਂ ਲਈ ਨਹੀਂ ਇਹ ਉਨ੍ਹਾਂ ਦੀ ਜ਼ਿੰਦਗੀ ਮੌਤ ਦਾ ਸੰਘਰਸ਼ ਹੈ।ਉਨ੍ਹਾਂ ਟੀਆਰਐਸ ਤੇ ਹਮਲਾ ਬੋਲਦਿਆਂ ਕਿਹਾ ਕਿ ਇੱਥੋਂ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਮੁਜ਼ਾਹਰੇ ਨੂੰ ਰੋਕਣਾ ਤੇ ਰੈਲੀ ਲਈ ਜਗ੍ਹਾ ਨਾ ਦੇਣ ਦਾ ਸਾਫ਼ ਮਤਲਬ ਹੈ ਕਿ ਉਹ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਅਤੇ ਅਸਲ ਵਿੱਚ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਤਿਲੰਗਾਨਾ ਦੇ ਹਜ਼ਾਰਾਂ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਇੱਥੋਂ ਦੇ ਕਿਸਾਨਾਂ ਨੂੰ ਐਮਐਸਪੀ ਤੋਂ ਕਿਤੇ ਘੱਟ ਰੇਟ ਮਿਲ ਰਿਹਾ ਹੈ। ਵਪਾਰੀਆਂ ਵੱਲੋਂ ਕਿਸਾਨਾਂ ਦੀ ਜ਼ਬਰਦਸਤ ਲੁੱਟ ਕੀਤੀ ਜਾ ਰਹੀ ਹੈ।
ਇਕ ਮਤੇ ਰਾਹੀਂ ਕਿਸਾਨਾਂ ਨੇ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।